- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ-ਤਿਉਹਾਰੀ ਸੀਜ਼ਨ 'ਚ ਫੂਡ ਸੇਫਟੀ ਟੀਮ ਵੱਲੋਂ ਸਖ਼ਤ ਚੈਕਿੰਗ, 10 ਸੈਂਪਲ ਜਾਂਚ ਲਈ ਭਰੇ

1 ਨੰਬਰ ਲਈ)
-ਤਿਉਹਾਰੀ ਸੀਜ਼ਨ 'ਚ ਫੂਡ ਸੇਫਟੀ ਟੀਮ ਨੇ ਭਰੇ 10 ਸੈਂਪਲ
ਸਟੀਵਨ ਗੁਪਤਾ, ਪੰਜਾਬੀ ਜਾਗਰਣ, ਲੁਧਿਆਣਾ
ਦੀਵਾਲੀ ਦੇ ਤਿਉਹਾਰ ਦੌਰਾਨ ਲੋਕਾਂ ਨੂੰ ਮਿਲਾਵਟ ਰਹਿਤ ਅਤੇ ਸੁਰੱਖਿਅਤ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਉਂਦਿਆਂ ਮਠਿਆਈਆਂ ਦੀਆਂ ਦੁਕਾਨਾਂ, ਬੇਕਰੀਆਂ, ਡੇਅਰੀਆਂ ਅਤੇ ਪਨੀਰ ਤਿਆਰ ਕਰਨ ਵਾਲੀਆਂ ਇਕਾਈਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ 10 ਖੁਰਾਕੀ ਵਸਤਾਂ ਦੇ ਸੈਂਪਲ ਭਰਨ ਦੇ ਨਾਲ-ਨਾਲ ਲਗਭਗ 15 ਕਿਲੋ ਮਠਿਆਈਆਂ ਨਸ਼ਟ ਕਰਵਾਈਆਂ ਗਈਆਂ, ਜਦਕਿ ਸਫਾਈ ਦੇ ਮਾਪਦੰਡਾਂ ਦੀ ਪਾਲਣਾ ਨਾ ਕਰਨ ਵਾਲੇ ਦੋ ਕਾਰੋਬਾਰੀਆਂ ਦੇ ਚਲਾਨ ਵੀ ਕੀਤੇ ਗਏ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਡਵੀਜ਼ਨ ਨੰਬਰ-3, ਸੀਐੱਮਸੀ ਚੌਕ, ਭਾਮੀਆਂ ਤੇ ਆਲਮਗੀਰ-ਚੌਰੀ ਸੜਕ ਸਮੇਤ ਕਈ ਇਲਾਕਿਆਂ ਵਿੱਚ ਅਚਾਨਕ ਜਾਂਚ ਕੀਤੀ। ਜਾਂਚ ਦੌਰਾਨ ਮਠਿਆਈਆਂ, ਬੇਕਰੀ ਉਤਪਾਦਾਂ, ਪਨੀਰ ਤੇ ਦੁੱਧ ਤੋਂ ਤਿਆਰ ਹੋਣ ਵਾਲੀਆਂ ਹੋਰ ਖੁਰਾਕੀ ਵਸਤਾਂ ਦੇ ਕੁੱਲ 10 ਸੈਂਪਲ ਲਏ ਹਨ। ਇਨ੍ਹਾਂ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਜਾਵੇਗਾ ਅਤੇ ਰਿਪੋਰਟ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਜਾਂਚ ਦੌਰਾਨ ਕੁਝ ਅਦਾਰਿਆਂ ਵਿੱਚ ਸਫਾਈ ਦੇ ਪ੍ਰਬੰਧ ਤਸੱਲੀਬਖਸ਼ ਨਹੀਂ ਮਿਲੇ, ਜਿਸ ਕਾਰਨ ਦੋ ਅਨਹਾਈਜੈਨਿਕ ਚਲਾਨ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਕਰੀਬ 15 ਕਿਲੋ ਅਜਿਹੀਆਂ ਮਠਿਆਈਆਂ ਵੀ ਨਸ਼ਟ ਕਰਵਾਈਆਂ, ਜਿਨ੍ਹਾਂ ਦੀ ਗੁਣਵੱਤਾ ਅਤੇ ਖਾਣ ਯੋਗ ਹੋਣ ਸਬੰਧੀ ਵਿਭਾਗ ਨੂੰ ਤਸੱਲੀ ਨਹੀਂ ਸੀ। ਵਿਭਾਗ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ। ਡਾ. ਚਾਵਲਾ ਨੇ ਦੁਕਾਨਦਾਰਾਂ ਅਤੇ ਫੂਡ ਬਿਜ਼ਨਸ ਨਾਲ ਜੁੜੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਠਿਆਈਆਂ ਨੂੰ ਖੁੱਲ੍ਹੇ ਵਿੱਚ ਰੱਖਣ ਦੀ ਬਜਾਏ ਢੱਕ ਕੇ ਰੱਖਿਆ ਜਾਵੇ ਅਤੇ ਸਟੋਰੇਜ ਵਾਲੀਆਂ ਥਾਵਾਂ 'ਤੇ ਸਫਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਖਾਣ-ਪੀਣ ਦੀਆਂ ਵਸਤਾਂ ਦੀ ਤਿਆਰੀ ਦੀ ਮਿਤੀ ਅਤੇ ਮਿਆਦ ਪੁੱਗਣ ਦੀ ਤਾਰੀਖ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ। ਜ਼ਿਲ੍ਹਾ ਸਿਹਤ ਅਫ਼ਸਰ ਨੇ ਚਿਤਾਵਨੀ ਦਿੱਤੀ ਕਿ ਦੀਵਾਲੀ ਦੇ ਮੱਦੇਨਜ਼ਰ ਮਿਲਾਵਟਖੋਰੀ, ਘਟੀਆ ਖੁਰਾਕੀ ਵਸਤਾਂ ਦੀ ਵਿਕਰੀ ਅਤੇ ਸਫਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ-2006 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਤਿਉਹਾਰਾਂ ਦੌਰਾਨ ਮਠਿਆਈਆਂ ਖਰੀਦਦੇ ਸਮੇਂ ਗੁਣਵੱਤਾ ਤੇ ਸਫਾਈ ਦਾ ਖਾਸ ਧਿਆਨ ਰੱਖਣ। ਕਿਸੇ ਵੀ ਦੁਕਾਨ 'ਤੇ ਮਿਲਾਵਟੀ ਜਾਂ ਗੈਰ-ਮਿਆਰੀ ਖੁਰਾਕੀ ਵਸਤਾਂ ਦੀ ਵਿਕਰੀ ਸਬੰਧੀ ਜਾਣਕਾਰੀ ਮਿਲਣ 'ਤੇ ਵਿਭਾਗ ਨੂੰ ਸੂਚਿਤ ਕੀਤਾ ਜਾਵੇ।