- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਪਾਣੀ ਦਾ ਹਾਸ਼ੀਆ’ ਨਾਲ ‘ਪੁਸਤਕ ਚਰਚਾ’ ਲੜੀ ਦਾ ਆਗਾਜ਼

-ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਨੂੰ ਬਿਆਨ ਕਰਦੀ ਹੈ ਗੁਰਤੇਜ ਕੁਹਾਰਵਾਲਾ ਦੀ ਕਵਿਤਾ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਡਾ. ਸੁਰਜੀਤ ਪਾਤਰ ਚੇਅਰ ਵੱਲੋਂ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਿਤ ਕਰਨ ਅਤੇ ਸਾਹਿਤਕ ਸੰਵਾਦ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਪੁਸਤਕ ਚਰਚਾ’ ਲੜੀ ਦਾ ਆਗਾਜ਼ ਕੀਤਾ ਗਿਆ। ਇਸ ਲੜੀ ਦਾ ਪਹਿਲਾ ਪ੍ਰੋਗਰਾਮ ਵਿਦਿਆਰਥੀ ਭਵਨ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਲੇਖਕ ਗੁਰਤੇਜ ਕੋਹਾਰਵਾਲਾ ਦੀ ਪੁਸਤਕ ‘ਪਾਣੀ ਦਾ ਹਾਸ਼ੀਆ’ ਬਾਰੇ ਵਿਚਾਰ-ਚਰਚਾ ਹੋਈ। ਪੁਸਤਕ ਬਾਰੇ ਚਰਚਾ ਕਰਦਿਆਂ ਐੱਮਐੱਸਸੀ. ਪਾਸਾਰ ਸਿੱਖਿਆ ਦੇ ਵਿਦਿਆਰਥੀ ਦਵਿੰਦਰ ਸਿੰਘ ਸੰਧੂ ਨੇ ਪੁਸਤਕ ਦੇ ਵੱਖ-ਵੱਖ ਪੱਖਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਗੁਰਤੇਜ ਕੁਹਾਰਵਾਲਾ ਦੀ ਕਵਿਤਾ ਸਹਿਜਤਾ ਭਰਪੂਰ ਹੋਣ ਦੇ ਨਾਲ-ਨਾਲ ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਨੂੰ ਬਿਆਨ ਕਰਦੀ ਹੈ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਅਜਿਹੀ ਕਵਿਤਾ ਪੜ੍ਹਨੀ ਚਾਹੀਦੀ ਹੈ, ਜੋ ਉਨ੍ਹਾਂ ਨੂੰ ਜ਼ਿੰਦਗੀ ਅਤੇ ਸਮਾਜ ਨੂੰ ਸਮਝਣ ਦੀ ਸੂਝ ਦੇਵੇ। ਇਸ ਤੋਂ ਪਹਿਲਾਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਪੁਸਤਕ ਚਰਚਾ’ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਅੱਗੇ ਵਧ ਕੇ ਸਾਹਿਤ ਨਾਲ ਜੋੜਿਆ ਜਾਵੇਗਾ। ਇਸ ਮੌਕੇ ਸੁਰਜੀਤ ਪਾਤਰ ਚੇਅਰ ਦੇ ਚੇਅਰਪਰਸਨ ਡਾ. ਨਿਰਮਲ ਜੌੜਾ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਸਾਹਿਤਕ ਸਰੋਕਾਰਾਂ ਨਾਲ ਜੋੜਨਾ ਸਮੇਂ ਦੀ ਅਹਿਮ ਲੋੜ ਹੈ।
ਉਨ੍ਹਾਂ ਆਸ ਪ੍ਰਗਟਾਈ ਕਿ ‘ਪੁਸਤਕ ਚਰਚਾ’ ਲੜੀ ਵਿਦਿਆਰਥੀਆਂ ਵਿੱਚ ਸਿਰਜਣਾਤਮਕ ਸੋਚ, ਸਾਹਿਤਕ ਚੇਤਨਾ ਅਤੇ ਵਿਚਾਰ-ਵਟਾਂਦਰੇ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨ ਵਿੱਚ ਸਹਾਈ ਹੋਵੇਗੀ। ਇਸ ਮੌਕੇ ਨਿਰਦੇਸ਼ਕ ਸੱਭਿਆਚਾਰਕ ਸਰਗਰਮੀਆਂ ਡਾ. ਰੁਪਿੰਦਰ ਕੌਰ ਤੂਰ ਨੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਵਿੱਚ ਸਾਹਿਤਕ ਚੇਤਨਾ ਵਿਕਸਿਤ ਕਰਨ ਦੇ ਨਾਲ-ਨਾਲ ਸੁਤੰਤਰ ਚਿੰਤਨ ਅਤੇ ਸੰਵਾਦ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਪ੍ਰੋਗਰਾਮ ਦਾ ਸੰਚਾਲਨ ‘ਪੁਸਤਕ ਚਰਚਾ’ ਪ੍ਰੋਗਰਾਮ ਦੇ ਕੋਆਡੀਨੇਟਰ ਡਾ. ਸਟਾਲਿਨਜੀਤ ਸਿੰਘ ਨੇ ਕੀਤਾ। ਡਾ. ਸਟਾਲਿਨਜੀਤ ਸਿੰਘ ਨੇ ਕਿਹਾ ਕਿ ‘ਪੁਸਤਕ ਚਰਚਾ’ ਸਿਰਲੇਖ ਅਧੀਨ ਹਰ ਮਹੀਨੇ ਇੱਕ ਪ੍ਰੋਗਰਾਮ ਕਰਵਾਇਆ ਜਾਏਗਾ, ਜਿਸ ਵਿੱਚ ਪੰਜਾਬੀ ਸਾਹਿਤ ਦੀਆਂ ਚੰਗੀਆਂ ਪੁਸਤਕਾਂ ਉਪਰ ਵਿਚਾਰ ਚਰਚਾ ਹੋਇਆ ਕਰੇਗੀ। ਇਸ ਮੌਕੇ ਰਜਿਸਟਰਿੰਗ ਅਫ਼ਸਰ ਸਤਵੀਰ ਸਿੰਘ ਵੀ ਮੌਜੂਦ ਸਨ।