ਆਸਟਰੇਲੀਆ ਤੋਂ ਪਰਤੇ ਪਤੀ ਨੇ ਚਾਕੂਆਂ ਨਾਲ ਵਿੰਨ੍ਹ ਕੇ ਕੀਤਾ ਪਤਨੀ ਦਾ ਕਤਲ ਆਸਟ੍ਰੇਲੀਆ ਤੋਂ ਪਰਤੇ ਪਤੀ ਨੇ ਚਾਕੂਆਂ ਨਾਲ ਵਿੰਨ੍ਹ ਕੇ ਕੀਤਾ ਪਤਨੀ ਦਾ ਕਤਲ
Publish Date: Sun, 01 Nov 2026 08:44 PM (IST)
Updated Date: Sun, 01 Nov 2026 08:47 PM (IST)
ਪੁੱਤਰ ਨੂੰ ਦੁੱਧ ਲੈਣ ਲਈ ਬਾਜ਼ਾਰ ਭੇਜ ਕੇ ਵਾਰਦਾਤ ਨੂੰ ਦਿੱਤਾ ਅੰਜਾਮ ਪਤਨੀ ਦੇ ਚਰਿੱਤਰ ’ਤੇ ਸ਼ੱਕ ਹੋਣ ਦਾ ਖ਼ਦਸ਼ਾ; ਮੁਲਜ਼ਮ ਪਤੀ ਪੁਲਿਸ ਅੜਿੱਕੇ ਦੋ ਦਿਨ ਪਹਿਲਾਂ ਹੀ ਆਸਟਰੇਲੀਆ ਤੋਂ ਪਰਤਿਆ ਸੀ ਪਤੀ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ’ਚ ਬੀਤੀ ਦੇਰ ਰਾਤ ਦਿਲ ਕੰਬਾਊ ਘਟਨਾ ਵਾਪਰੀ, ਜਿੱਥੇ ਆਸਟਰੇਲੀਆ ਤੋਂ ਪਰਤਣ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਚਾਕੂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਕਮਲਦੀਪ ਕੌਰ (49) ਵਜੋਂ ਹੋਈ ਹੈ, ਜਦਕਿ ਮੁਲਜ਼ਮ ਪਤੀ ਰਵਿੰਦਰ ਸਿੰਘ (50) ਪਿਕਅੱਪ ਵੈਨ ਚਲਾਉਂਦਾ ਹੈ। ਮੁੱਢਲੀ ਪੁਲਿਸ ਜਾਂਚ ਵਿੱਚ ਪਤਨੀ ਦੇ ਚਰਿੱਤਰ ’ਤੇ ਸ਼ੱਕ ਨੂੰ ਕਤਲ ਦਾ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਕਤਲ ਪਿੱਛੇ ਅਸਲ ਕਾਰਨ ਕੀ ਸੀ, ਇਸ ਬਾਰੇ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਘਟਨਾ ਸਮੇਂ ਘਰ ਵਿੱਚ ਪਤੀ-ਪਤਨੀ ਦੇ ਨਾਲ ਉਨ੍ਹਾਂ ਦਾ ਵੱਡਾ ਪੁੱਤਰ ਗਗਨਦੀਪ ਸਿੰਘ ਵੀ ਮੌਜੂਦ ਸੀ। ਉਨ੍ਹਾਂ ਦਾ ਛੋਟਾ ਪੁੱਤਰ ਆਸਟਰੇਲੀਆ ’ਚ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਦੋਵੇਂ ਪਤੀ-ਪਤਨੀ ਛੋਟੇ ਪੁੱਤਰ ਨੂੰ ਮਿਲਣ ਲਈ ਆਸਟਰੇਲੀਆ ਗਏ ਸਨ। ਕਮਲਦੀਪ ਕੌਰ ਕਰੀਬ ਚਾਰ ਮਹੀਨੇ ਪਹਿਲਾਂ ਹੀ ਭਾਰਤ ਪਰਤ ਆਈ ਸੀ, ਜਦਕਿ ਰਵਿੰਦਰ ਸਿੰਘ ਵਾਰਦਾਤ ਤੋਂ ਮਹਿਜ਼ ਦੋ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ। ਵੱਡੇ ਪੁੱਤਰ ਗਗਨਦੀਪ ਸਿੰਘ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਘਰ ਵਿੱਚ ਸਭ ਕੁਝ ਆਮ ਵਾਂਗ ਚੱਲ ਰਿਹਾ ਸੀ ਅਤੇ ਮਾਪਿਆਂ ਵਿਚਕਾਰ ਕਿਸੇ ਤਰ੍ਹਾਂ ਦੇ ਝਗੜੇ ਜਾਂ ਤਕਰਾਰ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਸੀ। ਸ਼ਨਿਚਰਵਾਰ ਰਾਤ ਨੂੰ ਰਵਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਦੁੱਧ ਲੈਣ ਲਈ ਬਾਜ਼ਾਰ ਭੇਜ ਦਿੱਤਾ। ਜਦੋਂ ਗਗਨਦੀਪ ਦੁੱਧ ਲੈ ਕੇ ਪਰਤਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਘਰੋਂ ਕਾਹਲੀ ਨਾਲ ਬਾਹਰ ਜਾਂਦਿਆਂ ਦੇਖਿਆ। ਪੁੱਤਰ ਵੱਲੋਂ ਪੁੱਛਣ ’ਤੇ ਰਵਿੰਦਰ ਸਿੰਘ ਨੇ ਉਸ ਨੂੰ ਅੰਦਰ ਜਾ ਕੇ ਦੇਖਣ ਲਈ ਕਿਹਾ। ਮੰਜੇ ’ਤੇ ਖ਼ੂਨ ਨਾਲ ਲਥਪਥ ਪਈ ਸੀ ਮਾਂ ਪਿਤਾ ਦੀ ਗੱਲ ਸੁਣ ਕੇ ਜਦੋਂ ਗਗਨਦੀਪ ਘਰ ਅੰਦਰ ਗਿਆ ਤਾਂ ਉੱਥੋਂ ਦਾ ਮੰਜ਼ਰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੀ ਮਾਂ ਕਮਲਦੀਪ ਕੌਰ ਮੰਜੇ ’ਤੇ ਖ਼ੂਨ ਨਾਲ ਲਥਪਥ ਹਾਲਤ ਵਿੱਚ ਪਈ ਸੀ। ਉਸ ਦੇ ਸਰੀਰ ’ਤੇ ਚਾਕੂ ਨਾਲ ਕੀਤੇ ਕਈ ਡੂੰਘੇ ਜ਼ਖ਼ਮ ਸਨ। ਪੁੱਤਰ ਨੇ ਰੌਲਾ ਪਾ ਕੇ ਗੁਆਂਢੀਆਂ ਨੂੰ ਮਦਦ ਲਈ ਬੁਲਾਇਆ। ਗੁਆਂਢੀਆਂ ਦੀ ਮਦਦ ਨਾਲ ਕਮਲਦੀਪ ਕੌਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੇਟ ਤੇ ਗਰਦਨ ’ਤੇ ਕੀਤੇ ਕਈ ਵਾਰ ਥਾਣਾ ਦੁੱਗਰੀ ਦੇ ਮੁਖੀ ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਰਵਿੰਦਰ ਸਿੰਘ ਨੇ ਰਸੋਈ ਵਿੱਚ ਵਰਤੇ ਜਾਣ ਵਾਲੇ ਚਾਕੂ ਨਾਲ ਆਪਣੀ ਪਤਨੀ ’ਤੇ ਕਈ ਵਾਰ ਕੀਤੇ। ਉਸ ਦੇ ਪੇਟ ਅਤੇ ਗਰਦਨ ’ਤੇ ਡੂੰਘੇ ਜ਼ਖ਼ਮ ਪਾਏ ਗਏ ਹਨ। ਪੁਲਿਸ ਨੂੰ ਖ਼ਦਸ਼ਾ ਹੈ ਕਿ ਪਤਨੀ ਦੇ ਚਰਿੱਤਰ ’ਤੇ ਸ਼ੱਕ ਹੋਣ ਕਾਰਨ ਮੁਲਜ਼ਮ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਕਤਲ ਦਾ ਮੁਕੱਦਮਾ ਦਰਜ, ਮੁਲਜ਼ਮ ਤੋਂ ਪੁੱਛਗਿੱਛ ਜਾਰੀ ਥਾਣਾ ਦੁੱਗਰੀ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕਾ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਮੁਲਜ਼ਮ ਰਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਹੈ। ਉਸ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।