- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁੱਧ ਉਤਪਾਦਕਾਂ ਨੂੰ ਸਰਕਾਰੀ ਸਕੀਮਾਂ ਅਤੇ ਪਸ਼ੂ ਬੀਮੇ ਸਬੰਧੀ ਕੀਤਾ ਜਾਗਰੂਕ

13)
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਦੁੱਧ ਉਤਪਾਦਕਾਂ ਨੂੰ ਸਰਕਾਰੀ ਸਕੀਮਾਂ, ਪਸ਼ੂਆਂ ਦੀ ਸੰਤੁਲਿਤ ਖੁਰਾਕ, ਆਧੁਨਿਕ ਡੇਅਰੀ ਪ੍ਰਬੰਧਨ ਅਤੇ ਸਬਸਿਡੀ ਵਾਲੀਆਂ ਦਰਾਂ ’ਤੇ ਪਸ਼ੂਆਂ ਦਾ ਬੀਮਾ ਕਰਵਾਉਣ ਸਬੰਧੀ ਜਾਗਰੂਕ ਕਰਨ ਲਈ ਪਿੰਡ ਦੁਲੇਅ, ਬਲਾਕ ਲੁਧਿਆਣਾ-1 ਵਿਖੇ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦੌਰਾਨ ਰਿਟਾਇਰਡ ਜੁਆਇੰਟ ਡਾਇਰੈਕਟਰ ਡਾ. ਗੁਰਨਾਮ ਸਿੰਘ ਸੇਖੋਂ, ਸਾਬਕਾ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਬਲਵਿੰਦਰ ਸਿੰਘ ਪੰਧੇਰ, ਡੇਅਰੀ ਵਿਕਾਸ ਇੰਸਪੈਕਟਰ, ਸੁਖਵਿੰਦਰ ਸਿੰਘ ਅਤੇ ਅੰਕਿਤ ਕਪੂਰ ਨੇ ਡੇਅਰੀ ਫਾਰਮਰਾਂ ਨੂੰ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤੇ ਸਰਗਰਮੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡੇਅਰੀ ਫਾਰਮ ਸਥਾਪਤ ਕਰਨ ਅਤੇ ਮੌਜੂਦਾ ਡੇਅਰੀ ਯੂਨਿਟਾਂ ਨੂੰ ਆਧੁਨਿਕ ਬਣਾਉਣ ਲਈ ਬੈਂਕਾਂ ਤੋਂ ਡੇਅਰੀ ਕਰਜ਼ਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਵਿਭਾਗੀ ਸਕੀਮਾਂ ਤਹਿਤ ਯੋਗ ਲਾਭਪਾਤਰੀਆਂ ਨੂੰ ਨਿਯਮਾਂ ਅਤੇ ਉਪਲਬਧਤਾ ਅਨੁਸਾਰ ਡੇਅਰੀ ਯੂਨਿਟਾਂ ਦੀ ਸਥਾਪਨਾ, ਪਸ਼ੂਆਂ ਦੇ ਸ਼ੈੱਡਾਂ ਦੀ ਉਸਾਰੀ ਅਤੇ ਮਿਲਕਿੰਗ ਮਸ਼ੀਨਾਂ ਦੀ ਖਰੀਦ ਲਈ ਮਿਲਣ ਵਾਲੀ ਸਹਾਇਤਾ ਤੇ ਸਬਸਿਡੀ ਬਾਰੇ ਜਾਣੂ ਕਰਵਾਇਆ ਗਿਆ। ਬੁਲਾਰਿਆਂ ਨੇ ਪਸ਼ੂ ਪਾਲਕਾਂ ਨੂੰ ਸਬਸਿਡੀ ਵਾਲੀਆਂ ਦਰਾਂ ’ਤੇ ਪਸ਼ੂਆਂ ਦਾ ਬੀਮਾ ਕਰਵਾਉਣ ਦੀ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਸ਼ੂਆਂ ਦੀ ਸਿਹਤ ਤੇ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਵਰਗ ਦੇ ਲਾਭਪਾਤਰੀਆਂ ਲਈ ਵਿਭਾਗ ਵੱਲੋਂ ਦਿੱਤੀ ਜਾਂਦੀ ਮੁਫ਼ਤ ਡੇਅਰੀ ਸਿਖਲਾਈ ਬਾਰੇ ਵੀ ਦੱਸਿਆ ਗਿਆ। ਕੈਂਪ ਦੌਰਾਨ ਡੇਅਰੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਵਿਭਾਗ ਨਾਲ ਸੰਪਰਕ ਕਰਕੇ ਵੱਖ-ਵੱਖ ਸਕੀਮਾਂ ਦੀ ਯੋਗਤਾ, ਸ਼ਰਤਾਂ ਅਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਕੈਂਪ ਦਾ ਮੁੱਖ ਉਦੇਸ਼ ਦੁੱਧ ਉਤਪਾਦਕਾਂ ਨੂੰ ਆਧੁਨਿਕ ਡੇਅਰੀ ਪ੍ਰਬੰਧਨ ਤਕਨੀਕਾਂ ਅਤੇ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਕੇ ਡੇਅਰੀ ਕਿੱਤੇ ਨੂੰ ਵਧੇਰੇ ਲਾਹੇਵੰਦ ਬਣਾਉਣਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਉਤਸ਼ਾਹਿਤ ਕਰਨਾ ਸੀ।