- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖਬਰ-ਫੁਲਕਾਰੀ ਤੋਂ ਪੱਖੀ ਬੁਣਾਈ ਤੱਕ ਪੀਏਯੂ ਦੇ ਵਿਦਿਆਰਥੀਆਂ ਨੇ ਵਿਖਾਈ ਪੰਜਾਬੀ ਵਿਰਸੇ ਦੀ ਝਲਕ

-ਯੁਵਕ ਮੇਲੇ ਦਾ ਪਹਿਲਾ ਪੜਾਅ ਸਮਾਪਤ
ਫੋਟੋ ਨੰਬਰ-43,44,45
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਚੱਲ ਰਹੇ ਯੁਵਕ ਮੇਲੇ ਦੇ ਪਹਿਲੇ ਗੇੜ ਦੇ ਵਿਰਾਸਤੀ ਲੋਕ ਕਲਾਵਾਂ, ਸਾਹਿਤਕ ਅਤੇ ਕੋਮਲ ਕਲਾਵਾਂ ਨਾਲ ਸਬੰਧਤ ਵੱਖ-ਵੱਖ ਮੁਕਾਬਲੇ ਸੋਮਵਾਰ ਨੂੰ ਸਮਾਪਤ ਹੋ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਅਮੀਰ ਵਿਰਸੇ ਅਤੇ ਲੋਕ ਕਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਲੇ ਵਿੱਚ ਰੰਗਲੇ ਵਿਰਾਸਤੀ ਮਾਹੌਲ ਦੀ ਸਿਰਜਣਾ ਕੀਤੀ। ਮੁਕਾਬਲਿਆਂ ਵਿੱਚ ਫੁਲਕਾਰੀ ਕੱਢਣਾ, ਪੱਖੀ ਬੁਣਨਾ, ਦਸੂਤੀ ਦੀ ਕਢਾਈ, ਗੁੱਡੀਆਂ-ਪਟੋਲੇ ਬਣਾਉਣਾ, ਬੁਣਤੀ, ਸਿਰਜਣਾਤਮਕ ਲੇਖਣ ਅਤੇ ਵਾਦ-ਵਿਵਾਦ ਵਰਗੀਆਂ ਵੰਨਗੀਆਂ ਸ਼ਾਮਲ ਸਨ। ਵਿਦਿਆਰਥੀਆਂ ਨੇ ਲੋਕ ਚੇਤਿਆਂ ਵਿੱਚੋਂ ਹੌਲੀ-ਹੌਲੀ ਵਿਸਰ ਰਹੀਆਂ ਇਨ੍ਹਾਂ ਰਵਾਇਤੀ ਕਲਾਵਾਂ ਵਿੱਚ ਆਪਣੀ ਮੁਹਾਰਤ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਲਾ ਅਤੇ ਸਿਰਜਣਾਤਮਕਤਾ ਨੇ ਇਹ ਸਾਬਤ ਕੀਤਾ ਕਿ ਨਵੀਂ ਪੀੜ੍ਹੀ ਆਪਣੇ ਵਿਰਸੇ ਨਾਲ ਡੂੰਘੀ ਸਾਂਝ ਰੱਖਦੀ ਹੈ।ਅੱਜ ਦੇ ਮੁਕਾਬਲਿਆਂ ਦੇ ਮੁੱਖ ਮਹਿਮਾਨ ਪੀਏਯੂ ਦੇ ਅਪਰ ਨਿਰਦੇਸ਼ਕ ਸੰਚਾਰ ਅਤੇ ਮਿਲਖ ਅਧਿਕਾਰੀ ਡਾ. ਤੇਜਿੰਦਰ ਸਿੰਘ ਰਿਆੜ ਸਨ। ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਰਿਆੜ ਨੇ ਕਿਹਾ ਕਿ ਪੀਏਯੂ ਨੇ ਸ਼ੁਰੂ ਤੋਂ ਹੀ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੀਆਂ ਉੱਚੀਆਂ ਕਦਰਾਂ-ਕੀਮਤਾਂ ਦੀ ਸੰਭਾਲ ਅਤੇ ਪ੍ਰਫੁੱਲਤਾ ਲਈ ਆਪਣੀ ਵਚਨਬੱਧਤਾ ਨਿਭਾਈ ਹੈ। ਇਸੇ ਦਾ ਨਤੀਜਾ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਨਾ ਸਿਰਫ਼ ਲੋਕ ਕਲਾਵਾਂ ਬਾਰੇ ਜਾਗਰੂਕ ਹਨ, ਸਗੋਂ ਇਨ੍ਹਾਂ ਕਲਾਵਾਂ ਵਿੱਚ ਆਪਣੀ ਪ੍ਰਬੀਨਤਾ ਦਾ ਪ੍ਰਗਟਾਵਾ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਨਿਰੋਗੀ ਅਤੇ ਸਿਹਤਮੰਦ ਸੱਭਿਆਚਾਰ ਦੀ ਉਸਾਰੀ ਲਈ ਭਵਿੱਖ ਵੱਲ ਨਜ਼ਰ ਰੱਖਣ ਦੇ ਨਾਲ-ਨਾਲ ਆਪਣੇ ਵਿਰਸੇ ਨੂੰ ਸੰਭਾਲਣਾ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਪੀਏਯੂ ਦੇ ਵਿਦਿਆਰਥੀ ਆਪਣੀ ਇਸ ਜ਼ਿੰਮੇਵਾਰੀ ਤੋਂ ਭਲੀ-ਭਾਂਤ ਜਾਣੂ ਹਨ। ਡਾ. ਰਿਆੜ ਨੇ ਸੁਝਾਅ ਦਿੱਤਾ ਕਿ ਹੋਰ ਵਿਦਿਅਕ ਸੰਸਥਾਵਾਂ ਨੂੰ ਵੀ ਵਿਰਾਸਤੀ ਕਲਾਵਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਮੁਕਾਬਲੇ ਕਰਵਾਉਣੇ ਚਾਹੀਦੇ ਹਨ।
-ਬਾਕਸ-
-ਕੱਲ ਯੁਵਕ ਮੇਲੇ ਦਾ ਰਸਮੀ ਉਦਘਾਟਨ ਕਰਨਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਮੁੱਖ ਮਹਿਮਾਨ ਅਤੇ ਹਾਜ਼ਰ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਹਿਤਕ, ਕੋਮਲ ਕਲਾਵਾਂ ਅਤੇ ਸੁਹਜ ਨਾਲ ਸਬੰਧਤ ਮੁਕਾਬਲੇ ਅੱਜ ਸਮਾਪਤ ਹੋ ਰਹੇ ਹਨ, ਜਦਕਿ ਯੁਵਕ ਮੇਲੇ ਦਾ ਰਸਮੀ ਆਗਾਜ਼ 4 ਨਵੰਬਰ ਨੂੰ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਖੇ ਹੋਵੇਗਾ। ਇਸ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਵਿੱਤ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਹੋਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਕਰਨਗੇ। ਅੰਤ ਵਿੱਚ ਸੱਭਿਆਚਾਰਕ ਗਤੀਵਿਧੀਆਂ ਬਾਰੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਲਾਇਬ੍ਰੇਰੀਅਨ ਡਾ. ਯੋਗਿਤਾ ਸ਼ਰਮਾ ਅਤੇ ਡਾ. ਨੀਨਾ ਸਿੰਗਲਾ ਵੀ ਮੌਜੂਦ ਸਨ।
-ਤੀਜੇ ਦਿਨ ਦੇ ਮੁਕਾਬਲਿਆਂ ਦੇ ਨਤੀਜੇ
ਮੁਕਾਬਲਿਆਂ ਦੇ ਨਿਰਣਾਇਕਾਂ ਵਜੋਂ ਡਾ. ਜਸਵਿੰਦਰ ਸਿੰਘ ਸੈਣੀ, ਡਾ. ਨੀਤੂ ਕੌਸ਼ਲ, ਡਾ. ਨਵਸ਼ਗਨਦੀਪ ਕੌਰ, ਡਾ. ਬਲਜੀਤ ਕੌਰ, ਡਾ. ਪ੍ਰਭਲੀਨ ਕੌਰ, ਡਾ. ਮਨੋਜ ਕੁਮਾਰ, ਚਰਨਜੀਤ ਕੌਰ ਬਰਾੜ ਅਤੇ ਬਲਜਿੰਦਰ ਕੌਰ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਯੁਵਕ ਮੇਲੇ ਦੇ ਤੀਜੇ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਅਤੇ ਕਾਲਜਾਂ ਦੇ ਨਤੀਜੇ ਇਸ ਪ੍ਰਕਾਰ ਰਹੇ-
-ਮੁਹਾਵਰੇਦਾਰ ਵਾਰਤਾਲਾਪ
ਬਾਗਬਾਨੀ ਕਾਲਜ
ਖੇਤੀਬਾੜੀ ਕਾਲਜ, ਬੱਲੋਵਾਲ
ਕਮਿਊਨਿਟੀ ਸਾਇੰਸ ਕਾਲਜ
-ਕਵੀਸ਼ਰੀ
ਖੇਤੀ ਇੰਜਨੀਅਰਿੰਗ ਕਾਲਜ
ਕਮਿਊਨਿਟੀ ਸਾਇੰਸ ਕਾਲਜ
ਖੇਤੀਬਾੜੀ ਕਾਲਜ
-ਇਨੂੰ ਬਣਾਉਣਾ
ਗੁਰਜੋਤ ਕੌਰ, ਬੇਸਿਕ ਸਾਇੰਸਜ਼ ਕਾਲਜ
ਰਵਨੀਤ ਕੌਰ, ਕਮਿਊਨਿਟੀ ਸਾਇੰਸ ਕਾਲਜ
ਸਿਮਰਪ੍ਰੀਤ ਕੌਰ, ਕਮਿਊਨਿਟੀ ਸਾਇੰਸ ਕਾਲਜ
-ਛਿੱਕੂ ਬਣਾਉਣਾ
ਸ਼ਮਨਪ੍ਰੀਤ ਕੌਰ, ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ
ਅਰਸ਼ਪ੍ਰੀਤ ਕੌਰ, ਖੇਤੀਬਾੜੀ ਕਾਲਜ
ਕਸ਼ਿਸ਼, ਕਮਿਊਨਿਟੀ ਸਾਇੰਸ ਕਾਲਜ
-ਨਾਲੇ ਬੁਣਨਾ
ਜਸਮੀਨ ਕੌਰ, ਖੇਤੀਬਾੜੀ ਕਾਲਜ
ਦਿਵਨੀਤ ਕੌਰ, ਬੇਸਿਕ ਸਾਇੰਸਜ਼ ਕਾਲਜ
ਗੀਤਾ ਰਾਣੀ, ਬੇਸਿਕ ਸਾਇੰਸਜ਼ ਕਾਲਜ
-ਪੀੜ੍ਹੀ ਬਣਾਉਣਾ
ਰਣਜੋਧ ਸਿੰਘ, ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ
ਤਨਵੀਨ ਕੌਰ, ਖੇਤੀਬਾੜੀ ਕਾਲਜ
ਨਵਨੀਤ ਕੌਰ, ਬਾਗ਼ਬਾਨੀ ਕਾਲਜ
-ਮਿੱਟੀ ਦੇ ਖਿਡਾਉਣੇ ਬਣਾਉਣਾ
ਦਿਲਸ਼ਾਨ ਕੌਰ, ਖੇਤੀਬਾੜੀ ਕਾਲਜ
ਗਰਿਮਾ, ਬਾਗ਼ਬਾਨੀ ਕਾਲਜ
ਮੁਸਕਾਨ, ਬੇਸਿਕ ਸਾਇੰਸਜ਼ ਕਾਲਜ
-ਕ੍ਰੋਸ਼ੀਆ
ਮਹਿਕਪ੍ਰੀਤ ਕੌਰ, ਬਾਗਬਾਨੀ ਕਾਲਜ
ਅਲੀਸ਼ ਕੰਬੋਜ, ਖੇਤੀਬਾੜੀ ਕਾਲਜ
ਪਲਕ ਕਸ਼ਯਪ, ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ।