- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਗੁਰਦੁਆਰਾ ਸਿੰਘਾਂ ਸ਼ਹੀਦਾਂ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ

ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ, ਲੁਧਿਆਣਾ
ਗੁਰਦੁਆਰਾ ਸਿੰਘਾਂ ਸ਼ਹੀਦਾਂ, ਪੁਰਾਣੀ ਚੱਕੀ ਵਿਖੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂਤਾ ਗੱਦੀ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਦੱਸਿਆ ਕਿ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ। ਇਸ ਉਪਰੰਤ ਗੁਰਬਾਣੀ ਕੀਰਤਨ ਦੇ ਦੀਵਾਨ ਸਜਾਏ ਗਏ। ਰਹਿਰਾਸ ਸਾਹਿਬ ਦੇ ਪਾਠ ਉਪਰੰਤ ਭਾਈ ਹਰਜੀਤ ਸਿੰਘ, ਭਾਈ ਪਰਮਜੀਤ ਸਿੰਘ ਅਤੇ ਭਾਈ ਕਰਮ ਸਿੰਘ ਜਲੰਧਰ ਵਾਲਿਆਂ ਦੇ ਕੀਰਤਨੀ ਜਥਿਆਂ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਸੰਗਤਾਂ ਨੇ ਸ਼ਰਧਾ ਨਾਲ ਗੁਰੂ ਜਸ ਸਰਵਣ ਕੀਤਾ। ਬਾਬਾ ਆਲੋਵਾਲ ਨੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਨ੍ਹਾਂ ਸੰਗਤ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਣ, ਨਾਮ ਸਿਮਰਨ ਕਰਨ ਅਤੇ ਆਪਸੀ ਭਾਈਚਾਰਾ ਮਜ਼ਬੂਤ ਬਣਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ 30 ਅਕਤੂਬਰ ਨੂੰ 25 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਕਰਵਾਏ ਜਾ ਰਹੇ ਸਮੂਹਿਕ ਵਿਆਹਾਂ ਦੀ ਵੀ ਸ਼ਲਾਘਾ ਕੀਤੀ।