- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਸਟੌਰਮ ਸੀਵਰੇਜ ਪ੍ਰੋਜੈਕਟ ਦੀ ਯੋਜਨਾਬੰਦੀ 'ਤੇ ਸਵਾਲ, ਪਹਿਲਾਂ ਨਿਕਾਸੀ ਦਾ ਰੂਟ ਸਪੱਸ਼ਟ ਕਰੇ ਸਰਕਾਰ-ਮਹਿਤਾ

ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਪੂਰਬੀ ਹਲਕੇ ਅਧੀਨ ਆਉਂਦੇ ਇਲਾਕਿਆਂ 'ਚ ਰਾਹੋਂ ਰੋਡ ਤੱਕ ਸਟੌਰਮ ਸੀਵਰੇਜ ਲਾਈਨ ਵਿਛਾਉਣ ਦੀ ਤਜਵੀਜ਼ ਨੂੰ ਲੈ ਕੇ ਸਾਬਕਾ ਕੌਂਸਲਰ ਤੇ ਸੀਨੀਅਰ ਆਗੂ ਪਰਮਿੰਦਰ ਮਹਿਤਾ ਨੇ ਸਬੰਧਤ ਵਿਭਾਗਾਂ ਤੋਂ ਜਵਾਬ ਮੰਗਿਆ ਹੈ। ਕਿਸੇ ਵੀ ਵਿਕਾਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸਦੀ ਤਕਨੀਕੀ ਯੋਜਨਾਬੰਦੀ, ਪਾਣੀ ਦੀ ਨਿਕਾਸੀ ਦੇ ਪ੍ਰਬੰਧ ਤੇ ਲੁੜੀਂਦੀਆਂ ਮਨਜ਼ੂਰੀਆਂ ਬਾਰੇ ਸਥਿਤੀ ਸਪੱਸ਼ਟ ਹੋਣੀ ਚਾਹੀਦੀ ਹੈ, ਤਾਂ ਜੋ ਬਾਅਦ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਮਹਿਤਾ ਨੇ ਕਿਹਾ ਕਿ ਪ੍ਰਸਤਾਵਿਤ ਰੂਟ 'ਤੇ ਪਹਿਲਾਂ ਹੀ ਸੀਵਰੇਜ, ਵਾਟਰ ਸਪਲਾਈ ਤੇ ਹੋਰ ਪ੍ਰੋਜੈਕਟਾਂ ਦੀਆਂ ਪਾਈਪਾਂ ਵਿਛੀਆਂ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਅਜਿਹੇ ਵਿੱਚ ਨਵੀਂ ਲਾਈਨ ਲਈ ਜਗ੍ਹਾ, ਪਾਈਪਾਂ ਦੀ ਸਮਰੱਥਾ ਤੇ ਮੌਜੂਦਾ ਨਿਕਾਸੀ ਪ੍ਰਬੰਧ ਨਾਲ ਇਸ ਦੇ ਤਾਲਮੇਲ ਦੀ ਜਾਂਚ ਕਰਨੀ ਲਾਜ਼ਮੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਮੌਜੂਦਾ ਸੀਵਰੇਜ ਪ੍ਰਣਾਲੀ ਪਹਿਲਾਂ ਹੀ ਦਬਾਅ ਹੇਠ ਹੈ, ਤਾਂ ਨਵੀਂ ਲਾਈਨ ਦਾ ਪਾਣੀ ਕੱਢਣ ਲਈ ਕਿਹੜਾ ਪ੍ਰਬੰਧ ਕੀਤਾ ਹੈ। ਮਹਿਤਾ ਨੇ ਮੰਗ ਕੀਤੀ ਕਿ ਸਬੰਧਤ ਵਿਭਾਗ ਪ੍ਰੋਜੈਕਟ ਦਾ ਪੂਰਾ ਰੂਟ, ਤਕਨੀਕੀ ਰਿਪੋਰਟ, ਪਾਈਪਾਂ ਦੀ ਸਮਰੱਥਾ, ਪਾਣੀ ਦੀ ਨਿਕਾਸੀ ਦੇ ਆਖ਼ਰੀ ਸਥਾਨ ਤੇ ਨੈਸ਼ਨਲ ਹਾਈਵੇ ਸਮੇਤ ਹੋਰ ਵਿਭਾਗਾਂ ਤੋਂ ਲਈਆਂ ਜਾਣ ਵਾਲੀਆਂ ਮਨਜ਼ੂਰੀਆਂ ਬਾਰੇ ਸਪੱਸ਼ਟ ਜਾਣਕਾਰੀ ਦੇਣ।