- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ

-ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਬੀਤੀ ਰਾਤ ਕਰਵਾਏ ਗੁਰਮਤਿ ਸਮਾਗਮ ਦੌਰਾਨ ਭਾਈ ਸੁਖਵੰਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੇ ਭਾਈ ਜਗਤਾਰ ਸਿੰਘ ਖਾਲਸਾ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜੱਥਿਆਂ ਸਮੇਤ ਪ੍ਰਭਾਤ ਫੇਰੀ ਸ਼ਬਦੀ ਜੱਥੇ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ ਜਿੱਥੇ ਸੰਗਤ ਨੂੰ ਨਿਹਾਲ ਕੀਤਾ, ਉੱਥੇ ਸੰਗਤ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਭਾਈ ਜਗਤਾਰ ਸਿੰਘ ਖਾਲਸਾ ਨੇ ਕਿਹਾ ਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਉਚਰੀ ਇਲਾਹੀ ਬਾਣੀ ਤੇ ਉਪਦੇਸ਼ ਸਮੁੱਚੀ ਮਨੁੱਖਤਾ ਨੂੰ ਅਕਾਲ ਪੁਰਖ ਦੀ ਬੰਦਗੀ ਕਰਨ ਅਤੇ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਦੇ ਹਨ। ਸਮਾਗਮ ਅੰਦਰ ਜੁੜ ਬੈਠੀਆਂ ਸੰਗਤ ਨੂੰ ਧਰਮ ਦੇ ਮਾਰਗ ਉੱਪਰ ਚੱਲਣ, ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਤਾਕੀਦ ਵੀ ਕੀਤੀ।
ਇਸ ਤੋ ਪਹਿਲਾਂ ਗੁਰਮਤਿ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਫਤਿਹ ਸਿੰਘ ਨੇ ਕਿਹਾ ਕਿ ਗੁਰਮਤਿ ਸਮਾਗਮ ਕਰਵਾਉਣੇ ਤਾਂ ਹੀ ਸਫਲਾ ਹੋ ਸਕਦੇ ਹਨ। ਜੇਕਰ ਅਸੀਂ ਗੁਰੂ ਦੇ ਉਪਦੇਸ਼ਾਂ ਨੂੰ ਸਮੁੱਚੀ ਮਨੁੱਖਤਾ ਤੱਕ ਪੁਹੰਚਾਣ ਦਾ ਯਤਨ ਕਰੀਏ ਤੇ ਆਪਣੇ-ਆਪ ਨੂੰ ਸੰਪੂਰਨ ਸਿੱਖ ਬਣਾ ਕੇ ਸਿਮਰਨ ਦੇ ਸਿਧਾਂਤ ਨਾਲ ਜੁੜੀਏ ਤਾਂ ਹੀ ਸਿੱਖੀ ਦੀ ਫੁਲਵਾੜੀ ਹੋਰ ਮਹਿਕ ਸਕੇਗੀ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ ਵੱਲੋਂ ਸਾਥੀ ਮੈਬਰਾਂ ਦੇ ਨਾਲ ਕੀਰਤਨੀ ਜੱਥਿਆਂ ਦੇ ਸਮੂਹ ਮੈਬਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਕੀਰਤਨ ਸਮਾਗਮ ’ਚ ਮਹਿੰਦਰ ਸਿੰਘ ਡੰਗ, ਅੱਤਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ, ਬਲਬੀਰ ਸਿੰਘ ਭਾਟੀਆ, ਸੁਖਵਿੰਦਰ ਸਿੰਘ ਹੈਪੀ, ਹਰਬੰਸ ਸਿੰਘ ਰਾਜਾ, ਪਰਮਜੀਤ ਸਿੰਘ ਸੇਠੀ, ਗੁਰਦੀਪ ਸਿੰਘ ਡੀਮਾਰਟੇ,ਭੁਪਿੰਦਰ ਸਿੰਘ ਜੁਨੇਜਾ, ਹਰਵਿੰਦਰ ਸਿੰਘ ਕੋਹਲੀ, ਸੁਰਜੀਤ ਸਿੰਘ ਮਨਚੰਦਾ, ਇੰਦਰਬੀਰ ਸਿੰਘ ਬੱਤਰਾ, ਹਰਮੀਤ ਸਿੰਘ ਡੰਗ, ਅਵਤਾਰ ਸਿੰਘ ਬੀ.ਕੇ, ਜਗਜੀਤ ਸਿੰਘ ਮੱਕੜ, ਭੁਪਿੰਦਰ ਸਿੰਘ ਅਰੋੜਾ, ਰਣਜੀਤ ਸਿੰਘ ਖਾਲਸਾ, ਜੋਗਿੰਦਰ ਸਿੰਘ ਸਲੂਜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।