- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ:ਰਾਹੁਲ ਗਾਂਧੀ ਦੀ ਮਹਾਂ ਇਨਸਾਫ ਰੈਲੀ ਪੁੱਟੇਗੀ ਆਪ ਦੀ ਜੜ-ਰਾਣਾ ਗੁਰਜੀਤ ਸਿੰਘ

-ਲੁਧਿਆਣਾ ਸ਼ਹਿਰੀ ਤੇ ਦਿਹਾਤੀ ਦੇ ਆਗੂਆਂ ਦੀਆਂ ਲਾਈਆਂ ਡਿਊਟੀਆਂ
30
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਪੰਜਾਬ ਕਾਂਗਰਸ ਵੱਲੋਂ 4 ਨਵੰਬਰ ਨੂੰ ਇਨਸਾਫ ਰੈਲੀ ਕਰਵਾਈ ਜਾ ਰਹੀ ਹੈ। ਜਿਸ ਸਬੰਧੀ ਅੱਜ ਸਾਬਕਾ ਕੈਬਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸਰਕਟ ਹਾਊਸ, ਲੁਧਿਆਣਾ ਵਿੱਖੇ ਜ਼ਿਲ੍ਹਾ ਕਾਂਗਰਸ ਕਮੇਟੀ ਸਹਿਰੀ ਲੁਧਿਆਣਾ ਦੀ ਸੀਨੀਅਰ ਲੀਡਰਸ਼ਿਪ, ਅਹੁਦੇਦਾਰਾਂ ਤੇ ਵਰਕਰਾਂ ਨਾਲ ਇਸ ਰੈਲੀ ਨੂੰ ਕਾਮਯਾਬ ਕਰਨ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ। ਰਾਣਾ ਗੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਸੰਗਰੂਰ ’ਚ ਪੰਜਾਬ ਕਾਂਗਰਸ ਦੀ 'ਮਹਾਂ ਇਨਸਾਫ਼ ਰੈਲੀ' ਲਈ ਪੰਜਾਬ ਵਾਸੀਆਂ ਅਤੇ ਖਾਸ ਤੌਰ ’ਤੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸਾਹ ਹੈ। ਉਹਨਾਂ ਕਿਹਾ ਇਸ ਰੈਲੀ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਸਹਿਰੀ ਲੁਧਿਆਣਾ ਦੇ ਹਰ ਇੱਕ ਵਿਧਾਨ ਸਭਾ ਹਲਕੇ ਤੋਂ ਲਗਭਗ ਇੱਕ–ਇੱਕ ਹਜ਼ਾਰ ਕਾਂਗਰਸ ਪਾਰਟੀ ਦਾ ਵਰਕਰ ਸੰਗਰੂਰ ਦੀ ਰੈਲੀ ਵਿੱਚ ਸ਼ਾਮਲ ਹੋਵੇਗਾ। ਇਸ ਰੈਲੀ ਦਾ ਮੁੱਖ ਉਦੇਸ਼ ਭਾਜਪਾ ਵੱਲੋਂ ਸੰਵਿਧਾਨ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕਰਨਾ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਅਤੇ ਅਤਿਆਚਾਰ ਦੇ ਖ਼ਿਲਾਫ਼ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮੇਂ ਦੀ ਉਡੀਕ ਵਿੱਚ ਹਨ ਅਤੇ ਉਹ ਬਹੁਤ ਜਲਦ ਇਸ ਨਿਕੰਮੀ ਅਤੇ ਗੈਰ-ਤਜਰਬੇਕਾਰ ਪੰਜਾਬ ਸਰਕਾਰ ਨੂੰ ਚੱਲਦਾ ਕਰਨਾ ਚਾਹੁੰਦੇ ਹਨ। ਸੰਗਰੂਰ ਵਿਖੇ ਹੋਣ ਵਾਲੀ ਰੈਲੀ ਪੰਜਾਬ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸੂਬੇ ਦੇ ਲੋਕਾਂ ਨੂੰ ਇਕਜੁੱਟ ਅਤੇ ਲਾਮਬੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ, ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਸੁਰਿੰਦਰ ਡਾਵਰ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ, ਹਲਕਾ ਦੱਖਣੀ ਦੇ ਇੰਚਾਰਜ ਈਸ਼ਵਰ ਜੋਤ ਸਿੰਘ ਚੀਮਾ, ਕੇਕੇ ਬਾਵਾ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਸਾਬਕਾ ਚੇਅਰਮੈਨ ਪਾਲ ਸਿੰਘ ਗਰੇਵਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਵਨੀਤ ਸਿੰਘ ਗਿੱਲ ਸਮੇਤ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
-ਬਾਕਸ-
-ਰਾਣਾ ਗੁਰਜੀਤ ਦੇ ਸੱਜੇ ਖੱਬੇ ਨਜ਼ਰ ਆਏ ਆਸ਼ੂ, ਤਲਵਾੜ ਤੇ ਬੈਂਸ
ਪੰਜਾਬ ਕਾਂਗਰਸ ਅੰਦਰ ਆਪਸੀ ਧੜੇਬਾਜ਼ੀ ਖਤਮ ਕਰਨ ਦੇ ਮਕਸਦ ਦੇ ਨਾਲ ਭਾਵੇਂ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਪ੍ਰਧਾਨ ਬਦਲ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਕਾਂਗਰਸ ਦੇ ਸੂਬਾ ਇੰਚਾਰਜ ਸਚਿਨ ਪਾਇਲਟ ਦੇ ਨਾਲ ਸਾਰੇ ਆਗੂ ਇੱਕ ਗੱਡੀ ਵਿੱਚ ਸਵਾਰ ਵੀ ਨਜ਼ਰ ਆਏ। ਪਰ ਬੀਤੇ ਦਿਨ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੀ ਇੱਕ ਮੀਟਿੰਗ ਵਿੱਚ ਸਾਬਕਾ ਕੈਬਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕਮੀ ਰੜਕਦੀ ਰਹੀ, ਜਦੋਂ ਕਿ ਸਾਬਕਾ ਪ੍ਰਧਾਨ ਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਭਾਰਤ ਭੂਸ਼ਣ ਆਸ਼ੂ ਦੇ ਹਲਕੇ ਦੇ ਵਿੱਚ ਹੀ ਕੁਝ ਪਰਿਵਾਰਾਂ ਦੇ ਘਰ ਵੀ ਗਏ। ਪਰ ਅੱਜ ਰਾਹੁਲ ਗਾਂਧੀ ਦੀ ਰੈਲੀ ਸਬੰਧੀ ਮੀਟਿੰਗ ਕਰਨ ਆਈ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਸੱਜੇ ਖੱਬੇ ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ ਅਤੇ ਸਿਮਰਜੀਤ ਬੈਂਸ ਬੈਠੇ ਨਜ਼ਰ ਆਏ। ਜਿਸ ਇੱਕ ਵਾਰ ਫਿਰ ਕਾਂਗਰਸੀਆਂ ਅੰਦਰ ਚਰਚਾ ਛੇੜ ਦਿੱਤੀ ਹੈ ਕਿ ਇਹ ਆਗੂ ਇੱਕ ਜੁੱਟ ਹੋ ਗਏ ਹਨ ਜਾਂ ਫਿਰ ਦਿਲਾਂ ਵਿੱਚ ਦਿਲਾਂ ਵਿੱਚ ਤਾਂ ਦੂਰੀ ਹੈ ਪਰ ਲੋਕ ਵਿਖਾਵਾ ਕਰਨਾ ਵੀ ਮਜਬੂਰੀ ਹੈ।