- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਦੀ ਲੀਡ-ਮੰਡੀਆਂ ’ਚ ਸਾਲਾਂ ਤੋਂ ਖੜ੍ਹੇ ਲਾਵਾਰਸ ਵਾਹਨਾਂ ’ਤੇ ਮਾਰਕੀਟ ਕਮੇਟੀ ਸਖ਼ਤ, ਜਲਦ ਹੋਣਗੇ ਜ਼ਬਤ

ਲੀਡ...)
-ਜਲਦ ਹੋਣਗੇ ਜ਼ਬਤ, ਗਿੱਲ ਰੋਡ ਤੇ ਬਹਾਦਰਕੇ ਰੋਡ ਸਬਜ਼ੀ ਮੰਡੀ ’ਚ ਖੜ੍ਹੇ ਵਾਹਨਾਂ ਤੋਂ ਆ਼ੜ੍ਹਤੀ ਤੇ ਲੋਕ ਪਰੇਸ਼ਾਨ
ਗੌਰਵ ਸਲੂਜਾ, ਪੰਜਾਬੀ ਜਾਗਰਣ ਲੁਧਿਆਣਾ
ਸ਼ਹਿਰ ਦੀਆਂ ਦਾਣਾ ਮੰਡੀਆਂ ਅਤੇ ਸਬਜ਼ੀ ਮੰਡੀ ਵਿੱਚ ਲੰਬੇ ਸਮੇਂ ਤੋਂ ਇੱਕੋ ਥਾਂ ’ਤੇ ਖੜ੍ਹੇ ਲਾਵਾਰਸ ਤੇ ਅਣਪਛਾਤੇ ਵਾਹਨ ਹੁਣ ਮਾਰਕੀਟ ਕਮੇਟੀ ਦੇ ਨਿਸ਼ਾਨੇ ’ਤੇ ਆ ਗਏ ਹਨ। ਮੰਡੀਆਂ ਵਿੱਚ ਬੇਤਰਤੀਬ ਢੰਗ ਨਾਲ ਖੜ੍ਹੀਆਂ ਕਾਰਾਂ ਅਤੇ ਲੋੜੀਗ ਗੱਡੀਆਂ ਕਾਰਨ ਜਿੱਥੇ ਆਵਾਜਾਈ ਅਤੇ ਰੋਜ਼ਾਨਾ ਦੇ ਕੰਮਕਾਜ ਵਿੱਚ ਦਿੱਕਤਾਂ ਆ ਰਹੀਆਂ ਹਨ, ਉੱਥੇ ਹੀ ਮੰਡੀ ਵਿੱਚ ਕੰਮ ਕਰਨ ਵਾਲੇ ਆੜ੍ਹਤੀਆਂ ਅਤੇ ਹੋਰ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਰਕੀਟ ਕਮੇਟੀ ਨੇ ਅਜਿਹੇ ਵਾਹਨਾਂ ਨੂੰ ਮੰਡੀਆਂ ਵਿੱਚੋਂ ਹਟਾਉਣ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਕਮੇਟੀ ਵੱਲੋਂ ਵਾਹਨਾਂ ਦੇ ਮਾਲਕਾਂ ਨੂੰ ਮੀਡੀਆ ਰਾਹੀਂ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨ ਤੁਰੰਤ ਉਥੋਂ ਹਟਾ ਲੈਣ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਮੇਟੀ ਦੀ ਟੀਮ ਵੱਲੋਂ ਗਿੱਲ ਰੋਡ ਦਾਣਾ ਮੰਡੀ ਤੇ ਬਹਾਦਰ ਕੇ ਰੋਡ ਸਬਜ਼ੀ ਮੰਡੀ ਵਿੱਚ ਲੰਬੇ ਸਮੇਂ ਤੋਂ ਖੜ੍ਹੇ ਵਾਹਨਾਂ ਦੇ ਮਾਲਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਟੀਮ ਨੇ ਕਾਫ਼ੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕਈ ਵਾਹਨਾਂ ਦੇ ਮਾਲਕਾਂ ਜਾਂ ਵਾਰਸਾਂ ਦਾ ਪਤਾ ਲਗਾਉਣ ਵਿੱਚ ਸਫ਼ਲਤਾ ਹਾਸਲ ਨਹੀਂ ਕੀਤੀ। ਇਸ ਤੋਂ ਬਾਅਦ ਕਮੇਟੀ ਨੇ ਮੀਡੀਆ ਰਾਹੀਂ ਜਨਤਕ ਅਪੀਲ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦੇ ਵਾਹਨ ਲੰਬੇ ਸਮੇਂ ਤੋਂ ਮੰਡੀਆਂ ਵਿੱਚ ਖੜ੍ਹੇ ਹਨ, ਉਹ ਬਿਨਾਂ ਦੇਰੀ ਕੀਤੇ ਉਨ੍ਹਾਂ ਨੂੰ ਉਥੋਂ ਹਟਾ ਲੈਣ।
-ਗਿੱਲ ਰੋਡ ਦਾਣਾ ਮੰਡੀ ਦੇ ਮਾਮਲੇ ’ਚ ਥਾਣਾ ਸ਼ਿਮਲਾਪੁਰੀ ਨੂੰ ਸ਼ਿਕਾਇਤ
ਮਾਰਕੀਟ ਕਮੇਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਗਿੱਲ ਰੋਡ ਦਾਣਾ ਮੰਡੀ ਵਿੱਚ ਲੰਬੇ ਸਮੇਂ ਤੋਂ ਖੜ੍ਹੇ ਵਾਹਨਾਂ ਕਾਰਨ ਮੰਡੀ ਵਿੱਚ ਰੋਜ਼ਾਨਾ ਕਾਰੋਬਾਰ ਕਰਨ ਵਾਲੇ ਆੜ੍ਹਤੀਆਂ ਅਤੇ ਹੋਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕਮੇਟੀ ਵੱਲੋਂ ਥਾਣਾ ਸ਼ਿਮਲਾਪੁਰੀ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਹੈ, ਤਾਂ ਜੋ ਮਾਮਲੇ ਵਿਚ ਲੁੜੀਂਦੀ ਕਾਰਵਾਈ ਕੀਤੀ ਜਾ ਸਕੇ। ਇਸੇ ਤਰ੍ਹਾਂ ਬਹਾਦਰਕੇ ਰੋਡ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਵਿੱਚ ਲੰਬੇ ਸਮੇਂ ਤੋਂ ਖੜ੍ਹੇ ਵਾਹਨਾਂ ਨੂੰ ਲੈ ਕੇ ਵੀ ਕਮੇਟੀ ਵੱਲੋਂ ਅਗਲੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਕਮੇਟੀ ਵੱਲੋਂ ਇਸ ਸਬੰਧੀ ਥਾਣਾ ਸਲੇਮ ਟਾਬਰੀ ਅਤੇ ਥਾਣਾ ਬਸਤੀ ਜੋਧੇਵਾਲ ਵਿੱਚ ਵੀ ਸ਼ਿਕਾਇਤਾਂ ਦੇਣ ਦੀ ਗੱਲ ਕਹੀ ਗਈ ਹੈ।
-ਵਾਹਨ ਮਾਲਕਾਂ ਨੂੰ ਆਖ਼ਰੀ ਮੌਕਾ, ਨਹੀਂ ਤਾਂ ਹੋਵੇਗੀ ਕਾਰਵਾਈ
ਮਾਰਕੀਟ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਮੰਡੀਆਂ ਲੋਕਾਂ ਦੀ ਸਹੂਲਤ ਤੇ ਵਪਾਰਕ ਗਤੀਵਿਧੀਆਂ ਲਈ ਹਨ। ਇਨ੍ਹਾਂ ਵਿੱਚ ਲੰਬੇ ਸਮੇਂ ਤੱਕ ਵਾਹਨ ਖੜ੍ਹੇ ਰਹਿਣ ਕਾਰਨ ਹੋਰਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਇਸ ਲਈ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਵਾਹਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਹਟਾ ਲੈਣ। ਜੇਕਰ ਇਸ ਦੇ ਬਾਵਜੂਦ ਵਾਹਨ ਉਥੇ ਹੀ ਖੜ੍ਹੇ ਰਹਿੰਦੇ ਹਨ ਤਾਂ ਸਬੰਧਤ ਵਿਭਾਗਾਂ ਅਤੇ ਪੁਲਿਸ ਦੇ ਸਹਿਯੋਗ ਨਾਲ ਨਿਯਮਾਂ ਅਨੁਸਾਰ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜ਼ਬਤ ਕਰਵਾਇਆ ਜਾਵੇਗਾ।