- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਤਿੰਨ ਰੋਜ਼ਾ ਇੱਕਟੋਪੀਆ-2026 ਸੱਭਿਆਚਾਰਕ ਪ੍ਰੋਗਰਾਮ ਸਮਾਪਤ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਹਰ ਸਾਲ ਦੀ ਤਰ੍ਹਾਂ ਕਰਵਾਇਆ ਤਿੰਨ ਦਿਨਾ ਸੱਭਿਆਚਾਰਕ ਪ੍ਰੋਗਰਾਮ ਇੱਕਟੋਪੀਆ-2026 ਸ਼ਾਨੋ-ਸ਼ੌਕਤ ਨਾਲ ਉਤਸ਼ਾਹ ਭਰੇ ਮਾਹੌਲ ਵਿੱਚ ਸਮਾਪਤ ਹੋ ਗਿਆ। ਅਰਬੀਅਨ ਨਾਈਟਸ-ਦਾਸਤਾਨ ਵਿਸ਼ੇ 'ਤੇ ਆਧਾਰਿਤ ਕਰਵਾਏ ਸੱਭਿਆਚਾਰਕ ਮੇਲੇ ਨੇ ਡਾਕਟਰ-ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਆਪਣੀ ਪ੍ਰਤਿਭਾ, ਰਚਨਾਤਮਕਤਾ ਤੇ ਕਲਾਤਮਕ ਹੁਨਰ ਦਿਖਾਉਣ ਦਾ ਮੌਕਾ ਦਿੱਤਾ। ਮੇਲੇ ਦੇ ਅਖੀਰਲੇ ਦਿਨ ਡਾ. ਨੀਰੂ ਕਤਿਆਲ ਮੁੱਖ ਮਹਿਮਾਨ ਵਜੋਂ ਪਹੁੰਚੇ ਤੇ ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਮੇਲੇ ਮਨੁੱਖ ਦੀ ਜ਼ਿੰਦਗੀ ਦੇ ਸੱਚ ਨੂੰ ਉਜਾਗਰ ਕਰਦੇ ਹਨ ਅਤੇ ਅੰਦਰ ਲੁਕੀ ਪ੍ਰਤਿਭਾ ਨੂੰ ਬਾਹਰ ਕੱਢਣ ਲਈ ਉਤਸ਼ਾਹਿਤ ਕਰਦੇ ਹਨ। ਇਸ ਮੌਕੇ ਕਲਚਰਲ ਕਮੇਟੀ ਦੀ ਚੇਅਰਪਰਸਨ ਡਾ. ਮੋਨਿਕਾ ਸਿੰਗਲਾ ਤੇ ਕਲਚਰਲ ਕਮੇਟੀ ਦੇ ਸਕੱਤਰ ਡਾ. ਦਿਨੇਸ਼ ਜੈਨ ਦੀ ਅਗਵਾਈ ਹੇਠ ਡਾਕਟਰ-ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਚਨਾਤਮਕ ਸੋਚ, ਨਵੀਆਂ ਕਲਾਵਾਂ, ਖਾਣਾ ਬਣਾਉਣ ਦੇ ਹੁਨਰ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ। ਮੁਕਾਬਲਿਆਂ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ‘ਤੇ ਸਾਲ 2021 ਦੇ ਬੈਚ ਦੇ ਦਿਸ਼ਾਂਤ ਅਤੇ ਜੈਸਮੀਨ ਨੂੰ ਕ੍ਰਮਵਾਰ ਮਿਸਟਰ ਇੱਕਟੋਪੀਆ-2026 ਤੇ ਮਿਸ ਇੱਕਟੋਪੀਆ-2026 ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਇਸ ਮੌਕੇ ਕਾਲਜ/ ਹਸਪਤਾਲ ਦੀ ਮੈਨੇਜਿੰਗ ਸੋਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਤਿੰਨ ਦਿਨਾਂ ਦੌਰਾਨ ਕਰਵਾਈਆਂ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਖ਼ਜ਼ਾਨਚੀ ਮੁਕੇਸ਼ ਵਰਮਾ ਅਤੇ ਪ੍ਰਿੰਸੀਪਲ ਡਾ. ਜੀਐਸ ਵਾਂਡਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ, ਟੀਮ ਵਰਕ, ਰਚਨਾਤਮਕਤਾ ਅਤੇ ਕਲਾਤਮਕ ਯੋਗਤਾ ਪੈਦਾ ਕਰਦੇ ਹਨ। ਇਸ ਮੌਕੇ ਸਮਾਗਮ ਦੀ ਸਮਾਪਤੀ ਮੌਕੇ ਡਾਕਟਰ-ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਪੰਜਾਬ ਦਾ ਅਮੀਰ ਸੱਭਿਆਚਾਰ ਗਿੱਧਾ ਅਤੇ ਭੰਗੜਾ ਪਾ ਕੇ ਦਰਸ਼ਕਾਂ ਨੂੰ ਕੀਲ ਕੇ ਰੱਖ ਲਿਆ। ਅੰਤ ’ਚ ਡਾ. ਨੀਰੂ ਕਤਿਆਲ ਨੇ ਜੇਤੂਆਂ ਨੂੰ ਇਨਾਮ ਵੰਡਦਿਆਂ ਉਮੀਦ ਪ੍ਰਗਟਾਈ ਕਿ ਉਹ ਡਾਕਟਰ ਬਣ ਕੇ ਜਿਥੇ ਮਰੀਜ਼ਾਂ ਦੀ ਸੇਵਾ ਕਰਨਗੇ ਉਥੇ ਹੀ ਸਮਾਜ ਦੀ ਬਿਹਤਰੀ ਲਈ ਵੀ ਬਣਦਾ ਯੋਗਦਾਨ ਪਾਉਣਗੇ।