ਨਿਗਮ ਦਾ ਇੰਸਪੈਕਟਰ 25 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ 1 ਨੰਬਰ ਦੀ ਲੀਡ:ਨਗਰ ਨਿਗਮ ਦਾ ਇੰਸਪੈਕਟਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
Publish Date: Wed, 28 Oct 2026 09:26 PM (IST)
Updated Date: Thu, 29 Oct 2026 04:08 AM (IST)
-ਜੱਦੀ ਜਾਇਦਾਦ ਭਰਾਵਾਂ ਦੇ ਨਾਂ ਤਬਦੀਲ ਕਰਨ ਬਦਲੇ ਮੰਗੇ ਸਨ ਪੈਸੇ, ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਬੀ ਵਿੱਚ ਤਾਇਨਾਤ ਇੰਸਪੈਕਟਰ ਸ਼ੁਭਮ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ’ਤੇ ਸ਼ਿਕਾਇਤਕਰਤਾ ਅਤੇ ਉਸ ਦੇ ਭਰਾਵਾਂ ਦੀ ਜੱਦੀ ਜਾਇਦਾਦ ਉਨ੍ਹਾਂ ਦੇ ਨਾਂ ਤਬਦੀਲ ਕਰਨ ਬਦਲੇ ਰਿਸ਼ਵਤ ਮੰਗਣ ਦਾ ਦੋਸ਼ ਹੈ। ਵਿਜੀਲੈਂਸ ਨੇ ਸ਼ਿਕਾਇਤ ਦੀ ਪੜਤਾਲ ਮਗਰੋਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਜਾਲ ਵਿਛਾ ਕੇ ਇਹ ਕਾਰਵਾਈ ਕੀਤੀ। ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਅਨੁਸਾਰ, ਅਜੀਤ ਨਗਰ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਜੱਦੀ ਜਾਇਦਾਦ ਆਪਣੇ ਅਤੇ ਭਰਾਵਾਂ ਦੇ ਨਾਂ ਕਰਵਾਉਣ ਲਈ ਲੋੜੀਂਦੇ ਦਸਤਾਵੇਜ਼ ਨਗਰ ਨਿਗਮ ਦੇ ਜ਼ੋਨ-ਬੀ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਗਏ ਸਨ। ਇਹ ਦਸਤਾਵੇਜ਼ ਇੰਸਪੈਕਟਰ ਸ਼ੁਭਮ ਨੂੰ ਮਾਰਕ ਕੀਤੇ ਗਏ ਸਨ। ਦੋਸ਼ ਹੈ ਕਿ ਜਾਇਦਾਦ ਨਾਂ ਤਬਦੀਲ ਕਰਨ ਦੀ ਕਾਰਵਾਈ ਅੱਗੇ ਵਧਾਉਣ ਬਦਲੇ ਉਹ 25 ਹਜ਼ਾਰ ਰੁਪਏ ਮੰਗ ਰਿਹਾ ਸੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੇਣ ਦੀ ਬਜਾਏ ਵਿਜੀਲੈਂਸ ਬਿਊਰੋ ਦੀ ਲੁਧਿਆਣਾ ਰੇਂਜ ਕੋਲ ਸ਼ਿਕਾਇਤ ਕੀਤੀ। ਇਸ ਦੀ ਪੜਤਾਲ ਤੋਂ ਬਾਅਦ ਟੀਮ ਨੇ ਯੋਜਨਾਬੱਧ ਢੰਗ ਨਾਲ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਇੰਸਪੈਕਟਰ ਨੂੰ 25 ਹਜ਼ਾਰ ਰੁਪਏ ਲੈਂਦਿਆਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਨੇ ਮੁਲਜ਼ਮ ਇੰਸਪੈਕਟਰ ਸ਼ੁਭਮ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।