- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਸਮੀਨ ਗਿੱਲ (ਅਮਰੀਕਾ) ਦੀ ਲਾਸ਼ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ

-ਸ਼ੋਕ ਸਭਾਵਾਂ 'ਚ ਦੋਸ਼ੀ ਪਤੀ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ
4
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਪਿਛਲੇ ਦਿਨੀਂ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸੈਕਰਾਮੈਂਟੋ ਇਲਾਕੇ ਵਿੱਚ ਪੰਜਾਬੀ ਵਿਆਹੁਤਾ ਮੁਟਿਆਰ ਜੈਸਮੀਨ ਗਿੱਲ ਨੂੰ ਉਸ ਦੇ ਪਤੀ ਗੁਰਿੰਦਰ ਸਿੰਘ ਗਿੱਲ ਵਲੋਂ ਨਿਰਦਈ ਢੰਗ ਨਾਲ਼ ਸਾੜ ਕੇ ਮਾਰਨ ਦੀ ਦਿਲ ਨੂੰ ਵਲੂੰਧਰ ਵਾਲੀ ਘਟਨਾ ਖਿਲਾਫ਼ ਸ਼ਹਿਰ ਦੇ ਵੱਖ- ਵੱਖ ਤਬਕਿਆਂ, ਮੁਹੱਲਿਆਂ ਦੇ ਲੋਕਾਂ 'ਚ ਪੀੜਤ ਪਰਿਵਾਰ ਦੇ ਹੱਕ ਵਿੱਚ ਸ਼ੋਕ ਸਭਾਵਾਂ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਜੋਰ ਨਾਲ ਉਠਾਈ ਜਾ ਰਹੀ ਹੈ। ਹੈਬੋਵਾਲ ਕਲਾਂ ਸਥਿਤ ਅਜੀਤ ਨਗਰ 'ਚ ਰਹਿੰਦੀ ਮ੍ਰਿਤਕ ਜੈਸਮੀਨ ਦੀ ਪੀੜਤ ਮਾਂ ਸੁਖਵਿੰਦਰ ਕੌਰ ਸਾਬਕਾ ਸਟਾਫ ਨਰਸ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਪਰਿਵਾਰ ,ਰਿਸ਼ਤੇਦਾਰਾਂ ਨਾਲ ਮੁਹੱਲਾ ਵਾਸੀ ਮਰਦ -ਔਰਤਾਂ, ਦਿਆਨੰਦ ਹਸਪਤਾਲ ਦੇ ਮੁਲਾਜਮਾਂ, ਇਨਕਲਾਬੀ ਜਮਹੂਰੀ ਲਹਿਰ ਦੇ ਅਨੇਕਾਂ ਸਹਿਯੋਗੀਆਂ ਨੇ ਦੁੱਖ 'ਚ ਸ਼ਰੀਕ ਹੋ ਕੇ ਦੁੱਖ ਵੰਡਾਇਆ। ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਦੋਸ਼ੀ ਪਤੀ ਗੁਰਿੰਦਰ ਸਿੰਘ ਗਿੱਲ ਜੋ ਕਿ ਸੈਕਰਾਮੈਂਟੋ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ,ਮੋਗਾ ਜ਼ਿਲ੍ਹਾ ਦੇ ਪਿੰਡ ਡਾਲਾ, ਬਲਾਕ ਨਿਹਾਲ ਸਿੰਘ ਵਾਲਾ ਦਾ ਵਸਨੀਕ ਹੈ ,ਦੇ ਨਾਲ ਢਾਈ ਸਾਲ ਪਹਿਲਾਂ ਜੈਸਮੀਨ ਗਿੱਲ ਦਾ ਵਿਆਹ ਹੋਇਆ ਸੀ। ਜੈਸਮੀਨ ਗਿੱਲ ਦਾ 8 ਮਹੀਨਿਆਂ ਦਾ ਇੱਕ ਬੇਟਾ ਵੀ ਹੈ। ਸ਼ੋਕ ਸਭਾ 'ਚ ਜੈਸਮੀਨ ਗਿੱਲ ਦੇ ਕਤਲ ਦੇ ਦੋਸ਼ੀ ਪਤੀ ਗੁਰਿੰਦਰ ਸਿੰਘ ਗਿੱਲ ਨੂੰ ਸਖ਼ਤ ਸਜ਼ਾਵਾਂ ਦੇਣ, ਕਤਲ 'ਚ ਸ਼ਾਮਿਲ ਬਾਕੀ ਦੋਸ਼ੀਆਂ ਦੀ ਛਾਣਬੀਣ ਲਈ ਚੱਲਦੀ ਜਾਂਚ 'ਚ ਤੇਜੀ ਲਿਆਉਣ, ਜੈਸਮੀਨ ਦੀ ਮ੍ਰਿਤਕ ਦੇਹ ਨੂੰ ਮੁਲਕ 'ਚ ਲਿਆਉਣ, ਉਸਦੇ ਮਾਸੂਮ ਬੱਚੇ ਨੂੰ ਸੁਖਵਿੰਦਰ ਕੌਰ ਤੇ ਉਸਦੇ ਪਰਿਵਾਰ ਦੇ ਹਵਾਲੇ ਕਰਨ ਲਈ ਪੰਜਾਬ ਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਤੁਰੰਤ ਅਮਰੀਕਾ ਸਰਕਾਰ ਤੇ ਸਬੰਧਤ ਮਹਿਕਮਿਆਂ ਨਾਲ ਰਾਬਤਾ ਕਾਇਮ ਕਰਕੇ ਬਣਦੀ ਕਾਨੂੰਨੀ ਤੇ ਆਰਥਿਕ ਮਦਦ ਕਰੇ। ਇਸ ਤਰ੍ਹਾਂ ਦੀ ਸ਼ੋਕ ਸਭਾ ਗਿੱਲ ਰੋਡ 'ਤੇ ਸਥਿਤ ਗੁਰੂ ਨਾਨਕ ਕਾਲੋਨੀ 'ਚ ਭੈਣ ਮਨਜੀਤ ਕੌਰ ਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਕੀਤੀ ਤੇ ਜੈਸਮੀਨ ਗਿੱਲ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਮਦਦ ਕਰਨ ਦਾ ਮਤਾ ਕਰਨ ਦੇ ਨਾਲ ਨਾਲ ਅਮਰੀਕਾ ਤੇ ਯੂਰਪੀ ਮੁਲਕਾਂ ਵਿੱਚ ਲਗਾਤਾਰ ਪ੍ਰਵਾਸੀ ਭਾਰਤੀਆਂ ਖਾਸ ਕਰਕੇ ਨੌਜਵਾਨ ਲੜਕੀਆਂ ਨਾਲ ਘਰੇਲੂ ਹਿੰਸਾ, ਕਤਲਾਂ, ਧੱਕੇਸ਼ਾਹੀਆਂ ਦੇ ਵਧਦੇ ਸਿਲਸਿਲੇ 'ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਤੁਰੰਤ ਦਖਲ ਦੇ ਕੇ ਇਸ ਘਿਨਾਉਣੇ ਜੁਰਮਾਂ ਨੂੰ ਰੋਕਣ ਤੇ ਉਹਨਾਂ ਦੇ ਜਾਨ- ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।