- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਰਾਜਾ ਵੜਿੰਗ ਨੇ ਰਾਹੁਲ ਸ਼ਰਮਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਜ਼ਰੂਰੀ ਖ਼ਬਰ)
-ਕਿਹਾ, ਡਰੋਨਾਂ ਰਾਹੀਂ ਪੰਜਾਬ ’ਚ ਵੱਡੀ ਮਾਤਰਾ ’ਚ ਹਥਿਆਰ ਤੇ ਨਸ਼ੇ ਪਹੁੰਚ ਰਹੇ ਹਨ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਲੁਧਿਆਣਾ ਤੋਂ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਦੇ ਮਸ਼ਹੂਰ ਪੰਡਿਤ ਛੋਲੇ ਕੁਲਚੇ ਵਾਲੇ ਦੇ ਮਾਲਕ ਦੇ ਪੁੱਤਰ ਰਾਹੁਲ ਸ਼ਰਮਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਕੁਝ ਦਿਨ ਪਹਿਲਾਂ ਸ਼ਹਿਰ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਰਾਹੁਲ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮੌਕੇ ਰਾਜਾ ਵੜਿੰਗ ਨੇ ਪ੍ਰੇਮ ਨਗਰ ਸਥਿਤ ਉਨ੍ਹਾਂ ਦੇ ਘਰ ਪਹੁੰਚ ਕੇ ਰਾਹੁਲ ਦੇ ਪਿਤਾ ਕੁਲਦੀਪ ਸ਼ਰਮਾ ਨਾਲ ਦੁੱਖ ਸਾਂਝਾ ਕੀਤਾ ਤੇ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਪ੍ਰਗਟਾਈ। ਵੜਿੰਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਰਿਵਾਰ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਮੁਲਜ਼ਮ ਗ੍ਰਿਫ਼ਤਾਰ ਹੋਏ ਹਨ ਜਾਂ ਨਹੀਂ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਾਲ ਫ਼ੋਨ ’ਤੇ ਗੱਲ ਕਰਨ ਤੋਂ ਬਾਅਦ ਉਨ੍ਹਾਂ ਪੁਸ਼ਟੀ ਕੀਤੀ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਹੱਤਿਆ ਦੇ ਪਿੱਛੇ ਕੀ ਕਾਰਨ ਸੀ, ਇਹ ਅਜੇ ਪਤਾ ਨਹੀਂ ਲੱਗਿਆ। ਉਨ੍ਹਾਂ ਨੇ ਮੁੜ ਪੁਲਿਸ ਕਮਿਸ਼ਨਰ ਨੂੰ ਫ਼ੋਨ ਕੀਤਾ, ਪਰ ਉਹ ਮੀਟਿੰਗ ਵਿੱਚ ਰੁੱਝੇ ਹੋਏ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਦੌਰਾਨ ਮ੍ਰਿਤਕ ਦੀ ਉਮਰ ਮਹਿਜ਼ 34 ਸਾਲ ਹੋਣ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਹੋਣ ਦਾ ਜ਼ਿਕਰ ਕਰਦਿਆਂ, ਵੜਿੰਗ ਨੇ ਕਿਹਾ ਕਿ ਆਖ਼ਰ ਇਸ ਘਟਨਾ ਪਿੱਛੇ ਕੀ ਕਾਰਨ ਸੀ? ਨੌਜਵਾਨ ਦਾ ਕਤਲ ਕਿਉਂ ਕੀਤਾ ਗਿਆ? ਨਾ ਕੋਈ ਦੁਸ਼ਮਣੀ ਸੀ ਤੇ ਨਾ ਹੀ ਕੋਈ ਝਗੜਾ। ਅਜਿਹੀ ਘਟਨਾ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ। ਉਨ੍ਹਾਂ ਨੇ ਇਸ ਘਟਨਾ ਦੇ ਨਾਲ-ਨਾਲ ਸੂਬੇ ਦੀ ਸਮੁੱਚੀ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਵੀ ਚਿੰਤਾ ਪ੍ਰਗਟਾਈ।
ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਹਥਿਆਰਾਂ ਦੀ ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਜਿਵੇਂ ਸੜਕਾਂ ਕੰਢੇ ਰੇਹੜੀਆਂ ’ਤੇ ਸੇਬ ਵਿਕਦੇ ਹਨ, ਉਸੇ ਤਰ੍ਹਾਂ ਹਥਿਆਰ ਵੀ ਆਸਾਨੀ ਨਾਲ ਉਪਲੱਬਧ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਅੱਤਵਾਦ ਦੇ ਦੌਰ ਦੌਰਾਨ ਵੀ ਹਾਲਾਤ ਅੱਜ ਜਿੰਨੇ ਚਿੰਤਾਜਨਕ ਨਹੀਂ ਸਨ। ਅੱਤਵਾਦ ਸਮੇਂ ਪੰਜਾਬ ’ਚ ਅੱਜ ਜਿੰਨੇ ਗੈਰ-ਕਾਨੂੰਨੀ ਹਥਿਆਰ ਨਹੀਂ ਸਨ। ਉਸ ਸਮੇਂ ਏਕੇ-47 ਮਿਲਣਾ ਆਸਾਨ ਨਹੀਂ ਸੀ। ਅੱਜ ਨੌਜਵਾਨਾਂ ਤੋਂ ਸੁਣਨ ਨੂੰ ਮਿਲਦਾ ਹੈ ਕਿ ਜੇਕਰ ਕੋਈ ਏਕੇ-47 ਖ਼ਰੀਦਣਾ ਚਾਹੇ, ਤਾਂ ਖਰੀਦ ਸਕਦਾ ਹੈ। ਅੱਜ ਹਾਲਾਤ ਅਜਿਹੇ ਬਣੇ ਹਨ ਕਿ ਡਰੋਨਾਂ ਰਾਹੀਂ ਵੱਡੀ ਮਾਤਰਾ ’ਚ ਹਥਿਆਰ ਅਤੇ ਨਸ਼ੇ ਸਪਲਾਈ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਪਵਨ ਦੀਵਾਨ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ, ਸਾਬਕਾ ਵਿਧਾਇਕ ਕੁਲਦੀਪ ਵੈਦ, ਸਿਮਰਨਜੀਤ ਸਿੰਘ ਬੈਂਸ, ਰਾਜਾ ਵੜਿੰਗ ਦੇ ਓਐੱਸਡੀ ਜਗਸੀਰ ਸਿੱਧੂ, ਨਿਰਮਲ ਕੈੜਾ, ਮਨਿੰਦਰ ਪਾਲ ਗੁਲਿਆਣੀ, ਰੋਹਿਤ ਪਾਹਵਾ, ਕੁਲਬੀਰ ਨੀਟਾ, ਬ੍ਰਿਜ ਮੋਹਨ ਸ਼ਰਮਾ, ਦੀਪਕ ਹੰਸ, ਹਰਭਗਤ ਗਰੇਵਾਲ, ਜਸਵਿੰਦਰ ਸਿੰਘ ਓਸਸਾਹਨ ਅਤੇ ਵਰੁਣ ਸ਼ਰਮਾ ਵੀ ਮੌਜੂਦ ਸਨ।