- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖਬਰ-ਜੈਵਿਕ ਸਾਬਣ ਬਣਾਉਣ ਦੀ ਦੋ ਰੋਜ਼ਾ ਵਰਕਸ਼ਾਪ ਸ਼ੁਰੂ

ਰਵੀ ਬਿਡਲਾ, ਪੰਜਾਬੀ ਜਾਗਰਣ, ਲੁਧਿਆਣਾ
ਖਾਲਸਾ ਕਾਲਜ ਫਾਰ ਵਿਮੈਨ, ਸਿਵਲ ਲਾਈਨਜ਼, ਲੁਧਿਆਣਾ ਦੇ ਈਕੋ ਕਲੱਬ, ਸਕਿੱਲ ਡਿਵੈਲਪਮੈਂਟ ਸੈੱਲ ਅਤੇ ਫਾਈਨ ਆਰਟਸ ਵਿਭਾਗ ਵੱਲੋਂ ‘ਪਿਓਰ ਬਾਇ ਨੇਚਰ’ ਵਿਸ਼ੇ ਤਹਿਤ ਜੈਵਿਕ ਸਾਬਣ ਬਣਾਉਣ ਸਬੰਧੀ ਦੋ ਰੋਜ਼ਾ ਵਿਹਾਰਕ ਵਰਕਸ਼ਾਪ ਸ਼ੁਰੂ ਕੀਤੀ। ਇਹ ਵਰਕਸ਼ਾਪ ਪੰਜਾਬ ਰਾਜ ਵਿਗਿਆਨ ਤੇ ਤਕਨਾਲੋਜੀ ਕੌਂਸਲ (ਪੀ.ਐੱਸ.ਸੀ.ਐੱਸ.ਟੀ.) ਦੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਤੇ ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਵਰਕਸ਼ਾਪ ’ਚ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਦੇ 30 ਈਕੋ ਕਲੱਬ ਇੰਚਾਰਜਾਂ ਅਤੇ 50 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਉਦਘਾਟਨੀ ਸਮਾਗਮ ਵਿੱਚ ਜ਼ਿਲ੍ਹਾ ਵਾਤਾਵਰਨ ਸਿੱਖਿਆ ਪ੍ਰੋਗਰਾਮ ਕੋਆਰਡੀਨੇਟਰ ਜਸਵੀਰ ਸਿੰਘ ਸੇਖੋਂ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਵਾਤਾਵਰਨ ਦੀ ਸੰਭਾਲ ਲਈ ਵਿਹਾਰਕ ਸਿੱਖਿਆ ਅਤੇ ਨੌਜਵਾਨਾਂ ਦੀ ਭਾਗੀਦਾਰੀ ਨੂੰ ਮਹੱਤਵਪੂਰਨ ਦੱਸਿਆ। ਯਮੁਨਾਨਗਰ ਤੋਂ ਪਹੁੰਚੀ ਰੁਦਰਾ ਆਰਗੈਨਿਕਸ ਦੀ ਸੰਸਥਾਪਕ ਡਾ. ਸ਼ਰੂਤੀ ਨੇ ਵਿਦਿਆਰਥੀਆਂ ਨੂੰ ਜੈਵਿਕ ਸਾਬਣ ਤਿਆਰ ਕਰਨ ਦੀਆਂ ਵਿਧੀਆਂ, ਕੁਦਰਤੀ ਸਮੱਗਰੀ ਦੀ ਚੋਣ ਅਤੇ ਉਤਪਾਦ ਬਣਾਉਣ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਕਾਰੋਬਾਰੀ ਸਫ਼ਰ ਦੇ ਤਜਰਬੇ ਵੀ ਸਾਂਝੇ ਕੀਤੇ। ਭਾਗੀਦਾਰਾਂ ਨੇ ਖੁਦ ਸਾਬਣ ਤਿਆਰ ਕਰਕੇ ਵਿਹਾਰਕ ਸਿਖਲਾਈ ਹਾਸਲ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨੌਜਵਾਨਾਂ ਅਤੇ ਵਿਸ਼ੇਸ਼ ਤੌਰ ’ਤੇ ਲੜਕੀਆਂ ਲਈ ਸਵੈ-ਰੁਜ਼ਗਾਰ ਅਤੇ ਉੱਦਮਤਾ ਦੇ ਨਵੇਂ ਮੌਕੇ ਪੈਦਾ ਕਰਦੀਆਂ ਹਨ। ਪ੍ਰਬੰਧਕਾਂ ਨੇ ਸਹਿਯੋਗੀ ਸੰਸਥਾਵਾਂ ਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।