- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਦੀ ਬੌਟਮ ਖ਼ਬਰ-ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ 2027

ਬੌਟਮ...)
-ਕੀ ਸੰਜੀਵ ਅਰੋੜਾ ਜਿੱਤ ਨੂੰ ਮੁੜ ਦੁਹਰਾਉਣਗੇ ਜਾਂ ਵਿਰੋਧੀ ਪਾਰਟੀਆਂ ਨਵਾਂ ਸਿਆਸੀ ਸਮੀਕਰਨ ਬਣਾਉਣ ’ਚ ਹੋਣਗੀਆਂ ਸਫ਼ਲ
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਵਿਧਾਨ ਸਭਾ ਦੀਆਂ 2027 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਪੱਛਮੀ ਇੱਕ ਵਾਰ ਫਿਰ ਸਿਆਸੀ ਚਰਚਾ ਦਾ ਕੇਂਦਰ ਬਣਨ ਜਾ ਰਿਹਾ ਹੈ। ਇਹ ਹਲਕਾ ਸਿਆਸੀ ਪੱਖੋਂ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇੱਥੋਂ ਦੇ ਵੋਟਰਾਂ ਨੇ ਪਿਛਲੀਆਂ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਮੌਕਾ ਦੇ ਕੇ ਇਹ ਸਾਬਤ ਕੀਤਾ ਹੈ ਕਿ ਉਹ ਕਿਸੇ ਇੱਕ ਪਾਰਟੀ ਨਾਲ ਪੱਕੇ ਤੌਰ ’ਤੇ ਬੱਝੇ ਹੋਏ ਨਹੀਂ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਉਸ ਤੋਂ ਬਾਅਦ ਜੂਨ 2025 ਵਿੱਚ ਹੋਈ ਜ਼ਿਮਨੀ ਚੋਣ ਦੇ ਨਤੀਜੇ ਇਸ ਹਲਕੇ ਦੀ ਬਦਲਦੀ ਸਿਆਸੀ ਤਸਵੀਰ ਨੂੰ ਸਮਝਣ ਲਈ ਬੇਹੱਦ ਮਹੱਤਵਪੂਰਨ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਦੇ ਉਮੀਦਵਾਰ ਗੁਰਪ੍ਰੀਤ ਬੱਸੀ ਗੋਗੀ ਨੇ 40,443 ਵੋਟਾਂ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ 32,931 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ, ਜਦਕਿ ਭਾਜਪਾ ਦੇ ਉਮੀਦਵਾਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ 28,107 ਵੋਟਾਂ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਗੋਗੀ ਨੇ ਆਸ਼ੂ ਨੂੰ 7,512 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ 10,072 ਵੋਟਾਂ ਮਿਲੀਆਂ ਅਤੇ ਉਹ ਚੌਥੇ ਸਥਾਨ ’ਤੇ ਰਹੇ। ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਹਲਕੇ ਵਿੱਚ ਕਾਂਗਰਸ ਅਤੇ ਭਾਜਪਾ ਦਾ ਵੀ ਕਾਫ਼ੀ ਵੋਟ ਆਧਾਰ ਮੌਜੂਦ ਸੀ।
ਇਸ ਤੋਂ ਪਹਿਲਾਂ 2012 ਅਤੇ 2017 ਵਿੱਚ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੇ ਲਗਾਤਾਰ ਜਿੱਤ ਪ੍ਰਾਪਤ ਕਰਕੇ ਇਸ ਹਲਕੇ ਵਿੱਚ ਆਪਣੀ ਮਜ਼ਬੂਤ ਸਿਆਸੀ ਪਛਾਣ ਬਣਾਈ ਸੀ। ਪਰ 2022 ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੱਲੀ ਸਿਆਸੀ ਲਹਿਰ ਨੇ ਪੱਛਮੀ ਹਲਕੇ ਦਾ ਸਮੀਕਰਨ ਵੀ ਬਦਲ ਦਿੱਤਾ। ਗੋਗੀ ਦੀ ਜਿੱਤ ਨੇ ਕਾਂਗਰਸ ਦੇ ਲੰਮੇ ਸਮੇਂ ਤੋਂ ਚੱਲ ਰਹੇ ਦਬਦਬੇ ਨੂੰ ਤੋੜ ਦਿੱਤਾ। ਜਨਵਰੀ 2025 ਵਿੱਚ ਵਿਧਾਇਕ ਗੋਗੀ ਦੇ ਅਚਾਨਕ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ। ਇਸ ਉਪਰੰਤ 19 ਜੂਨ 2025 ਨੂੰ ਹੋਈ ਜ਼ਿਮਨੀ ਚੋਣ ਵਿੱਚ ‘ਆਪ’ ਨੇ ਸਨਅਤਕਾਰ ਤੇ ਰਾਜ ਸਭਾ ਮੈਂਬਰ ਰਹੇ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਇਸ ਚੋਣ ਵਿੱਚ ਅਰੋੜਾ ਨੇ 35,179 ਵੋਟਾਂ ਪ੍ਰਾਪਤ ਕਰਕੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਆਸ਼ੂ ਨੂੰ 24,542, ਭਾਜਪਾ ਦੇ ਜੀਵਨ ਗੁਪਤਾ ਨੂੰ 20,323 ਅਤੇ ਸ੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ 8,203 ਵੋਟਾਂ ਪ੍ਰਾਪਤ ਹੋਈਆਂ। ਇਸ ਤਰ੍ਹਾਂ ਜ਼ਿਮਨੀ ਚੋਣ ਵਿੱਚ ਵੀ ਪਹਿਲੇ ਤਿੰਨ ਸਥਾਨਾਂ ’ਤੇ ਕ੍ਰਮਵਾਰ ‘ਆਪ’, ਕਾਂਗਰਸ ਅਤੇ ਭਾਜਪਾ ਰਹੀਆਂ। ਦਿਲਚਸਪ ਗੱਲ ਇਹ ਰਹੀ ਕਿ 2022 ਦੇ ਮੁਕਾਬਲੇ ਜ਼ਿਮਨੀ ਚੋਣ ਵਿੱਚ ਵੋਟਿੰਗ ਘੱਟ ਹੋਈ। ਜਿੱਥੇ 2022 ਵਿੱਚ ਕਰੀਬ 64 ਫ਼ੀਸਦੀ ਵੋਟਿੰਗ ਹੋਈ ਸੀ, ਉੱਥੇ 2025 ਦੀ ਜ਼ਿਮਨੀ ਚੋਣ ਵਿੱਚ ਲਗਭਗ 51.3 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਹ ਅੰਤਰ ਵੀ ਸਿਆਸੀ ਪਾਰਟੀਆਂ ਲਈ ਵਿਚਾਰਨਯੋਗ ਹੈ, ਕਿਉਂਕਿ ਘੱਟ ਵੋਟਿੰਗ ਦੇ ਬਾਵਜੂਦ ‘ਆਪ’ ਆਪਣੀ ਸੀਟ ਬਚਾਉਣ ਵਿੱਚ ਸਫ਼ਲ ਰਹੀ। ਹੁਣ 2027 ਦੀਆਂ ਚੋਣਾਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੋਵੇਗਾ ਕਿ ਕੀ ਸੰਜੀਵ ਅਰੋੜਾ ਆਪਣੀ ਜ਼ਿਮਨੀ ਚੋਣ ਵਾਲੀ ਜਿੱਤ ਨੂੰ ਮੁੜ ਦੁਹਰਾ ਸਕਣਗੇ ਜਾਂ ਵਿਰੋਧੀ ਪਾਰਟੀਆਂ ਹਲਕੇ ਵਿੱਚ ਨਵਾਂ ਸਿਆਸੀ ਸਮੀਕਰਨ ਬਣਾਉਣ ਵਿੱਚ ਕਾਮਯਾਬ ਹੋਣਗੀਆਂ। ਕਾਂਗਰਸ ਲਈ ਭਾਰਤ ਭੂਸ਼ਣ ਆਸ਼ੂ ਦਾ ਪੁਰਾਣਾ ਸਿਆਸੀ ਆਧਾਰ ਅਹਿਮ ਰਹੇਗਾ, ਜਦਕਿ ਭਾਜਪਾ ਲਈ 2022 ਵਿੱਚ ਬਿਕਰਮ ਸਿੰਘ ਸਿੱਧੂ ਅਤੇ 2025 ਵਿੱਚ ਜੀਵਨ ਗੁਪਤਾ ਨੂੰ ਮਿਲੀਆਂ ਵੋਟਾਂ ਭਵਿੱਖ ਦੀ ਰਣਨੀਤੀ ਦਾ ਆਧਾਰ ਬਣ ਸਕਦੀਆਂ ਹਨ।
ਹਾਲਾਂਕਿ ਭਵਿੱਖੀ ਚੋਣਾਂ ਲਈ ਪਾਰਟੀਆਂ ਦੇ ਅਧਿਕਾਰਤ ਉਮੀਦਵਾਰਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ। ਹਲਕਾ ਪੱਛਮੀ ਵਿੱਚ ਸਿੱਖ ਚਿਹਰਿਆਂ ਦੀ ਸਿਆਸੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮਰਹੂਮ ਗੋਗੀ ਦੀ ਸਥਾਨਕ ਪਛਾਣ, ਭਾਜਪਾ ਦੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ 2022 ਵਿੱਚ ਪ੍ਰਾਪਤ ਵੋਟ ਹਿੱਸੇਦਾਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਚੋਣ ਮੈਦਾਨ ਵਿੱਚ ਮੌਜੂਦਗੀ ਤੋਂ ਬਾਅਦ ਮੌਜੂਦਾ ਸਮੇਂ ਭਾਜਪਾ ਪੰਜਾਬ ਵਿਊਪਾਰ ਸੈੱਲ ਦੇ ਨਵ-ਨਿਯੁਕਤ ਆਗੂ ਜਸਪ੍ਰੀਤ ਸਿੰਘ ਹੌਬੀ ਵੱਲੋਂ ਹਲਕੇ ਦੇ ਲੋਕਾਂ ਨਾਲ ਲਗਾਤਾਰ ਵਧਾਈ ਜਾ ਰਹੀ ਨੇੜਤਾ ਤੇ ਕੀਤੇ ਜਾ ਰਹੇ ਪ੍ਰਚਾਰ ਨੂੰ ਵੀ ਕਿਸੇ ਪੱਖੋਂ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਸਿੱਖ ਆਗੂ ਇਸ ਹਲਕੇ ਦੀ ਸਿਆਸਤ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਪਹਿਲਾਂ ਵੀ ਰਹੇ ਹਨ। ਪਰ ਕਿਸੇ ਉਮੀਦਵਾਰ ਦਾ ਸਿੱਖ ਚਿਹਰਾ ਹੋਣਾ ਹੀ ਜਿੱਤ ਦੀ ਗਾਰੰਟੀ ਨਹੀਂ ਮੰਨਿਆ ਜਾ ਸਕਦਾ। ਉਸਦੀ ਨਿੱਜੀ ਪਛਾਣ, ਲੋਕਾਂ ਨਾਲ ਸੰਪਰਕ, ਪਾਰਟੀ ਦਾ ਵੋਟ ਆਧਾਰ ਤੇ ਸਥਾਨਕ ਮੁੱਦਿਆਂ ਉੱਤੇ ਕੰਮ ਕਰਨ ਦੀ ਸਮਰੱਥਾ ਵੀ ਅਹਿਮ ਰਹੇਗੀ।
ਦੂਜੇ ਪਾਸੇ, 2026 ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਪੰਜਾਬ ਦੇ ਕਈ ਸ਼ਹਿਰੀ ਖੇਤਰਾਂ ਅੰਦਰ ਭਾਜਪਾ ਦੇ ਪ੍ਰਦਰਸ਼ਨ ਵਿੱਚ ਆਏ ਸੁਧਾਰ ਨੇ ਪਾਰਟੀ ਨੂੰ 2027 ਲਈ ਨਵੀਆਂ ਉਮੀਦਾਂ ਦਿੱਤੀਆਂ ਹਨ। ਹਲਕੇ ਦੇ ਵੋਟਰਾਂ ਲਈ ਟ੍ਰੈਫਿਕ ਜਾਮ, ਪਾਰਕਿੰਗ ਦੀ ਸਮੱਸਿਆ, ਸੀਵਰੇਜ, ਸਫ਼ਾਈ ਵਿਵਸਥਾ, ਵਪਾਰੀਆਂ ਦੀਆਂ ਮੁਸ਼ਕਲਾਂ, ਨੌਜਵਾਨਾਂ ਲਈ ਰੁਜ਼ਗਾਰ ਤੇ ਕਾਨੂੰਨ-ਵਿਵਸਥਾ ਵਰਗੇ ਮੁੱਦੇ ਆਉਣ ਵਾਲੀ ਚੋਣ ਵਿੱਚ ਮਹੱਤਵ ਰੱਖ ਸਕਦੇ ਹਨ। ਸਿਆਸੀ ਵਿਸ਼ਲੇਸ਼ਣ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਸ ਵਾਰ ਵੋਟਰਾਂ ਸਾਹਮਣੇ ਸਿਰਫ਼ ਪਾਰਟੀ ਚੁਣਨ ਦਾ ਨਹੀਂ, ਸਗੋਂ ਪਿਛਲੇ ਕਾਰਜਕਾਲ ਦੀ ਕਾਰਗੁਜ਼ਾਰੀ ਅਤੇ ਭਵਿੱਖ ਦੇ ਵਿਕਾਸ ਦੇ ਦਾਅਵਿਆਂ ਨੂੰ ਪਰਖਣ ਦਾ ਵੀ ਮੌਕਾ ਹੋਵੇਗਾ।
ਕੁੱਲ ਮਿਲਾ ਕੇ ਵਿਧਾਨ ਸਭਾ ਹਲਕਾ ਪੱਛਮੀ ਵਿੱਚ 2027 ਦੀ ਚੋਣ ਇਕ ਦਿਲਚਸਪ ਬਹੁਕੋਣੀ ਮੁਕਾਬਲੇ ਦਾ ਰੂਪ ਧਾਰ ਸਕਦੀ ਹੈ। ‘ਆਪ’ ਲਈ ਆਪਣਾ ਦਬਦਬਾ ਕਾਇਮ ਰੱਖਣਾ, ਕਾਂਗਰਸ ਲਈ ਪੁਰਾਣਾ ਕਿਲ੍ਹਾ ਮੁੜ ਜਿੱਤਣਾ, ਭਾਜਪਾ ਲਈ ਵੋਟ ਆਧਾਰ ਨੂੰ ਜਿੱਤ ’ਚ ਬਦਲਣਾ ਤੇ ਅਕਾਲੀ ਦਲ ਲਈ ਆਪਣੀ ਸਿਆਸੀ ਹੋਂਦ ਮਜ਼ਬੂਤ ਕਰਨਾ ਵੱਡੀਆਂ ਚੁਣੌਤੀਆਂ ਹੋਣਗੀਆਂ।