- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਖਣੀ ਸੀਟ 'ਤੇ 'ਆਪ' ਨੇ ਵਧਾਇਆ ਸਸਪੈਂਸ, ਛੀਨਾ ਨੂੰ ਮੁੜ ਮਿਲੇਗੀ ਟਿਕਟ ਜਾਂ ਕਿਸੇ ਨਵੇਂ ਚਿਹਰੇ 'ਤੇ ਲੱਗੇਗਾ ਦਾਅ?

ਜਗਜੀਤ ਜੰਡੂ, ਪੰਜਾਬੀ ਜਾਗਰਣ, ਲੁਧਿਆਣਾ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਲੁਧਿਆਣਾ ਦੀ ਦੱਖਣੀ ਵਿਧਾਨ ਸਭਾ ਸੀਟ ਸਿਆਸੀ ਚਰਚਾ ਦਾ ਕੇਂਦਰ ਬਣ ਗਈ ਹੈ। ਪਾਰਟੀ ਨੇ ਲੁਧਿਆਣਾ ਦੀਆਂ ਪੰਜ ਹੋਰ ਪ੍ਰਮੁੱਖ ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਪਰ ਦੱਖਣੀ ਸੀਟ ਨੂੰ ਫਿਲਹਾਲ ਖਾਲੀ ਛੱਡਣ ਕਾਰਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਪਾਰਟੀ ਮੌਜੂਦਾ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ 'ਤੇ ਮੁੜ ਭਰੋਸਾ ਜਤਾਏਗੀ ਜਾਂ ਇਸ ਵਾਰ ਕਿਸੇ ਨਵੇਂ ਚਿਹਰੇ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ? ਇਲਾਕੇ ਵਿਚ ਚੱਲ ਰਹੀਆਂ ਸਿਆਸੀ ਚਰਚਾਵਾਂ ਦੌਰਾਨ ਵਾਇਸ ਚੇਅਰਮੈਨ ਰੁਚੀ ਬਾਵਾ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਬਲਜਿੰਦਰ ਸਿੰਘ ਕਾਹਲੋਂ, ਯੂਥ ਆਗੂ ਪਰਮਿੰਦਰ ਸਿੰਘ ਸੰਧੂ ਸਮੇਤ ਕੁੱਝ ਹੋਰ ਨਾਵਾਂ ਦੀ ਸੰਭਾਵੀ ਉਮੀਦਵਾਰਾਂ ਵਜੋਂ ਚਰਚਾ ਹੋ ਰਹੀ ਹੈ। ਹਾਲਾਂਕਿ, ਇਨ੍ਹਾਂ ਨਾਵਾਂ ਬਾਰੇ ਪਾਰਟੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਉਮੀਦਵਾਰ ਦਾ ਨਾਂ ਸਾਹਮਣੇ ਨਾ ਆਉਣ ਕਾਰਨ ਸਿਆਸੀ ਅਟਕਲਾਂ ਤੇਜ਼ ਹੋ ਗਈਆਂ ਹਨ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਆਮ ਆਦਮੀ ਪਾਰਟੀ ਦੱਖਣੀ ਹਲਕੇ ਵਿਚ ਪੁਰਾਣੇ ਚਿਹਰੇ 'ਤੇ ਭਰੋਸਾ ਕਰੇਗੀ ਜਾਂ ਕਿਸੇ ਨਵੇਂ ਚਿਹਰੇ ਰਾਹੀਂ ਚੋਣ ਮੈਦਾਨ ਵਿਚ ਉਤਰੇਗੀ। ਫਿਲਹਾਲ ਉਮੀਦਵਾਰ ਦੇ ਨਾਂ ਨੂੰ ਲੈ ਕੇ ਬਣਿਆ ਸਸਪੈਂਸ ਲੁਧਿਆਣਾ ਦੀ ਸਿਆਸਤ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
-ਕੀ ਮੌਜੂਦਾ ਵਿਧਾਇਕ ਦੀ ਟਿਕਟ ਕੱਟਣ ਦੇ ਸੰਕੇਤ?
ਪਹਿਲੀ ਸੂਚੀ ਵਿਚ ਲੁਧਿਆਣਾ ਦੱਖਣੀ ਸੀਟ ਨੂੰ ਸ਼ਾਮਲ ਨਾ ਕੀਤੇ ਜਾਣ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ ਕਿ ਪਾਰਟੀ ਲੀਡਰਸ਼ਿਪ ਇਸ ਹਲਕੇ ਨੂੰ ਲੈ ਕੇ ਕਿਸੇ ਨਵੇਂ ਸਿਆਸੀ ਸਮੀਕਰਨ 'ਤੇ ਵਿਚਾਰ ਕਰ ਰਹੀ ਹੈ। ਕੀ ਮੌਜੂਦਾ ਵਿਧਾਇਕ ਦੇ ਕੰਮ-ਕਾਜ ਦਾ ਮੁੱਲਾਂਕਣ ਕੀਤਾ ਜਾ ਰਿਹਾ ਹੈ ਜਾਂ ਪਾਰਟੀ ਕਿਸੇ ਨਵੇਂ ਚਿਹਰੇ ਨੂੰ ਸਾਹਮਣੇ ਲਿਆਉਣ ਦੀ ਰਣਨੀਤੀ ਬਣਾ ਰਹੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਐਲਾਨ ਤੋਂ ਹੀ ਮਿਲ ਸਕਣਗੇ।
-ਬਾਹਰਲੇ ਉਮੀਦਵਾਰ ਨੂੰ ਲੈ ਕੇ ਉੱਠ ਸਕਦੀ ਹੈ ਨਾਰਾਜ਼ਗੀ
ਇਸ ਪੂਰੇ ਘਟਨਾਕ੍ਰਮ ਦਾ ਇਕ ਹੋਰ ਅਹਿਮ ਪਹਿਲੂ ਸਥਾਨਕ ਉਮੀਦਵਾਰ ਦੀ ਮੰਗ ਹੈ। ਸਿਆਸੀ ਚਰਚਾਵਾਂ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹਲਕੇ ਦੇ ਲੋਕ ਅਜਿਹਾ ਉਮੀਦਵਾਰ ਚਾਹੁੰਦੇ ਹਨ, ਜੋ ਲੰਮੇ ਸਮੇਂ ਤੋਂ ਉਨ੍ਹਾਂ ਵਿਚਕਾਰ ਰਹਿ ਕੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਸਮਝਦਾ ਹੋਵੇ। ਸਥਾਨਕ ਪੱਧਰ 'ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਪਾਰਟੀ ਨੇ ਕਿਸੇ ਬਾਹਰਲੇ ਜਾਂ ਅਚਾਨਕ ਲਿਆਂਦੇ ਗਏ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਤਾਂ ਉਸ ਨੂੰ ਵੋਟਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕਾਂ ਦੀ ਮੰਗ ਹੈ ਕਿ ਉਮੀਦਵਾਰ ਦੀ ਚੋਣ ਕਰਦੇ ਸਮੇਂ ਸਥਾਨਕ ਲੋਕਾਂ ਦੀ ਰਾਇ ਨੂੰ ਵੀ ਮਹੱਤਵ ਦਿੱਤਾ ਜਾਵੇ।
-ਮੌਜੂਦਾ ਉਮੀਦਵਾਰ ਨੂੰ ਦੁਹਰਾਇਆ ਤਾਂ ਵਿਰੋਧੀਆਂ ਨੂੰ ਮਿਲੇਗਾ ਮੁੱਦਾ?
ਦੂਜੇ ਪਾਸੇ ਵਿਰੋਧੀ ਪਾਰਟੀਆਂ ਮੌਜੂਦਾ ਵਿਧਾਇਕ ਦੇ ਕਾਰਜਕਾਲ ਨੂੰ ਲੈ ਕੇ ਸਵਾਲ ਉਠਾਉਂਦੀਆਂ ਰਹੀਆਂ ਹਨ। ਵਿਰੋਧੀਆਂ ਦਾ ਦੋਸ਼ ਹੈ ਕਿ ਹਲਕੇ ਦੇ ਲੋਕਾਂ ਦੀਆਂ ਉਮੀਦਾਂ ਮੁਤਾਬਕ ਵਿਕਾਸ ਕਾਰਜ ਨਹੀਂ ਹੋਏ। ਅਜਿਹੇ ਵਿਚ ਜੇ ਆਮ ਆਦਮੀ ਪਾਰਟੀ ਰਾਜਿੰਦਰਪਾਲ ਕੌਰ ਛਿੰਨਾ ਨੂੰ ਮੁੜ ਉਮੀਦਵਾਰ ਬਣਾਉਂਦੀ ਹੈ ਤਾਂ ਵਿਰੋਧੀ ਧਿਰ ਉਨ੍ਹਾਂ ਦੇ ਪਿਛਲੇ ਕਾਰਜਕਾਲ ਨੂੰ ਚੋਣ ਮੁੱਦਾ ਬਣਾ ਸਕਦੀ ਹੈ। ਉੱਥੇ ਹੀ ਜੇ ਪਾਰਟੀ ਕਿਸੇ ਨਵੇਂ ਚਿਹਰੇ ਨੂੰ ਮੈਦਾਨ ਵਿਚ ਉਤਾਰਦੀ ਹੈ ਤਾਂ ਉਸ ਦੇ ਸਾਹਮਣੇ ਸਥਾਨਕ ਲੋਕਾਂ ਵਿਚ ਆਪਣੀ ਪਛਾਣ ਬਣਾਉਣ ਤੇ ਪਾਰਟੀ ਦੇ ਵਰਕਰਾਂ ਦੀ ਹਮਾਇਤ ਹਾਸਲ ਕਰਨ ਦੀ ਚੁਣੌਤੀ ਹੋਵੇਗੀ।