- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖਬਰ-ਗੁਰੂ ਦਾ ਸ਼ਬਦ ਧਾਰਨ ਕਰਕੇ ਮਨੁੱਖ ਔਗੁਣਾਂ ’ਤੇ ਕਾਬੂ ਪਾ ਸਕਦੈ-ਸੰਤ ਅਮੀਰ ਸਿੰਘ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸੰਤ ਬਾਬਾ ਸੁੱਚਾ ਸਿੰਘ ਵੱਲੋਂ ਸਿਰਜਿਤ ਗੁਰਮਤਿ ਸੰਗੀਤ ਦੀ ਨਰਸਰੀ ਵਜੋਂ ਪ੍ਰਸਿੱਧ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਗੁਰਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਰਾਗ ਆਧਾਰਿਤ ਗੁਰਬਾਣੀ ਸ਼ਬਦ ਕੀਰਤਨ ਨਾਲ ਕੀਤੀ ਗਈ। ਇਸ ਮੌਕੇ ਸੰਗਤਾਂ ਦੇ ਰੂਬਰੂ ਹੁੰਦਿਆਂ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਗੁਰਬਾਣੀ ਦਾ ਕੇਂਦਰੀ ਬਿੰਦੂ ਮਨੁੱਖ ਹੈ। ਗੁਰੂ ਦਾ ਸ਼ਬਦ ਇੱਕ ਕਲਿਆਣਕਾਰੀ ਸ਼ਕਤੀ ਹੈ, ਜਿਸ ਨੂੰ ਮਨੁੱਖ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਜੀਵਨ ਦੇ ਔਗੁਣਾਂ ਉੱਤੇ ਕਾਬੂ ਪਾ ਸਕਦਾ ਹੈ। ਇਨ੍ਹਾਂ ਔਗੁਣਾਂ ਵਿੱਚ ਹਉਮੈ ਸਭ ਤੋਂ ਵੱਡਾ ਔਗੁਣ ਹੈ। ਮਨੁੱਖ ਹਉਮੈ ਦਾ ਤਿਆਗ ਕਰਕੇ ਹੀ ਦੈਵੀ ਗੁਣਾਂ ਦਾ ਧਾਰਨੀ ਬਣ ਸਕਦਾ ਹੈ। ਸੰਤ ਬਾਬਾ ਅਮੀਰ ਸਿੰਘ ਨੇ ਸਿੱਖ ਇਤਿਹਾਸ ਨਾਲ ਸਬੰਧਤ ਸਾਖੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਗੁਰੂ ਦੇ ਸ਼ਬਦ ਦੀ ਬਰਕਤ ਸਦਕਾ ਭਾਈ ਲਹਿਣਾ ਜੀ ਇੱਕ ਸਿੱਖ ਤੋਂ ਗੁਰੂ ਦੀ ਪਦਵੀ ਤੱਕ ਪਹੁੰਚ ਗਏ। ਉਨ੍ਹਾਂ ਕਿਹਾ ਕਿ ਗੁਰਬਾਣੀ ਸਾਨੂੰ ਇਹ ਦ੍ਰਿੜ੍ਹ ਕਰਵਾਉਂਦੀ ਹੈ ਕਿ ਮਨੁੱਖ ਜਨਮ ਸਮੇਂ ਰੱਬੀ ਗੁਣਾਂ ਨੂੰ ਆਪਣੇ ਨਾਲ ਲੈ ਕੇ ਆਉਂਦਾ ਹੈ, ਪਰ ਸੰਸਾਰ ਵਿੱਚ ਵਿਚਰਦਿਆਂ ਮਾਇਆ ਦੇ ਪ੍ਰਭਾਵ ਅਤੇ ਅਗਿਆਨਤਾ ਕਾਰਨ ਇਨ੍ਹਾਂ ਗੁਣਾਂ ਤੋਂ ਦੂਰ ਹੋ ਜਾਂਦਾ ਹੈ।
ਹਾਲਾਂਕਿ ਗੁਰਬਾਣੀ ਦੇ ਲੜ ਲੱਗ ਕੇ ਇਨ੍ਹਾਂ ਰੱਬੀ ਗੁਣਾਂ ਨੂੰ ਮੁੜ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਗੁਰਬਾਣੀ ਦੇ ਹਵਾਲਿਆਂ ਰਾਹੀਂ ਸਮਝਾਇਆ ਕਿ ਜਿਸ ਤਰ੍ਹਾਂ ਪਾਣੀ ਦਾ ਬੁਲਬੁਲਾ ਸਮੁੰਦਰ ਦਾ ਹੀ ਹਿੱਸਾ ਹੁੰਦਾ ਹੈ, ਪਰ ਹਵਾ ਦੇ ਦਬਾਅ ਕਾਰਨ ਉਸ ਦੀ ਇੱਕ ਵੱਖਰੀ ਹੋਂਦ ਦਿਖਾਈ ਦੇਣ ਲੱਗ ਪੈਂਦੀ ਹੈ। ਇਹ ਵੱਖਰਾਪਣ ਸਿਰਫ਼ ਥੋੜ੍ਹੇ ਸਮੇਂ ਲਈ ਹੁੰਦਾ ਹੈ। ਬੁਲਬੁਲੇ ਦੀ ਵੱਖਰੀ ਹੋਂਦ ਕਾਰਨ ਸਮੁੰਦਰ ਦੀ ਪੂਰਨਤਾ ਵਿੱਚ ਕੋਈ ਕਮੀ ਨਹੀਂ ਆਉਂਦੀ, ਪਰ ਬੁਲਬੁਲੇ ਨੂੰ ਆਪਣੀ ਅਧੂਰੀ ਹੋਂਦ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਇਸੇ ਤਰ੍ਹਾਂ ਹਉਮੈ ਵਿੱਚ ਗ੍ਰਸਤ ਮਨੁੱਖ ਵੀ ਆਪਣੇ ਆਪ ਨੂੰ ਪਰਮਾਤਮਾ ਤੋਂ ਵੱਖਰਾ ਸਮਝਣ ਲੱਗ ਪੈਂਦਾ ਹੈ ਅਤੇ ਆਪਣੀ ਇੱਕ ਵੱਖਰੀ ਦੁਨੀਆ ਸਿਰਜ ਲੈਂਦਾ ਹੈ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਜਵੱਦੀ ਟਕਸਾਲ ਦੇ ਦਫ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ 26 ਤੋਂ 29 ਨਵੰਬਰ ਤੱਕ ਚਾਰ ਰੋਜ਼ਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਇਆ ਜਾਵੇਗਾ।