- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 62 ਰਾਗਾਂ 'ਤੇ ਆਧਾਰਿਤ 7 ਕਿਸ਼ਤਾਂ ਵਾਲੀ ਐਲਬਮ ਦਾ ਲੋਕ ਅਰਪਣ

ਜ਼ਰੂਰੀ ਖ਼ਬਰ)
-ਰਾਮਗੜ੍ਹੀਆ ਕਾਲਜ ’ਚ ਸੰਗਤ ਲਈ ਅਰਪਣ ਕੀਤਾ ਵਿਸ਼ਵ ਦਾ ਸਭ ਤੋਂ ਵੱਡਾ ਰਾਗ ਆਧਾਰਤ ਕੀਰਤਨ ਪ੍ਰੋਜੈਕਟ
ਅਸ਼ਵਨੀ ਜੇਤਲੀ,ਪੰਜਾਬੀ ਜਾਗਰਣ ਲੁਧਿਆਣਾ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 62 ਰਾਗਾਂ ਤੇ ਆਧਾਰਿਤ 7 ਕਿਸ਼ਤਾਂ ਵਾਲੀ ਐਲਬਮ ਦਾ ਲੋਕ ਅਰਪਣ ਸ਼ੁਕਰਵਾਰ ਨੂੰ ਰਾਮਗੜੀਆ ਗਰਲਜ਼ ਕਾਲਿਜ, ਮਿੱਲਰਗੰਜ, ਲੁਧਿਆਣਾ ਵਿੱਚ “ਸ਼ਬਦ ਨਾਦ” ਸੰਸਥਾ ਵੱਲੋਂ ਕੀਤਾ ਗਿਆ। ਦੁਨੀਆ ਦਾ ਸਭ ਤੋਂ ਵੱਡਾ ਰਾਗ ਆਧਾਰਤ ਇਹ ਕੀਰਤਨ ਪ੍ਰੋਜੈਕਟ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਟਕਸਾਲ ਵਾਲਿਆਂ ਦੇ ਵਰੋਸਾਏ ਪ੍ਰਿੰਸੀਪਲ ਸੁਖਵੰਤ ਸਿੰਘ, ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਤੋਂ ਇਲਾਵਾ ਕੇ ਜੇ ਸਿੰਘ ਦੀ ਨਿਰੰਤਰ ਮਿਹਨਤ ਦਾ ਪ੍ਰਤੀਫ਼ਲ ਹੈ, ਜੋ ਰਾਮਗੜ੍ਹੀਆ ਵਿਦਿਅਕ ਕਾਊਂਸਲ ਦੇ ਪ੍ਰਧਾਨ ਰਣਜੋਧ ਸਿੰਘ ਦੇ ਉਪਰਾਲੇ ਸਦਕਾ ਬਾਬਾ ਗੁਰਮੁਖ ਸਿੰਘ ਹਾਲ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਤੋਂ ਇਲਾਵਾ ਮੁੰਬਈ ਦੇ ਸਿਰਕੱਢ ਗਾਇਕ ਹਰੀਹਰਨ, ਜਸਪਿੰਦਰ ਨਰੂਲਾ, ਸ਼ੰਕਰ ਮਹਾਂਦੇਵਨ ਵਰਗੇ ਸੰਗੀਤ ਦੇ ਮਹਾਰਥੀਆਂ ਤੇ ਸੰਗਤਾਂ ਦੇ ਭਾਰੀ ਜੋੜ ਮੇਲ ਵਿਚ ਸੰਗਤ ਅਰਪਨ ਕੀਤਾ ਗਿਆ। ਇਸ ਮੌਕੇ ਬਾਬਾ ਸਰਬਜੋਤ ਸਿੰਘ ਬੇਦੀ ਤੋਂ ਇਲਾਵਾ ਕਈ ਸੰਤ ਮਹਾਂਪੁਰਖ ਹਾਜ਼ਰ ਸਨ।
'ਸ਼ਬਦ ਨਾਦ' ਇੱਕ 18 ਘੰਟੇ ਦਾ ਰਿਕਾਰਡ ਕੀਤਾ ਗਿਆ ਸੰਗੀਤਕ ਪ੍ਰੋਜੈਕਟ ਹੈ ਜਿਸ ਵਿੱਚ ਸਾਰੇ 62 ਰਾਗਾਂ ਅਤੇ ਚੋਣਵੀਆਂ ਗੁਰਬਾਣੀ ਲੋਕ ਪਰੰਪਰਾਵਾਂ ਦੇ 141 ਮੂਲ ਸ਼ਬਦ ਸ਼ਾਮਲ ਹਨ। ਬਾਬਾ ਸੁੱਚਾ ਸਿੰਘ ਜੀ ਦੇ ਵਿਜ਼ਨ ਤੋਂ ਪ੍ਰੇਰਿਤ, ਉਸਤਾਦ ਪ੍ਰਿੰ. ਸੁਖਵੰਤ ਸਿੰਘ ਹੋਰਾਂ ਨੇ ਗੁਰਬਾਣੀ ਦੇ ਪੂਰੇ ਰਾਗਾਂ ਵਿੱਚ ਸੰਗੀਤਕ ਢਾਂਚੇ ਦਾ ਸਨਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਪ੍ਰੋਜੈਕਟ ਦੇ ਪ੍ਰਬੰਧਾਂ ਦੀ ਰਚਨਾ ਕੀਤੀ ਕੇਜੇ ਸਿੰਘ ਨਿਰਮਾਤਾ, ਸਾਊਂਡ ਇੰਜੀਨੀਅਰ, ਲੇਬਲ ਮਾਲਕ ਨੇ, ਜਿਨ੍ਹਾਂ ਰਿਕਾਰਡਿੰਗ, ਮਿਕਸਿੰਗ ਅਤੇ ਰਿਲੀਜ਼ ਦੀ ਨਿਗਰਾਨੀ ਕੀਤੀ ਅਤੇ ਪਦਮਸ੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰਵਾਲੇ, ਨੇ ਇਸ ਪ੍ਰੋਜੈਕਟ ਲਈ ਆਪਣੀਆਂ ਕੀਮਤੀ ਸਲਾਹਾਂ ਦਿੱਤੀਆਂ।
ਇਸ ਮੌਕੇ ਗੁਰਬਾਣੀ ਦੇ ਪ੍ਰਸਿੱਧ ਕੀਰਤਨੀਏ ਡਾ. ਗੁਰਿੰਦਰ ਸਿੰਘ ਬਟਾਲਾ ਤੋਂ ਇਲਾਵਾ ਭਾਰਤ ਦੇ ਕੁਝ ਪ੍ਰਮੁੱਖ ਗਾਇਕ ਸ੍ਰੀ ਹਰੀਹਰਨ, ਰੇਖਾ ਭਾਰਦਵਾਜ, ਰੌਣਕਨੀ ਗੁਪਤਾ, ਦੇਵੇਂਦਰ ਪਾਲ ਸਿੰਘ, ਜਸਪਿੰਦਰ ਨਰੂਲਾ ਅਤੇ ਹੋਰ ਵੀ ਹਾਜ਼ਰ ਸਨ। ਇਸ ਸਮਾਗਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 17ਵੇਂ ਸਿੱਧੇ ਵੰਸ਼ਜ, ਬੇਦੀ ਸਾਹਿਬ ਦੀ ਮੌਜੂਦਗੀ ਦਾ ਵੀ ਆਸ਼ੀਰਵਾਦ ਪ੍ਰਾਪਤ ਹੋਇਆ।
ਸਿੱਖ ਗੁਰੂਆਂ ਵੱਲੋਂ ਵਰਤੇ ਜਾਂਦੇ ਰਵਾਇਤੀ ਤਾਰਾਂ ਵਾਲੇ ਤੰਤੀ ਸਾਜ਼ਾਂ ਰਬਾਬ, ਸਰੰਦਾ, ਤਾਊਸ, ਸਾਰੰਗੀ, ਦਿਲਰੁਬਾ ਅਤੇ ਜੋੜੀ-ਪਖਾਵਜ ਦੇ ਨਾਲ-ਨਾਲ ਹੋਰ ਸ਼ਾਸਤਰੀ ਸਾਜ਼ਾਂ ਦੀ ਵਰਤੋਂ ਕਰਕੇ ਸ਼ਬਦਾਂ ਨੂੰ ਉਨ੍ਹਾਂ ਦੇ ਰਵਾਇਤੀ ਰਾਗ ਰੂਪਾਂ ਵਿੱਚ ਪੇਸ਼ ਕਰਕੇ 'ਸ਼ਬਦ ਨਾਦ' ਇਸ ਸਮਝ ਤੋਂ ਉੱਭਰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼ਬਦ ਨੂੰ ਪਵਿੱਤਰ ਧੁਨੀ ਵਜੋਂ ਗਾਇਆ ਅਤੇ ਅਨੁਭਵ ਕੀਤਾ ਜਾਣਾ ਹੈ। ਇਸ ਸੁਭਾਗੇ ਅਵਸਰ ਤੇ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ, ਗੁਰਪ੍ਰੀਤ ਸਿੰਘ ਤੂਰ, ਉੱਘੇ ਫੋਟੋਕਾਰ ਤੇਜ ਪ੍ਰਕਾਸ਼ ਸਿੰਘ ਸੰਧੂ, ਪੰਜਾਬ ਦੀ ਕੋਇਲ ਪਦਮਸ੍ਰੀ ਸੁਰਿੰਦਰ ਕੌਰ ਦੀ ਬੇਟੀ ਡੌਲੀ ਗੁਲੇਰੀਆ ਤੇ ਉਨ੍ਹਾਂ ਦੀ ਬੇਟੀ ਸੁਨਇਨੀ ਵੀ ਹਾਜ਼ਰ ਸਨ।