- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਲੀਡ:ਰਾਹੁਲ ਕਤਲ ਕਾਂਡ ’ਚ ਇੱਕ ਹਫ਼ਤੇ ਬਾਅਦ ਪੁਲਿਸ ਦੀ ਵੱਡੀ ਕਾਰਵਾਈ, ਮੁੱਖ ਮੁਲਜ਼ਮ ਗਗਨ ਅਰੋੜਾ ਗ੍ਰਿਫ਼ਤਾਰ

ਲੀਡ...)
-ਇਕ ਹਫ਼ਤੇ ਬਾਅਦ ਪੁਲਿਸ ਦੀ ਵੱਡੀ ਕਾਰਵਾਈ, ਨੌਂ ’ਚੋਂ ਇਕ ਕਾਬੂ, 3 ਹੋਰ ਹਿਰਾਸਤ ’ਚ ਲਏ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਪਿੰਡ ਦਾਦ ਸਥਿੱਤ ਗ੍ਰੀਨ ਵਰਲਡ ਹੋਮਜ਼ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਹੋਏ ਗੋਲੀਕਾਂਡ ਵਿੱਚ ਰਾਹੁਲ ਸ਼ਰਮਾ ਦੀ ਮੌਤ ਦੇ ਮਾਮਲੇ ਵਿੱਚ ਇੱਕ ਹਫ਼ਤੇ ਦੀ ਜਾਂਚ ਮਗਰੋਂ ਪੁਲਿਸ ਨੇ ਅਹਿਮ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਗਗਨਦੀਪ ਸਿੰਘ ਅਰੋੜਾ ਉਰਫ਼ ਗਗਨ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਨਾਲ ਸਬੰਧਤ ਤਿੰਨ ਹੋਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਰਾਹੁਲ ਦੀ ਮੌਤ ਤੋਂ ਬਾਅਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਉਸ ਦੀ ਪਤਨੀ ਦੀਪਿਕਾ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕੇ ਸਨ। ਹੁਣ ਗਗਨ ਅਰੋੜਾ ਦੀ ਗ੍ਰਿਫ਼ਤਾਰੀ ਨਾਲ ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਜਾਂਚ ਨੇ ਨਵਾਂ ਮੋੜ ਲੈ ਲਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਮੁਲਜ਼ਮ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਹਿਰਾਸਤ ਵਿੱਚ ਲਏ ਤਿੰਨ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦਾ ਮੁੱਖ ਕੇਂਦਰ ਵਾਰਦਾਤ ਵਾਲੀ ਰਾਤ ਦੇ ਹਾਲਾਤ, ਗੋਲੀ ਚੱਲਣ ਦੇ ਕਾਰਨਾਂ ਅਤੇ ਮਾਮਲੇ ਵਿੱਚ ਨਾਮਜ਼ਦ ਹੋਰਨਾਂ ਵਿਅਕਤੀਆਂ ਦੀ ਭੂਮਿਕਾ ਨੂੰ ਸਪੱਸ਼ਟ ਕਰਨਾ ਹੈ।ਰਾਹੁਲ ਸ਼ਰਮਾ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਚਾਰ ਟੀਮਾਂ ਬਣਾਈਆਂ ਗਈਆਂ ਸਨ। ਕਈ ਦਿਨਾਂ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਮਾਮਲਾ ਲਗਾਤਾਰ ਚਰਚਾ ਵਿੱਚ ਰਿਹਾ। ਰਾਹੁਲ ਦੀ ਪਤਨੀ ਦੀਪਿਕਾ ਨੇ ਵੀ ਸਵਾਲ ਉਠਾਇਆ ਸੀ ਕਿ ਜਦੋਂ ਪੁਲਿਸ ਕੋਲ ਮੁਲਜ਼ਮਾਂ ਦੇ ਨਾਂ ਹਨ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਦੇਰੀ ਕਿਉਂ ਹੋ ਰਹੀ ਹੈ। ਹੁਣ ਪੁਲਿਸ ਨੇ ਮੁੱਖ ਮੁਲਜ਼ਮ ਗਗਨਦੀਪ ਸਿੰਘ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਜਾਂਚ ਦੇ ਅਹਿਮ ਪੜਾਅ ਵਜੋਂ ਦੇਖੀ ਜਾ ਰਹੀ ਹੈ, ਕਿਉਂਕਿ ਹੁਣ ਪੁੱਛਗਿੱਛ ਦੌਰਾਨ ਵਾਰਦਾਤ ਨਾਲ ਜੁੜੇ ਹੋਰ ਤੱਥਾਂ ਦੀ ਪੁਸ਼ਟੀ ਕਰਨ ਅਤੇ ਘਟਨਾ ਦੇ ਪੂਰੇ ਘਟਨਾਕ੍ਰਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ।
-ਤਿੰਨ ਹੋਰ ਵਿਅਕਤੀ ਹਿਰਾਸਤ ’ਚ, ਵਾਰਦਾਤ ਦੀਆਂ ਪਰਤਾਂ ਖੋਲ੍ਹਣ ਦੀ ਕੋਸ਼ਿਸ਼
ਪੁਲਿਸ ਨੇ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਤਿੰਨ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਰਟੀ ਦੌਰਾਨ ਕੀ ਕੁਝ ਵਾਪਰਿਆ ਸੀ ਅਤੇ ਘਟਨਾ ਨਾਲ ਜੁੜੇ ਵਿਅਕਤੀਆਂ ਦੀ ਕੀ ਭੂਮਿਕਾ ਰਹੀ।
-ਬਾਕਸ-
-ਪਿਤਾ ਦੇ ਬਿਆਨਾਂ ’ਤੇ ਨੌਂ ਵਿਅਕਤੀਆਂ ਖ਼ਿਲਾਫ਼ ਦਰਜ ਹੋਇਆ ਸੀ ਮਾਮਲਾ
ਰਾਹੁਲ ਦੇ ਪਿਤਾ ਕੁਲਦੀਪ ਕੁਮਾਰ ਸ਼ਰਮਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਅਖਿਲ ਜੋਸ਼ੀ, ਗਗਨਦੀਪ ਅਰੋੜਾ ਸਮੇਤ ਨੌਂ ਵਿਅਕਤੀਆਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। ਮੁੱਢਲੀ ਜਾਣਕਾਰੀ ਅਨੁਸਾਰ ਪਾਰਟੀ ਦੌਰਾਨ ਕਾਰੋਬਾਰੀ ਮਾਮਲੇ ਨੂੰ ਲੈ ਕੇ ਤਕਰਾਰ ਹੋਣ ਤੋਂ ਬਾਅਦ ਗੋਲੀ ਚੱਲਣ ਦਾ ਸ਼ੱਕ ਜਤਾਇਆ ਗਿਆ ਸੀ। ਹਾਲਾਂਕਿ, ਘਟਨਾ ਦੇ ਅਸਲ ਕਾਰਨਾਂ ਅਤੇ ਗੋਲੀ ਚੱਲਣ ਦੇ ਹਾਲਾਤ ਬਾਰੇ ਅੰਤਿਮ ਸਥਿਤੀ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਗਗਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਬਾਕੀ ਨਾਮਜ਼ਦ ਵਿਅਕਤੀਆਂ ਦੀ ਭਾਲ ਤੇ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਵੀ ਅਹਿਮ ਰਹੇਗੀ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਦੇ ਮੱਦੇਨਜ਼ਰ ਪੁਲਿਸ ਦੀ ਅਗਲੀ ਕਾਰਵਾਈ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
-ਬਾਕਸ-
-ਜਨਮ ਦਿਨ ਦੀ ਪਾਰਟੀ ’ਚ ਗੋਲ਼ੀ ਲੱਗਣ ਕਾਰਨ ਹੋਈ ਸੀ ਰਾਹੁਲ ਦੀ ਮੌਤ
34 ਸਾਲਾ ਰਾਹੁਲ ਸ਼ਰਮਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਪਰਿਵਾਰ ਦੇ ਖਾਣ-ਪੀਣ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ ਅਤੇ ਜਾਇਦਾਦ ਦੇ ਕਾਰੋਬਾਰ ਵਿੱਚ ਵੀ ਸਰਗਰਮ ਸੀ। ਉਹ ਪਿਛਲੇ ਬੁੱਧਵਾਰ ਰਾਤ ਆਪਣੀ ਦੁਕਾਨ ਬੰਦ ਕਰਨ ਤੋਂ ਬਾਅਦ ਦੋਸਤ ਅਖਿਲ ਜੋਸ਼ੀ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪਿੰਡ ਦਾਦ ਸਥਿਤ ਗ੍ਰੀਨ ਵਰਲਡ ਹੋਮਜ਼ ਪਹੁੰਚਿਆ ਸੀ। ਇਸੇ ਦੌਰਾਨ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਰਾਹੁਲ ਦੀ ਮੌਤ ਨੇ ਪਰਿਵਾਰ ਨੂੰ ਡੂੰਘੇ ਸਦਮੇ ’ਚ ਧੱਕ ਦਿੱਤਾ ਸੀ। ਉਸਦੀ ਪਤਨੀ ਦੀਪਿਕਾ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਸ ਨੂੰ ਹਾਲੇ ਤੱਕ ਇਨਸਾਫ਼ ਮਿਲਣ ਦੀ ਉਡੀਕ ਹੈ। ਹੁਣ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਅਤੇ ਤਿੰਨ ਹੋਰ ਵਿਅਕਤੀਆਂ ਕੋਲੋਂ ਪੁੱਛਗਿੱਛ ਨਾਲ ਪਰਿਵਾਰ ਨੂੰ ਉਮੀਦ ਹੈ ਕਿ ਜਾਂਚ ਤੇਜ਼ੀ ਨਾਲ ਅੱਗੇ ਵਧੇਗੀ ਤੇ ਮਾਮਲੇ ਦੀ ਸੱਚਾਈ ਸਾਹਮਣੇ ਆਵੇਗੀ। ਇਸ ਮਾਮਲੇ ਵਿੱਚ ਸੀਆਈਏ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਡਿਟੇਨ ਕੀਤਾ ਹੈ ਜਲਦ ਹੀ ਗ੍ਰਿਫਤਾਰੀ ਪਾਉਣ ਤੋਂ ਬਾਅਦ ਉਸਦੀ ਪੁੱਛਗਿੱਛ ਕੀਤੀ ਜਾਵੇਗੀ ਪੁਲਿਸ ਦਾ ਮੰਨਣਾ ਹੈ ਕਿ ਪੜਤਾਲ ਦੇ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ।