- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਨੇ ਪੀਐੱਮਐੱਚ 19 ਦੇ ਵਪਾਰੀਕਰਨ ਲਈ ਕੀਤਾ ਸਮਝੌਤਾ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਬਸੰਤ ਰੁੱਤ ਦੀ ਮੱਕੀ ਦੇ ਵੱਧ ਝਾੜ ਦੇਣ ਵਾਲੇ ਹਾਈਬ੍ਰਿਡ ਪੀਐਮਐਚ 19 ਦੇ ਵਪਾਰੀਕਰਨ ਲਈ ਡੀਸੀਐੱਮ ਸ਼੍ਰੀਰਾਮ ਲਿਮਿਟਿਡ, ਗੁਰੂਗ੍ਰਾਮ, ਹਰਿਆਣਾ ਨਾਲ ਸਮਝੌਤਾ ਪੱਤਰ (ਐੱਮਓਏ) ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਨਾਲ ’ਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਨੂੰ ਉਦਯੋਗਿਕ ਸਾਂਝੇਦਾਰੀ ਰਾਹੀਂ ਕਿਸਾਨਾਂ ਤੱਕ ਪਹੁੰਚਾਉਣ ਵੱਲ ਇੱਕ ਹੋਰ ਅਹਿਮ ਕਦਮ ਪੁੱਟਿਆ ਗਿਆ ਹੈ। ਪੀਏਯੂ ਦੇ ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਅਤੇ ਡੀਸੀਐੱਮ ਸ਼੍ਰੀਰਾਮ ਲਿਮਿਟਿਡ ਵੱਲੋਂ ਡਾ. ਵਿਨੀਤ ਕੁਮਾਰ ਨੇ ਆਪੋ-ਆਪਣੀਆਂ ਸੰਸਥਾਵਾਂ ਵੱਲੋਂ ਸਮਝੌਤੇ ’ਤੇ ਦਸਤਖ਼ਤ ਕੀਤੇ। ਇਸ ਮੌਕੇ ਖੇਤੀਬਾੜੀ ਦੇ ਵਧੀਕ ਖੋਜ ਨਿਰਦੇਸ਼ਕ ਡਾ. ਵੀ.ਐੱਸ. ਸੋਹੂ, ਡਾ. ਖੁਸ਼ਦੀਪ ਧਰਨੀ, ਡਾ. ਸੁਰਿੰਦਰ ਸੰਧੂ, ਡਾ. ਤੋਸ਼ ਗਰਗ ਤੇ ਮੱਕੀ ਦੇ ਬ੍ਰੀਡਰ ਡਾ. ਆਸ਼ੂਤੋਸ਼ ਕੁਸ਼ਵਾਹ ਵੀ ਹਾਜ਼ਰ ਸਨ। ਡਾ. ਢੱਟ ਅਨੁਸਾਰ ਪੀਐੱਮਐੱਚ 19 ਨੂੰ ਕੇਂਦਰੀ ਕਿਸਮ ਜਾਰੀਕਰਨ ਕਮੇਟੀ ਵੱਲੋਂ ਉੱਤਰ-ਪੱਛਮੀ ਮੈਦਾਨੀ ਖੇਤਰ ’ਚ ਬਸੰਤ ਰੁੱਤ ਦੌਰਾਨ ਕਾਸ਼ਤ ਲਈ ਮਨਜ਼ੂਰੀ ਦਿੱਤੀ ਹੈ। ਇਸ ਖੇਤਰ ’ਚ ਪੰਜਾਬ, ਹਰਿਆਣਾ, ਦਿੱਲੀ, ਉੱਤਰਾਖੰਡ ਦੇ ਮੈਦਾਨੀ ਇਲਾਕੇ ਤੇ ਪੱਛਮੀ ਉੱਤਰ ਪ੍ਰਦੇਸ਼ ਸ਼ਾਮਲ ਹਨ। ਉਨ੍ਹਾਂ ਇਸ ਹਾਈਬ੍ਰਿਡ ਦੇ ਸਫ਼ਲ ਵਪਾਰੀਕਰਨ ਲਈ ਡਾ. ਸੁਰਿੰਦਰ ਸੰਧੂ ਅਤੇ ਉਨ੍ਹਾਂ ਦੀ ਮੱਕੀ ਸੁਧਾਰ ਟੀਮ ਨੂੰ ਵਧਾਈ ਦਿੱਤੀ। ਡਾ. ਸੁਰਿੰਦਰ ਸੰਧੂ ਨੇ ਦੱਸਿਆ ਕਿ ਪੀਐਮਐਚ 19 ਬਸੰਤ ਰੁੱਤ ਦੀ ਕਾਸ਼ਤ ਲਈ ਵਿਸ਼ੇਸ਼ ਤੌਰ ’ਤੇ ਵਿਕਸਤ ਕੀਤਾ ਸਿੰਗਲ-ਕਰਾਸ ਮੱਕੀ ਹਾਈਬ੍ਰਿਡ ਹੈ। ਉੱਤਰ-ਪੱਛਮੀ ਮੈਦਾਨੀ ਖੇਤਰ ਵਿੱਚ ਕਰਵਾਏ ਗਏ ਆਲ ਇੰਡੀਆ ਕੋਆਰਡੀਨੇਟਿਡ ਮੱਕੀ ਝਾੜ ਪਰਖ ਟਰਾਇਲਾਂ ਦੌਰਾਨ ਇਸ ਦਾ ਔਸਤ ਝਾੜ 10.5 ਟਨ ਪ੍ਰਤੀ ਹੈਕਟੇਅਰ ਦਰਜ ਕੀਤਾ ਗਿਆ। ਇਸ ਦੀ ਵਧੀਆ ਦਾਣਾ ਗੁਣਵੱਤਾ ਤੇ ਖੇਤਰ ਦੇ ਖੇਤੀ-ਜਲਵਾਯੂ ਅਨੁਕੂਲਤਾ ਕਾਰਨ ਇਹ ਖੁਰਾਕੀ ਤੇ ਸਨਅਤੀ ਵਰਤੋਂ ਲਈ ਢੁੱਕਵਾਂ ਹੈ।