- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਸ਼ੀਨ ਦੀ ਲਪੇਟ ’ਚ ਆਉਣ ਨਾਲ ਮਹਿਲਾ ਮਜ਼ਦੂਰ ਦੀ ਦਰਦਨਾਕ ਮੌਤ, ਪੰਜ ਸਾਲਾਂ ਤੋਂ ਫੈਕਟਰੀ ’ਚ ਕਰ ਰਹੀ ਸੀ ਕੰਮ

-ਮੂੰਹ ’ਤੇ ਬੰਨ੍ਹੀ ਚੁੰਨੀ ਮਸ਼ੀਨ ’ਚ ਫਸੀ, ਪਰਿਵਾਰ ਨੇ ਫੈਕਟਰੀ ਪ੍ਰਬੰਧਕਾਂ ’ਤੇ ਲਾਏ ਲਾਪਰਵਾਹੀ ਦੇ ਦੋਸ਼
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-5 ਸਥਿਤ ਇੱਕ ਫੈਕਟਰੀ ਵਿੱਚ ਦੇਰ ਸ਼ਾਮ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਕੰਮ ਕਰ ਰਹੀ 40 ਸਾਲਾ ਮਹਿਲਾ ਮਜ਼ਦੂਰ ਦੀ ਚੁੰਨੀ ਅਚਾਨਕ ਮਸ਼ੀਨ ਵਿੱਚ ਫਸ ਗਈ। ਮਸ਼ੀਨ ਦੀ ਲਪੇਟ ਵਿੱਚ ਆਉਣ ਕਾਰਨ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਗੀਤਾ ਦੇਵੀ ਵਜੋਂ ਹੋਈ ਹੈ, ਜੋ ਪਿਛਲੇ ਪੰਜ ਸਾਲ ਤੋਂ ਇਸੇ ਫੈਕਟਰੀ ਵਿੱਚ ਮਸ਼ੀਨ ਓਪਰੇਟਰ ਵਜੋਂ ਕੰਮ ਕਰ ਰਹੀ ਸੀ। ਹਾਦਸੇ ਤੋਂ ਬਾਅਦ ਫੈਕਟਰੀ ਪ੍ਰਬੰਧਕਾਂ ਦੀ ਕਾਰਜਪ੍ਰਣਾਲੀ ਅਤੇ ਮਜ਼ਦੂਰਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਉੱਧਰ, ਪਰਿਵਾਰਕ ਮੈਂਬਰਾਂ ਨੇ ਫੈਕਟਰੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਤੇ ਮੁਆਵਜ਼ੇ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ, ਗੀਤਾ ਦੇਵੀ ਮੂਲ ਰੂਪ ਵਿੱਚ ਬਿਹਾਰ ਦੇ ਗਆ ਜ਼ਿਲ੍ਹੇ ਦੇ ਪਿੰਡ ਅਮਰਾਹ ਦੀ ਰਹਿਣ ਵਾਲੀ ਸੀ। ਉਹ ਆਪਣੇ ਪਤੀ ਸਰੋਸ ਸਾਵ ਨਾਲ ਲੁਧਿਆਣਾ ਦੇ ਢੰਡਾਰੀ ਖੁਰਦ ਇਲਾਕੇ ਦੀ ਦਸ਼ਮੇਸ਼ ਮਾਰਕੀਟ ਵਿੱਚ ਸਥਿਤ ਰਾਜੂ ਲਾਲਾ ਦੇ ਵੇਹੜੇ ਵਿੱਚ ਰਹਿੰਦੀ ਸੀ। ਪਤੀ-ਪਤਨੀ ਦੋਵੇਂ ਫੈਕਟਰੀ ਵਿੱਚ ਕੰਮ ਕਰਦੇ ਸਨ। ਗੀਤਾ ਦੇਵੀ ਫੈਕਟਰੀ ਦੀ ਤੀਜੀ ਮੰਜ਼ਿਲ ’ਤੇ ਹੋਜ਼ਰੀ ਲਾਈਨ ਵਿੱਚ ਮਸ਼ੀਨ ਓਪਰੇਟਰ ਸੀ, ਜਦਕਿ ਉਸ ਦਾ ਪਤੀ ਦੂਜੀ ਮੰਜ਼ਿਲ ’ਤੇ ਕੰਮ ਕਰਦਾ ਸੀ।
-ਮਾਸਕ ਨਾ ਮਿਲਣ ਕਾਰਨ ਵਾਪਰਿਆ ਹਾਦਸਾ
ਮ੍ਰਿਤਕਾ ਦੇ ਪਤੀ ਸਰੋਸ ਸਾਵ ਨੇ ਦੱਸਿਆ ਕਿ ਫੈਕਟਰੀ ਵਿੱਚ ਮਸ਼ੀਨਾਂ ਚੱਲਣ ਕਾਰਨ ਕਾਫ਼ੀ ਧੂੜ ਉੱਡਦੀ ਹੈ। ਉਸ ਦਾ ਦੋਸ਼ ਹੈ ਕਿ ਫੈਕਟਰੀ ਪ੍ਰਬੰਧਕਾਂ ਵੱਲੋਂ ਮਜ਼ਦੂਰਾਂ ਨੂੰ ਧੂੜ ਤੋਂ ਬਚਾਅ ਲਈ ਮਾਸਕ ਮੁਹੱਈਆ ਨਹੀਂ ਕਰਵਾਏ ਜਾਂਦੇ ਸਨ। ਇਸੇ ਕਾਰਨ ਉਸ ਦੀ ਪਤਨੀ ਨੇ ਆਪਣੇ ਮੂੰਹ ’ਤੇ ਚੁੰਨੀ ਬੰਨ੍ਹੀ ਹੋਈ ਸੀ। ਸ਼ਾਮ ਕਰੀਬ ਸੱਤ ਵਜੇ ਕੰਮ ਦੌਰਾਨ ਅਚਾਨਕ ਚੁੰਨੀ ਮਸ਼ੀਨ ਵਿੱਚ ਫਸ ਗਈ ਅਤੇ ਉਹ ਮਸ਼ੀਨ ਦੀ ਲਪੇਟ ਵਿੱਚ ਆ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੀ ਜਾਨ ਚਲੀ ਗਈ। ਸਰੋਸ ਨੇ ਦੋਸ਼ ਲਾਇਆ ਕਿ ਹਾਦਸੇ ਤੋਂ ਬਾਅਦ ਫੈਕਟਰੀ ਦੇ ਕਰਿੰਦੇ ਉਸ ਦੀ ਪਤਨੀ ਨੂੰ ਉਸ ਦੀ ਜਾਣਕਾਰੀ ਤੋਂ ਬਿਨਾਂ ਹੀ ਹਸਪਤਾਲ ਲੈ ਗਏ। ਉਸ ਦਾ ਕਹਿਣਾ ਹੈ ਕਿ ਗੀਤਾ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰਕ ਮੈਂਬਰਾਂ ਨੇ ਫੈਕਟਰੀ ਪ੍ਰਬੰਧਕਾਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ।
-ਪੰਜ ਸਾਲ ਕੰਮ ਕਰਨ ਦੇ ਬਾਵਜੂਦ ਪੀਐੱਫ ਤੇ ਈਐੱਸਆਈ ਨਾ ਦੇਣ ਦੇ ਦੋਸ਼
ਇਸ ਮਾਮਲੇ ਵਿੱਚ ਕਾਮਰੇਡ ਚਿਤਰੰਜਨ ਕੁਮਾਰ ਅਤੇ ਰਾਜ ਸਿੰਘ ਰਾਜਪੂਤ ਨੇ ਵੀ ਫੈਕਟਰੀ ਪ੍ਰਬੰਧਕਾਂ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ। ਉਨ੍ਹਾਂ ਦੋਸ਼ ਲਾਇਆ ਕਿ ਗੀਤਾ ਦੇਵੀ ਪਿਛਲੇ ਪੰਜ ਸਾਲਾਂ ਤੋਂ ਫੈਕਟਰੀ ਵਿੱਚ ਕੰਮ ਕਰ ਰਹੀ ਸੀ, ਪਰ ਇਸ ਦੇ ਬਾਵਜੂਦ ਉਸ ਦਾ ਪੀਐੱਫ ਅਤੇ ਈਐੱਸਆਈ ਤੱਕ ਨਹੀਂ ਬਣਵਾਇਆ ਗਿਆ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕਰਨਾ ਤੇ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਦੇਣਾ ਫੈਕਟਰੀ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮਾਮਲੇ ਦੀ ਜਾਂਚ ਕਰਵਾ ਕੇ ਜਵਾਬਦੇਹ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।
-ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸ਼ੁਰੂ ਕੀਤੀ ਜਾਂਚ
ਘਟਨਾ ਦੀ ਸੂਚਨਾ ਮਿਲਦੇ ਹੀ ਜੀਵਨ ਨਗਰ ਚੌਕੀ ਦੇ ਇੰਚਾਰਜ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਇਸ ਦੌਰਾਨ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਫੈਕਟਰੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।