- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ- ਕਿਸਾਨ ਵਿਰੋਧੀ ਸਹਿਕਾਰੀ ਕਰਜ਼ਾ ਨੀਤੀ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਧਰਨਾ

1 ਲਈ)
-ਦੋ ਲੱਖ ਤੋਂ ਵੱਧ ਦੇ ਕਰਜ਼ੇ ਲਈ ਜ਼ਮੀਨ ਗਹਿਣੇ ਰੱਖਣ ਦੀ ਸ਼ਰਤ ਰੱਦ ਕਰਨ ਦੀ ਮੰਗ
27)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਕਿਸਾਨ ਕ੍ਰੈਡਿਟ ਕਾਰਡ ਨੀਤੀ-2026 ਦੀਆਂ ਕਿਸਾਨ ਵਿਰੋਧੀ ਸ਼ਰਤਾਂ ਖ਼ਿਲਾਫ਼ ਅੱਜ ਸਹਿਕਾਰੀ ਸਭਾਵਾਂ ਅਤੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਹਿਕਾਰਤਾ ਵਿਭਾਗ ਦੇ ਜ਼ਿਲ੍ਹਾ ਰਜਿਸਟਰਾਰ ਲੁਧਿਆਣਾ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਨਵੀਂ ਨੀਤੀ ਵਾਪਸ ਲੈਣ ਅਤੇ ਕਿਸਾਨਾਂ 'ਤੇ ਲਾਈਆਂ ਗਈਆਂ ਸ਼ਰਤਾਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਨਾਂ ਜ਼ਿਲ੍ਹਾ ਰਜਿਸਟਰਾਰ ਤੇਜੇਸ਼ਵਰ ਸਿੰਘ ਰਾਹੀਂ ਮੰਗ ਪੱਤਰ ਭੇਜਿਆ ਗਿਆ। ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਦੋ ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਲੈਣ ਵਾਲੇ ਕਿਸਾਨਾਂ ਲਈ ਆਪਣੀ ਜ਼ਮੀਨ ਸਹਿਕਾਰੀ ਬੈਂਕ ਕੋਲ ਗਹਿਣੇ ਰੱਖਣ ਦੀ ਸ਼ਰਤ ਤੁਰੰਤ ਖ਼ਤਮ ਕੀਤੀ ਜਾਵੇ। ਪੰਜਾਬ ਸਹਿਕਾਰੀ ਸਭਾਵਾਂ ਐਕਟ-1962 ਵਿੱਚ ਪਹਿਲਾਂ ਹੀ ਕਿਸਾਨਾਂ ਦੇ ਕਰਜ਼ੇ ਦੀ ਸੁਰੱਖਿਆ ਲਈ ਪ੍ਰਬੰਧ ਮੌਜੂਦ ਹਨ, ਇਸ ਲਈ ਨਵੀਂ ਸ਼ਰਤ ਲਾਗੂ ਕਰਨ ਦੀ ਕੋਈ ਲੋੜ ਨਹੀਂ ਹੈ। ਕਿਸਾਨ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਜੇਕਰ ਕੋਈ ਕਿਸਾਨ ਕਿਸੇ ਹੋਰ ਬੈਂਕ ਤੋਂ ਚਾਰ ਫ਼ੀਸਦੀ ਵਿਆਜ ਦਰ 'ਤੇ ਕਰਜ਼ਾ ਲੈਂਦਾ ਹੈ ਤਾਂ ਸਹਿਕਾਰੀ ਬੈਂਕ ਵੱਲੋਂ ਉਸ ਦੀ ਵਿਆਜ ਦਰ 11 ਫ਼ੀਸਦੀ ਕਰਨ ਦੀ ਸ਼ਰਤ ਰੱਦ ਕੀਤੀ ਜਾਵੇ। ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਦੀ ਹਿੱਸੇਦਾਰੀ ਵਧਾਉਣ ਦੀ ਸ਼ਰਤ ਵਾਪਸ ਲੈਣ ਦੀ ਮੰਗ ਵੀ ਉਠਾਈ ਗਈ। ਧਰਨਾਕਾਰੀਆਂ ਨੇ ਸਤੰਬਰ ਅਤੇ ਮਾਰਚ ਮਹੀਨਿਆਂ ਦੌਰਾਨ ਵਿਆਜ ਨੂੰ ਮੂਲ ਰਕਮ ਵਿੱਚ ਜੋੜਨ ਦੀ ਨੀਤੀ 'ਤੇ ਵੀ ਇਤਰਾਜ਼ ਪ੍ਰਗਟਾਇਆ। ਪਹਿਲਾਂ ਕਿਸਾਨਾਂ ਤੋਂ ਸਾਧਾਰਨ ਵਿਆਜ ਵਸੂਲਿਆ ਜਾਂਦਾ ਸੀ, ਪਰ ਨਵੀਂ ਵਿਵਸਥਾ ਤਹਿਤ ਵਿਆਜ ਨੂੰ ਮੂਲ ਰਕਮ ਵਿੱਚ ਜੋੜਨ ਨਾਲ ਵਿਆਜ ਉੱਤੇ ਵੀ ਵਿਆਜ ਲੱਗੇਗਾ, ਜਿਸ ਨਾਲ ਪਹਿਲਾਂ ਹੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਕਿਸਾਨੀ 'ਤੇ ਹੋਰ ਬੋਝ ਪਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਨਾਲ ਸਹਿਕਾਰੀ ਸਭਾਵਾਂ ਦਾ ਮੌਜੂਦਾ ਢਾਂਚਾ ਪ੍ਰਭਾਵਿਤ ਹੋਵੇਗਾ। ਪੰਜਾਬ ਦੇ ਲਗਪਗ 80 ਫ਼ੀਸਦੀ ਗ਼ਰੀਬ ਕਿਸਾਨ ਸਹਿਕਾਰੀ ਸਭਾਵਾਂ ਤੋਂ ਮਿਲਣ ਵਾਲੇ ਹੱਦ ਕਰਜ਼ੇ ਦੇ ਸਹਾਰੇ ਆਪਣੀਆਂ ਫ਼ਸਲਾਂ ਦੀ ਬਿਜਾਈ ਤੇ ਪਾਲਣ-ਪੋਸ਼ਣ ਕਰਦੇ ਹਨ। ਜੇਕਰ ਨਵੀਆਂ ਸ਼ਰਤਾਂ ਲਾਗੂ ਰਹੀਆਂ ਤਾਂ ਛੋਟੀ ਕਿਸਾਨੀ ਲਈ ਖੇਤੀ ਕਰਨਾ ਹੋਰ ਮੁਸ਼ਕਲ ਹੋ ਜਾਵੇਗਾ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਰਜਿੰਦਰ ਸਿੰਘ ਲੁਧਿਆਣਾ, ਭਾਰਤੀ ਕਿਸਾਨ ਯੂਨੀਅਨ ਏਕਤਾ ਲੱਖੋਵਾਲ ਦੇ ਆਗੂ ਕੈਪਟਨ ਸੁਖਚੈਨ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਰਣਬੀਰ ਸਿੰਘ, ਬੀਕੇਯੂ ਡਕੌਂਦਾ ਬੁਰਜਗਿੱਲ ਦੇ ਆਗੂ ਰਾਜਬੀਰ ਸਿੰਘ ਘੁਡਾਣੀ ਅਤੇ ਸਹਿਕਾਰੀ ਵਿਭਾਗ ਸਕੱਤਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਿਆਮ ਸਿੰਘ ਭਰੋਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਾਕਮ ਸਿੰਘ ਭੱਟੀਆਂ, ਕਰਮਜੀਤ ਸਿੰਘ ਕਾਉਂਕੇ, ਰਣਬੀਰ ਸਿੰਘ ਰੁੜਕਾ ਸਾਬਕਾ ਸਰਪੰਚ, ਮਹਿੰਦਰ ਸਿੰਘ ਕਮਾਲਪੁਰਾ, ਮਨਜਿੰਦਰ ਸਿੰਘ ਮੋਰਕਰੀਮਾਂ ਅਤੇ ਬੇਅੰਤ ਸਿੰਘ ਬਾਣੀਏਵਾਲ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰਜ਼ ਹਾਜ਼ਰ ਸਨ।