- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ:ਨਗਰ ਨਿਗਮ 82.5 ਕਰੋੜ ਦੇ ਮਕੈਨੀਕਲ ਸਵੀਪਿੰਗ ਟੈਂਡਰ ਦੀ ਜਾਂਚ ਕਰਵਾਏ-ਮੋਦਗਿਲ

-ਕਾਰਵਾਈ ਨਾ ਹੋਣ ’ਤੇ ਨਿਗਮ ਦਫ਼ਤਰ ਦੇ ਬਾਹਰ ਧਰਨਾ ਲਾਉਣ ਦੀ ਚਿਤਾਵਨੀ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਨਿਗਮ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਮੰਗ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਸੁਨੀਲ ਮੋਦਗਿਲ ਨੇ ਸਫ਼ਾਈ ਕਰਮਚਾਰੀਆਂ, ਬੇਲਦਾਰਾਂ ਅਤੇ ਸੀਵਰਮੈਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਦੀ ਮੰਗ ਕੀਤੀ ਹੈ। ਇਸ ਨਾਲ ਹੀ ਉਨ੍ਹਾਂ ਲਗਭਗ 82.5 ਕਰੋੜ ਰੁਪਏ ਦੇ ਮਕੈਨੀਕਲ ਸਵੀਪਿੰਗ ਟੈਂਡਰ ਦੀ ਲਾਗਤ ਅਤੇ ਪ੍ਰਕਿਰਿਆ ਦੀ ਨਿਰਪੱਖ ਜਾਂਚ ਕਰਵਾਉਣ ਲਈ ਨਗਰ ਨਿਗਮ ਕਮਿਸ਼ਨਰ ਡਾ. ਅੰਕੁਰ ਮਹਿੰਦਰੂ ਨੂੰ ਪੱਤਰ ਦਿੱਤਾ। ਕੌਂਸਲਰ ਸੁਨੀਲ ਮੋਦਗਿਲ ਨੇ ਕਿਹਾ ਕਿ ਨਗਰ ਨਿਗਮ ਵਿੱਚ ਕੰਮ ਕਰ ਰਹੇ ਲਗਭਗ 1,208 ਸਫ਼ਾਈ ਮੁਲਾਜ਼ਮਾਂ ਸਮੇਤ ਆਊਟਸੋਰਸਿੰਗ ਅਤੇ ਅਸਥਾਈ ਆਧਾਰ ’ਤੇ ਤਾਇਨਾਤ ਹੋਰ ਮੁਲਾਜ਼ਮਾਂ ਦੀ ਜ਼ਮੀਨੀ ਪੱਧਰ ’ਤੇ ਤਸਦੀਕ ਹੋਣੀ ਚਾਹੀਦੀ ਹੈ। ਹਰੇਕ ਕਰਮਚਾਰੀ ਦੀ ਤਾਇਨਾਤੀ, ਵਾਰਡ ਅਤੇ ਬੀਟ ਅਨੁਸਾਰ ਡਿਊਟੀ ਦਾ ਵੇਰਵਾ ਤਿਆਰ ਕਰਕੇ ਸਬੰਧਤ ਕੌਂਸਲਰਾਂ ਨੂੰ ਦਿੱਤਾ ਜਾਵੇ, ਤਾਂ ਜੋ ਕਰਮਚਾਰੀਆਂ ਦੀ ਤਾਇਨਾਤੀ ਅਤੇ ਕੰਮਕਾਜ ਸਬੰਧੀ ਰਿਕਾਰਡ ਦੀ ਜਾਂਚ ਹੋ ਸਕੇ। ਉਨ੍ਹਾਂ 82.5 ਕਰੋੜ ਰੁਪਏ ਦੇ ਮਕੈਨੀਕਲ ਸਵੀਪਿੰਗ ਟੈਂਡਰ ’ਤੇ ਸਵਾਲ ਉਠਾਉਂਦਿਆਂ ਇਸ ਦੀ ਲਾਗਤ, ਸ਼ਰਤਾਂ, ਲੋੜ ਤੇ ਪੂਰੀ ਪ੍ਰਕਿਰਿਆ ਦੀ ਸਮੀਖਿਆ ਕਰਨ ਦੀ ਮੰਗ ਕੀਤੀ। ਜਾਂਚ ਮੁਕੰਮਲ ਹੋਣ ਤੱਕ ਟੈਂਡਰ ਸਬੰਧੀ ਅਗਲੀ ਕਾਰਵਾਈ ਰੋਕੀ ਜਾਵੇ ਅਤੇ ਨਿਯਮਾਂ ਅਨੁਸਾਰ ਇਸ ਨੂੰ ਰੱਦ ਕਰਨ ਬਾਰੇ ਵੀ ਵਿਚਾਰ ਕੀਤਾ ਜਾਵੇ। ਮੋਦਗਿਲ ਨੇ ਕਿਹਾ ਕਿ ਨਿਗਮ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਸਰਕਾਰੀ ਪੈਸੇ ਦੀ ਸਹੀ ਵਰਤੋਂ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੰਗਾਂ ’ਤੇ ਉਚਿਤ ਕਾਰਵਾਈ ਨਾ ਕੀਤੀ ਗਈ ਤਾਂ ਭਾਜਪਾ ਵੱਲੋਂ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਭਾਜਪਾ ਕੌਂਸਲਰ ਦਲ ਦੇ ਉਪ ਨੇਤਾ ਰੋਹਿਤ ਸਿੱਕਾ ਵੀ ਮੌਜੂਦ ਸਨ।