ਲੁਧਿਆਣਾ ’ਚ ਸੁਰੱਖਿਅਤ ਬਚਪਨ ਮੁਹਿੰਮ ਦੀ ਸ਼ੁਰੂਆਤ 3 ਨੰਬਰ ਦਾ ਬੌਟਮ-ਲੁਧਿਆਣਾ ਵਿੱਚ ਸੁਰੱਖਿਅਤ ਬਚਪਨ ਮੁਹਿੰਮ ਦੀ ਸ਼ੁਰੂਆਤ
Publish Date: Thu, 29 Oct 2026 06:38 PM (IST)
Updated Date: Fri, 30 Oct 2026 04:04 AM (IST)
ਬੌਟਮ..) -ਸੀਜੀਐੱਮ ਵੱਲੋਂ ਬਾਲ ਸੁਰੱਖਿਆ ਪ੍ਰਤੀ ਜਾਗਰੂਕਤਾ ’ਤੇ ਦਿੱਤਾ ਜ਼ੋਰ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ, ਨਿੱਜੀ ਸੁਰੱਖਿਆ ਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਬਾਰੇ ਕਾਨੂੰਨ (ਪੋਕਸੋ), 2012 ਪ੍ਰਤੀ ਜਾਗਰੂਕ ਕਰਨ ਲਈ ਦੇਸ਼-ਵਿਆਪੀ ਸਕੂਲੀ ਜਾਗਰੂਕਤਾ ਮੁਹਿੰਮ ‘ਸੁਰੱਖਿਅਤ ਬਚਪਨ ਮੁਹਿੰਮ’ ਦੀ ਸ਼ੁਰੂਆਤ ਪੀਏਯੂ ਸਥਿਤ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਲੁਧਿਆਣਾ ਵਿਖੇ ਕੀਤੀ ਗਈ। ਇਸ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦਾ ਉਦਘਾਟਨ ਹਿਮਾਂਸ਼ੂ ਅਰੋੜਾ ਮੁੱਖ ਨਿਆਂਇਕ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਨੇ ਕੀਤਾ ਤੇ ਉਹ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਸਕੂਲ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੁਮਾਰ ਸ਼ਰਮਾ ਨੇ ਮਹਿਮਾਨ ਦਾ ਸਵਾਗਤ ਕਰਦਿਆਂ ਸਕੂਲਾਂ ’ਚ ਅਜਿਹੀ ਕਾਨੂੰਨੀ ਜਾਗਰੂਕਤਾ ਦੀ ਮਹੱਤਤਾ ਉੱਤੇ ਚਾਨਣਾ ਪਾਇਆ। ਇਸ ਮੌਕੇ ਉਪ-ਪ੍ਰਿੰਸੀਪਲ ਵਰਿੰਦਰ ਛਾਵਲਾ, ਸੁਧਾ ਮਣੀ ਅਤੇ ਸ਼ਸ਼ੀ ਕਪੂਰ ਵੀ ਮੌਜੂਦ ਸਨ। ਮੰਚ ਸੰਚਾਲਨ ਗਗਨ ਖੰਨਾ ਨੇ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਹਰੇਕ ਬੱਚੇ ਲਈ ਸੁਰੱਖਿਅਤ, ਸੰਵੇਦਨਸ਼ੀਲ ਤੇ ਸਹਿਯੋਗੀ ਮਾਹੌਲ ਸਿਰਜਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਜੇਕਰ ਕਿਸੇ ਨਾਲ ਅਣਉਚਿਤ ਵਿਹਾਰ ਹੋਵੇ ਜਾਂ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ, ਤਾਂ ਉਹ ਬਿਨਾਂ ਕਿਸੇ ਡਰ ਦੇ ਆਪਣੇ ਮਾਪਿਆਂ, ਅਧਿਆਪਕਾਂ ਜਾਂ ਕਿਸੇ ਭਰੋਸੇਯੋਗ ਬਾਲਗ ਨਾਲ ਗੱਲ ਕਰਨ। ਅਜਿਹਾ ਵਿਹਾਰ ਕਰਨ ਵਾਲਾ ਵਿਅਕਤੀ ਭਾਵੇਂ ਰਿਸ਼ਤੇਦਾਰ ਹੋਵੇ, ਦੋਸਤ ਹੋਵੇ ਜਾਂ ਕੋਈ ਹੋਰ, ਬੱਚਿਆਂ ਨੂੰ ਆਪਣੀ ਗੱਲ ਦੱਸਣ ਤੋਂ ਝਿਜਕਣਾ ਨਹੀਂ ਚਾਹੀਦਾ। ਪੋਕਸੋ ਕਾਨੂੰਨ ਦੀਆਂ ਸੁਰੱਖਿਆ ਵਿਵਸਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੁਰੱਖਿਆ ਲਈ ਕਾਨੂੰਨ ਵਿਸ਼ੇਸ਼ ਪ੍ਰਬੰਧ ਕਰਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਬੱਚਿਆਂ ਨੂੰ ਸਮਾਜਿਕ ਮਾਧਿਅਮਾਂ ਦੀ ਅੰਨ੍ਹੇਵਾਹ ਵਰਤੋਂ ਤੋਂ ਵੀ ਸੁਚੇਤ ਕੀਤਾ ਅਤੇ ਇਸ ਨਾਲ ਜੁੜੇ ਸੰਭਾਵੀ ਖ਼ਤਰਿਆਂ ਅਤੇ ਗੁੰਮਰਾਹਕੁਨ ਸਮੱਗਰੀ ਬਾਰੇ ਦੱਸਿਆ। ਉਨ੍ਹਾਂ ਬੱਚਿਆਂ ਅਤੇ ਪਰਿਵਾਰਾਂ ਨੂੰ ਸੁਚੇਤ ਰਹਿਣ ਦੇ ਨਾਲ-ਨਾਲ ਜ਼ਿੰਮੇਵਾਰ ਵਿਹਾਰ ਅਤੇ ਨਿਆਂ ਪ੍ਰਾਪਤ ਕਰਨ ਲਈ ਕਾਨੂੰਨੀ ਪ੍ਰਕਿਰਿਆ ਦਾ ਸਤਿਕਾਰ ਕਰਨ ਦੀ ਸਲਾਹ ਦਿੱਤੀ। ਸਮਾਗਮ ’ਚ ਸ਼ਾਮਲ ਸਮਾਜਿਕ ਕਾਰਕੁੰਨ ਬ੍ਰਿਜ ਭੂਸ਼ਣ ਗੋਇਲ ਨੇ ਬੱਚਿਆਂ ਨੂੰ ਸੁਰੱਖਿਅਤ ਬਚਪਨ ਦੇਣ ਵਿੱਚ ਬਾਲਗਾਂ ਦੀ ਅਹਿਮ ਜ਼ਿੰਮੇਵਾਰੀ ਵੱਲ ਧਿਆਨ ਦਿਵਾਇਆ। ਬੱਚਿਆਂ ਦੀ ਸੁਰੱਖਿਆ ਲਈ ਸੰਵੇਦਨਸ਼ੀਲਤਾ, ਚੌਕਸੀ ਅਤੇ ਉਨ੍ਹਾਂ ਦੀ ਗੱਲ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਸੁਣਨ ਦੀ ਭਾਵਨਾ ਲਾਜ਼ਮੀ ਹੈ। ਅਰੋੜਾ ਨੇ ਗੋਇਲ ਦੀਆਂ ਦੋ ਪੁਸਤਕਾਂ ‘ਚੜ੍ਹਦੀਕਲਾ ਸਫਲਤਾ ਦੇ ਅੰਗ-ਸੰਗ’ ਅਤੇ ‘ਵੈਰਾਗ ਤੇ ਬਲੀਦਾਨ ਕਾ ਚਾਂਦਨੀ ਚੌਕ’, ਜੋ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਵੀ ਰਿਲੀਜ਼ ਕੀਤੀਆਂ। ਦੋਵੇਂ ਪੁਸਤਕਾਂ ਦੀਆਂ ਕਾਪੀਆਂ ਸਕੂਲ ਦੀ ਲਾਇਬ੍ਰੇਰੀ ਨੂੰ ਭੇਟ ਕੀਤੀਆਂ ਗਈਆਂ। ਪ੍ਰਿੰਸੀਪਲ ਡਾ. ਪ੍ਰਦੀਪ ਕੁਮਾਰ ਸ਼ਰਮਾ ਨੇ ਨਿਆਂਇਕ ਅਧਿਕਾਰੀ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਧੰਨਵਾਦ ਕੀਤਾ। ਅਜਿਹੇ ਉਪਰਾਲੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ, ਕਾਨੂੰਨੀ ਸੁਰੱਖਿਆ ਅਤੇ ਉਪਲਬਧ ਸਹਾਇਤਾ ਪ੍ਰਣਾਲੀਆਂ ਬਾਰੇ ਉਮਰ ਅਨੁਸਾਰ, ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਢੰਗ ਨਾਲ ਜਾਣੂ ਕਰਵਾਉਣ ਲਈ ਬੇਹੱਦ ਮਹੱਤਵਪੂਰਨ ਹਨ।