- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
40.41 ਲੱਖ ਦਾ ਸਫਾਈ ਠੇਕਾ ਲੈਣ ਵਾਲੀ ਫਰਮ ਦੀ ਕਾਰਗੁਜ਼ਾਰੀ ’ਤੇ ਸਵਾਲ, ਮੰਡੀ ’ਚ ਥਾਂ-ਥਾਂ ਕੂੜੇ ਦੇ ਢੇਰ

-ਸਫ਼ਾਈ ਦੇ ਨਾਂ ’ਤੇ ਹੋ ਰਹੀ ਖਾਨਾਪੂਰਤੀ, ਮਾਰਕੀਟ ਕਮੇਟੀ ਵੱਲੋਂ ਠੇਕੇਦਾਰ ਨੂੰ ਦੂਜੀ ਵਾਰ ਨੋਟਿਸ ਜਾਰੀ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਸਬਜ਼ੀ ਮੰਡੀ ਅਤੇ ਤਾਜਪੁਰ ਰੋਡ ਸਥਿਤ ਮੱਛੀ ਮੰਡੀ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ ਹੋਣ ਕਾਰਨ ਮਾਰਕੀਟ ਕਮੇਟੀ ਦੀ ਕਾਰਗੁਜ਼ਾਰੀ ਦੇ ਨਾਲ-ਨਾਲ ਸਫਾਈ ਦਾ ਠੇਕਾ ਲੈਣ ਵਾਲੀ ਫਰਮ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਹੋਣ ਲੱਗੇ ਹਨ। ਹੈਰਾਨੀ ਦੀ ਗੱਲ ਹੈ ਕਿ ਭਗਵੰਤੀ ਦੇਵੀ ਐਂਡ ਸੰਨਜ਼ ਵੱਲੋਂ ਟੈਂਡਰ ਰਾਹੀਂ ਕਰੀਬ 40.41 ਲੱਖ ਰੁਪਏ ਦਾ ਸਫਾਈ ਠੇਕਾ ਹਾਸਲ ਕੀਤਾ ਹੈ, ਪਰ ਇਸ ਦੇ ਬਾਵਜੂਦ ਮੰਡੀਆਂ ਵਿੱਚ ਸਫਾਈ ਦੇ ਨਾਂ ’ਤੇ ਸਿਰਫ਼ ਖਾਨਾਪੂਰਤੀ ਹੀ ਕੀਤੀ ਜਾ ਰਹੀ ਹੈ। ਹਾਲਾਤ ਇਹ ਹਨ ਕਿ ਮੰਡੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਗੰਦਗੀ ਕਾਰਨ ਆੜ੍ਹਤੀਆਂ, ਪੱਲੇਦਾਰਾਂ ਤੇ ਹੋਰ ਵਪਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿੱਚ ਕੰਮ ਕਰਨ ਵਾਲੇ ਆੜ੍ਹਤੀਆਂ ਅਤੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਸਫਾਈ ਵਿਵਸਥਾ ਨੂੰ ਲੈ ਕੇ ਸਮੇਂ-ਸਮੇਂ ’ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੇ ਸਕੱਤਰ ਕੋਲ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ, ਪਰ ਜ਼ਮੀਨੀ ਪੱਧਰ ’ਤੇ ਹਾਲਾਤ ਸੁਧਰਨ ਦਾ ਨਾਂ ਨਹੀਂ ਲੈ ਰਹੇ। ਮੌਸਮ ਵਿੱਚ ਆ ਰਹੀ ਤਬਦੀਲੀ ਤੇ ਬਰਸਾਤ ਕਾਰਨ ਮੰਡੀ ਵਿੱਚ ਇਕੱਠੀ ਹੋ ਰਹੀ ਗੰਦਗੀ ਨਾਲ ਬਦਬੂ ਫੈਲ ਰਹੀ ਹੈ। ਇਸ ਕਾਰਨ ਮੰਡੀ ਵਿੱਚ ਕੰਮ ਕਰਨ ਵਾਲੇ ਪੱਲੇਦਾਰਾਂ ਅਤੇ ਫੜ੍ਹਾਂ ’ਤੇ ਰਹਿਣ ਵਾਲੇ ਮਜ਼ਦੂਰਾਂ ਨੂੰ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੰਦਗੀ ਕਾਰਨ ਕਈ ਲੋਕਾਂ ਦੀ ਸਿਹਤ ਵੀ ਪ੍ਰਭਾਵਿਤ ਹੋ ਰਹੀ ਹੈ ਤੇ ਹਰ ਰੋਜ਼ ਮੰਡੀ ਵਿੱਚ ਕੰਮ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਮੰਡੀ ਦੇ ਲੋਕਾਂ ਨੇ ਦੱਸਿਆ ਕਿ ਸਫਾਈ ਠੇਕੇਦਾਰ ਨੂੰ ਲੱਖਾਂ ਰੁਪਏ ਦਾ ਠੇਕਾ ਦਿੱਤੇ ਜਾਣ ਦੇ ਬਾਵਜੂਦ ਜੇਕਰ ਮੰਡੀਆਂ ਵਿੱਚ ਕੂੜੇ ਦੇ ਢੇਰ ਹੀ ਲੱਗੇ ਰਹਿਣੇ ਹਨ ਤਾਂ ਫਿਰ ਇਸ ਠੇਕੇ ਦਾ ਕੀ ਫਾਇਦਾ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਫਾਈ ਦੇ ਕੰਮ ਦੀ ਨਿਯਮਤ ਜਾਂਚ ਕਰਵਾਈ ਜਾਵੇ ਅਤੇ ਠੇਕੇ ਦੀਆਂ ਸ਼ਰਤਾਂ ਅਨੁਸਾਰ ਕੰਮ ਨਾ ਕਰਨ ਵਾਲੀ ਫਰਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
-ਦੂਜੀ ਵਾਰ ਨੋਟਿਸ ਜਾਰੀ, ਹੁਣ ਭਾਰੀ ਜੁਰਮਾਨਾ ਲਾਉਣ ਦੀ ਤਿਆਰੀ
ਉੱਧਰ, ਇਸ ਮਾਮਲੇ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੇ ਦੱਸਿਆ ਕਿ ਸਫਾਈ ਦਾ ਠੇਕਾ ਲੈਣ ਵਾਲੀ ਫਰਮ ਨੂੰ ਪਹਿਲਾਂ ਵੀ ਜੁਰਮਾਨਾ ਲਗਾਇਆ ਜਾ ਚੁੱਕਾ ਹੈ। ਹੁਣ ਮੰਡੀ ਵਿੱਚ ਸਫਾਈ ਨਾ ਹੋਣ ਸਬੰਧੀ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਫਰਮ ਨੂੰ ਦੂਜੀ ਵਾਰ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਫਰਮ ਨੂੰ ਦੁਬਾਰਾ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਜੇਕਰ ਇਸ ਤੋਂ ਬਾਅਦ ਵੀ ਸਫਾਈ ਵਿਵਸਥਾ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਮਾਰਕੀਟ ਕਮੇਟੀ ਵੱਲੋਂ ਨੋਟਿਸ ਅਤੇ ਜੁਰਮਾਨੇ ਦੀ ਕਾਰਵਾਈ ਤੋਂ ਬਾਅਦ ਮੰਡੀਆਂ ਦੀ ਸਫਾਈ ਵਿਵਸਥਾ ਵਿੱਚ ਕਿੰਨਾ ਸੁਧਾਰ ਹੁੰਦਾ ਹੈ ਜਾਂ ਫਿਰ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਇਸੇ ਤਰ੍ਹਾਂ ਗੰਦਗੀ ਵਿਚਕਾਰ ਕੰਮ ਕਰਨ ਲਈ ਮਜਬੂਰ ਹੋਣਾ ਪਵੇਗਾ।