- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਵੱਲੋਂ ਸਾਲਾਨਾ ਪੁਰਸਕਾਰਾਂ ਦਾ ਐਲਾਨ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਵੱਲੋਂ ਸਾਲਾਨਾ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਸਾਇਟੀ ਦੀ ਸੰਸਥਾਪਕ ਅਤੇ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਦੱਸਿਆ ਕਿ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਵੀ ਦਰਬਾਰ ਅਤੇ ਸਲਾਨਾ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ ਜਿਸ ਦੇ ਮੁੱਖ ਮਹਿਮਾਨ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਹੋਣਗੇ ਅਤੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਕਰਨਗੇ। ਡਾ. ਕੋਚਰ ਨੇ ਦੱਸਿਆ ਕਿ ਸਾਲ 2023 ਵਿੱਚ ਉਨਾਂ ਦੇ ਹਮਸਫ਼ਰ ਇੰਜੀਨੀਅਰ ਜੇਬੀ. ਸਿੰਘ ਕੋਚਰ ਸਦੀਵੀਂ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਯਾਦ ਵਿੱਚ ਸਾਲ 2024 ਤੋਂ ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਸਾਲ ਪੁਰਸਕਾਰ ਚੋਣ ਕਮੇਟੀ ਵੱਲੋਂ ਚੁਣੇ ਗਏ ਨਾਵਾਂ ਅਨੁਸਾਰ ਉਸਤਾਦ ਗ਼ਜ਼ਲਗੋ ਅਮਰਜੀਤ ਸਿੰਘ ਸੰਧੂ, ਸੂਲ ਸੁਰਾਹੀ ਦੇ ਸੰਪਾਦਕ ਤੇ ਉਸਤਾਦ ਗ਼ਜ਼ਲਕਾਰ ਬਲਬੀਰ ਸਿੰਘ ਸੈਣੀ ਅਤੇ ਉਸਤਾਦ ਗ਼ਜ਼ਲਗੋ ਗੁਰਦਿਆਲ ਸਿੰਘ ਰੋਸ਼ਨ ਨੂੰ ਇੰਜੀਨੀਅਰ ਜੇਬੀ ਸਿੰਘ ਕੋਚਰ ਯਾਦਗਾਰੀ ਪੁਰਸਕਾਰ ਦਿੱਤਾ ਜਾਵੇਗਾ। ਸ਼ਾਇਰ ਤ੍ਰੈਲੋਚਨ ਲੋਚੀ, ਸ਼ਾਇਰਾ ਦੇਵਿੰਦਰ ਕੌਰ ਦਿਲਰੂਪ ਅਤੇ ਸ਼ਾਇਰ ਤੇ ਦੀਪਕ ਸ਼ਰਮਾ ਚਰਨਾਰਥਲ ਨੂੰ ਇੰਜੀ.ਜੇਬੀ ਸਿੰਘ ਕੋਚਰ ਯਾਦਗਾਰੀ ਵਿਸ਼ੇਸ਼ ਪੁਰਸਕਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੋ ਨਵੇਂ ਸ਼ੁਰੂ ਕੀਤੇ ਗਏ ਬਾਲ ਲੇਖਕ ਪੁਰਸਕਾਰ ਬਾਲ ਸ਼ਾਇਰ ਸੁਰਖ਼ਾਬ ਅਤੇ ਬਾਲ ਕਹਾਣੀਕਾਰ ਭਵਨੂਰ ਸਿੰਘ ਕੋਚਰ ਨੂੰ ਇੰਜੀਨੀਅਰ ਜੇਬੀ ਸਿੰਘ ਕੋਚਰ ਯਾਦਗਾਰੀ ਬਾਲ-ਲੇਖਕ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਇਹ ਸਮਾਗਮ ਉਨੱਤੀ ਨਵੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਦੇ ਸੈਮੀਨਾਰ ਹਾਲ ਵਿੱਚ ਹੋਵੇਗਾ।