- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਲਡੀਕੋ ਚੌਕੀ ਦੇ ਬਾਹਰ ਕਾਰ ਸਵਾਰ ’ਤੇ ਚੱਲੀ ਗੋਲੀ, ਪਰਿਵਾਰ ਸਮੇਤ ਜਾ ਰਹੇ ਜਸਪਾਲ ਸਿੰਘ ਜੱਸਾ ਜ਼ਖ਼ਮੀ

-ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਰਾਤ 3 ਵਜੇ ਵਾਰਦਾਤ ਨੂੰ ਦਿੱਤਾ ਅੰਜਾਮ, ਪੁਲਿਸ ਖੰਗਾਲ ਰਹੀ ਸੀਸੀਟੀਵੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ
ਥਾਣਾ ਸਲੇਮ ਟਾਬਰੀ ਅਧੀਨ ਪੈਂਦੀ ਐਲਡੀਕੋ ਚੌਕੀ ਤੋਂ ਮਹਿਜ਼ 50 ਮੀਟਰ ਦੀ ਦੂਰੀ ’ਤੇ ਮੁੱਖ ਜੀਟੀ ਰੋਡ ’ਤੇ ਦੇਰ ਰਾਤ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਰਾਤ ਕਰੀਬ 3 ਵਜੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਪਰਿਵਾਰ ਸਮੇਤ ਕਾਰ ਵਿੱਚ ਜਾ ਰਹੇ ਜਸਪਾਲ ਸਿੰਘ ਜੱਸਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਉਸ ’ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਜਸਪਾਲ ਸਿੰਘ ਜੱਸਾ ਅਤੇ ਉਸਦੀ ਧੀ ਪ੍ਰਿਆ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਹੈ। ਐਲਡੀਕੋ ਚੌਕੀ ਦੇ ਇੰਚਾਰਜ ਕਰਨਜੀਤ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਜੱਸਾ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਕਾਰ ਵਿੱਚ ਸਵਾਰ ਹੋ ਕੇ ਆਪਣੀ ਭੈਣ ਨੂੰ ਮਿਲਣ ਤੋਂ ਬਾਅਦ ਵਾਪਸ ਆ ਰਿਹਾ ਸੀ। ਇਸ ਦੌਰਾਨ ਰਸਤੇ ’ਚ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਮੁਲਜ਼ਮਾਂ ਨੇ ਕਾਰ ਸਵਾਰਾਂ ’ਤੇ ਗੋਲੀ ਚਲਾ ਦਿੱਤੀ, ਜੋ ਜਸਪਾਲ ਸਿੰਘ ਜੱਸਾ ਅਤੇ ਉਸਦੀ ਧੀ ਨੂੰ ਲੱਗੀ। ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਚੌਕੀ ਇੰਚਾਰਜ ਅਨੁਸਾਰ ਜ਼ਖ਼ਮੀ ਜਸਪਾਲ ਸਿੰਘ ਜੱਸਾ ਮੂਲ ਰੂਪ ਵਿੱਚ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੇ ਮੌਜੂਦਾ ਸਮੇਂ ਵਿੱਚ ਤਲਵੰਡੀ ਕਲਾਂ ਵਿਖੇ ਰਹਿ ਰਿਹਾ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਪਹੁੰਚਿਆ ਜਾ ਸਕੇ। ਚੌਕੀ ਇੰਚਾਰਜ ਕਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ।