- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ:ਨੂਰ ਵਾਲਾ ਰੋਡ ’ਤੇ ਹਾਦਸਿਆਂ ਦਾ ਖ਼ਤਰਾ, ਸੜਕ ’ਚ ਧੱਸ ਰਹੇ ਭਾਰੀ ਵਾਹਨ

-ਬਸੰਤ ਵਿਹਾਰ ਤੋਂ ਅੱਗੇ ਅਜੇ ਵੀ ਰਾਹ ਬਦਹਾਲ, ਲੰਬੀ ਉਡੀਕ ਮਗਰੋਂ
-ਲੰਬੀ ਉਡੀਕ ਮਗਰੋਂ ਸੜਕ ’ਤੇ ਲੁਕ ਪਾਉਣੀ ਸ਼ੁਰੂ ਪਰ ਹਾਲਤ ਖ਼ਸਤਾ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਹਲਕਾ ਪੂਰਬੀ ਅਧੀਨ ਆਉਂਦੇ ਨੂਰ ਵਾਲਾ ਰੋਡ ਦੀ ਖਸਤਾ ਹਾਲਤ ਹੁਣ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ। ਸੜਕ ਵਿੱਚ ਪਏ ਡੂੰਘੇ ਟੋਇਆਂ ਕਾਰਨ ਵਾਹਨਾਂ ਦੇ ਧੱਸਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਇੱਕ ਛੋਟਾ ਹਾਥੀ ਸੜਕ ਵਿੱਚ ਧੱਸ ਗਿਆ, ਜਦਕਿ ਬੀਤੀ ਰਾਤ ਕਰੀਬ 11 ਤੋਂ 12 ਵਜੇ ਦਰਮਿਆਨ ਮਾਲ ਨਾਲ ਭਰੀ ਇੱਕ ਟਰਾਂਸਪੋਰਟ ਗੱਡੀ ਵੀ ਸੜਕ ਵਿੱਚ ਬੁਰੀ ਤਰ੍ਹਾਂ ਧੱਸ ਗਈ। ਗੱਡੀ ਇੱਕ ਪਾਸੇ ਝੁਕ ਗਈ ਅਤੇ ਗਨੀਮਤ ਰਹੀ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਨੂਰ ਵਾਲਾ ਰੋਡ ਦੀ ਮਾੜੀ ਹਾਲਤ ਨੂੰ ਲੈ ਕੇ ਇਲਾਕਾ ਵਾਸੀ ਪਿਛਲੇ ਲੰਮੇ ਸਮੇਂ ਤੋਂ ਆਵਾਜ਼ ਉਠਾ ਰਹੇ ਹਨ। ਇਸ ਤੋਂ ਪਹਿਲਾਂ ਇਲਾਕਾ ਵਾਸੀਆਂ ਤੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਖ਼ਿਲਾਫ਼ ਕਰੀਬ ਤਿੰਨ ਮਹੀਨੇ ਪਹਿਲਾਂ ਰੋਸ਼ ਧਰਨਾ ਵੀ ਦਿੱਤਾ ਗਿਆ ਸੀ। ਧਰਨੇ ਤੋਂ ਬਾਅਦ ਕੰਮ ਸ਼ੁਰੂ ਹੋਣ ਨਾਲ ਲੋਕਾਂ ਨੂੰ ਰਾਹਤ ਦੀ ਉਮੀਦ ਜਾਗੀ ਸੀ, ਪਰ ਹੁਣ ਤੱਕ ਕੰਮ ਦਾ ਦਾਇਰਾ ਸੀਮਤ ਰਹਿਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਬਰਕਰਾਰ ਹਨ। ਕਾਫ਼ੀ ਮਹੀਨਿਆਂ ਦੀ ਉਡੀਕ ਮਗਰੋਂ ਹਲਕਾ ਵਿਧਾਇਕ ਵੱਲੋਂ ਨੂਰ ਵਾਲਾ ਰੋਡ 'ਤੇ ਲੁੱਕ ਪਾਉਣ ਦੇ ਕੰਮ ਦਾ ਬੀਤੇ ਦਿਨੀਂ ਉਦਘਾਟਨ ਵੀ ਕੀਤਾ ਗਿਆ ਸੀ। ਇਸ ਮਗਰੋਂ ਰੋਡ 'ਤੇ ਰੋੜੇ ਪਾਉਣ ਦਾ ਕੰਮ ਸ਼ੁਰੂ ਹੋ ਗਿਆ। ਮੌਜੂਦਾ ਹਾਲਾਤ ਇਹ ਹਨ ਕਿ ਸੜਕ ’ਤੇ ਲੁੱਕ ਪਾਉਣ ਦੇ ਕੰਮ ਦਾ ਉਦਘਾਟਨ ਤਾਂ ਹੋ ਗਿਆ, ਰੋੜੇ ਪਾਉਣ ਦਾ ਕੰਮ ਸਿਰਫ ਬਸੰਤ ਵਿਹਾਰ ਤੱਕ ਹੀ ਹੋਇਆ ਹੈ, ਜਦਕਿ ਇਸ ਤੋਂ ਅੱਗੇ ਨੂਰ ਵਾਲਾ ਰੋਡ ਦਾ ਵੱਡਾ ਹਿੱਸਾ ਅਜੇ ਵੀ ਬਦਹਾਲ ਪਿਆ ਹੈ। ਲੋਕਾਂ ਦਾ ਸਵਾਲ ਹੈ ਕਿ ਜਦੋਂ ਪੂਰੀ ਸੜਕ ਦੀ ਮੁਰੰਮਤ ਦੀ ਲੋੜ ਹੈ ਤਾਂ ਇਸ ਨੂੰ ਕੁਝ ਹਿੱਸੇ ਤੱਕ ਹੀ ਕਿਉਂ ਸੀਮਤ ਰੱਖਿਆ ਗਿਆ ਹੈ।
ਖ਼ਾਸ ਕਰਕੇ ਭਾਰੀ ਵਾਹਨਾਂ ਦੀ ਆਵਾਜਾਈ ਦੌਰਾਨ ਸੜਕ ਵਿੱਚ ਧੱਸਣ ਅਤੇ ਸੰਤੁਲਨ ਵਿਗੜਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਟਰਾਂਸਪੋਰਟ ਗੱਡੀ ਦੇ ਡਰਾਈਵਰ ਜੀਤ ਰਾਮ ਨੇ ਦੱਸਿਆ ਕਿ ਉਹ ਨੋਇਡਾ ਤੋਂ ਮਾਲ ਲੱਦ ਕੇ ਨੂਰ ਵਾਲਾ ਪਿੰਡ ਵੱਲ ਜਾ ਰਿਹਾ ਸੀ। ਬੀਤੀ ਰਾਤ ਜਦੋਂ ਉਹ ਇਸ ਰਸਤੇ ਤੋਂ ਲੰਘਿਆ ਤਾਂ ਉਸ ਦੀ ਗੱਡੀ ਸੜਕ ਵਿੱਚ ਧੱਸ ਗਈ। ਇਸ ਕਾਰਨ ਉਸ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗੱਡੀ ਇੱਕ ਪਾਸੇ ਝੁਕ ਗਈ ਸੀ ਤੇ ਨੇੜੇ ਦੁਕਾਨ ਹੋਣ ਕਾਰਨ ਕਿਸੇ ਵੱਡੇ ਹਾਦਸੇ ਦਾ ਖ਼ਤਰਾ ਬਣ ਸੀ। ਇਸ ਸੜਕ ਦੇ ਆਲੇ-ਦੁਆਲੇ ਮੰਦਰ, ਗੁਰਦੁਆਰਾ ਸਾਹਿਬ, ਸਤਿਸੰਗ ਘਰ ਤੇ ਸਕੂਲ ਵੀ ਸਥਿਤ ਹਨ। ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕਾਂ, ਬੱਚਿਆਂ ਤੇ ਸੰਗਤ ਦਾ ਇੱਥੋਂ ਲੰਘਣਾ ਹੁੰਦਾ ਹੈ।
ਐਤਵਾਰ ਨੂੰ ਸਤਿਸੰਗ ਘਰ ਜਾਣ ਵਾਲੀ ਸੰਗਤ ਨੂੰ ਵੀ ਖਸਤਾ ਸੜਕ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ’ਚ ਸੜਕ ਦੀ ਮਾੜੀ ਹਾਲਤ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਲਾਕਾ ਵਾਸੀਆਂ ਨੇ ਸਬੰਧਤ ਵਿਭਾਗ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਿਸੇ ਅਣਸੁਖਾਵੀਂ ਘਟਨਾ ਦੀ ਉਡੀਕ ਕਰਨ ਦੀ ਬਜਾਏ ਨੂਰ ਵਾਲਾ ਰੋਡ ਦਾ ਪੂਰਾ ਹਿੱਸਾ ਜਲਦ ਬਣਾਇਆ ਜਾਵੇ। ਜਦੋਂ ਤਕ ਸੜਕ ਦਾ ਨਿਰਮਾਣ ਮੁਕੰਮਲ ਨਹੀਂ ਹੁੰਦਾ, ਉਦੋਂ ਤੱਕ ਖ਼ਤਰਨਾਕ ਥਾਵਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।