- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤ ਇੰਡੋ-ਕੈਨੇਡੀਅਨ ਅਕੈਡਮੀ ਦਾ ਤਿੰਨ ਰੋਜ਼ਾ ਸਲਾਨਾ ਖੇਡ ਮੇਲਾ ਨਵੀਆਂ ਉਮੀਦਾਂ ਨਾਲ ਸਮਾਪਤ

-ਅੰਮ੍ਰਿਤ ਇੰਡੋ-ਕੈਨੇਡੀਅਨ ਅਕੈਡਮੀ ਦਾ ਖੇਡ ਮੇਲਾ ਨਵੀਆਂ ਉਮੀਦਾਂ ਨਾਲ ਸਮਾਪਤ
ਸੁਖਦੇਵ ਸਲੇਮਪਰੀ, ਪੰਜਾਬੀ ਜਾਗਰਣ, ਲੁਧਿਆਣਾ
ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੀ ਸੰਸਥਾ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਦਾ 21ਵਾਂ ਤਿੰਨ ਦਿਨਾ ਖੇਡ ਮੇਲਾ ਵੱਡੇ ਉਤਸ਼ਾਹ, ਖੇਡ ਭਾਵਨਾ ਅਤੇ ਪ੍ਰਤਿਭਾ, ਅਨੁਸ਼ਾਸਨ ਤੇ ਟੀਮ ਵਰਕ ਦੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਗਲੇ ਸਾਲ ਤੱਕ ਨਵੀਆਂ ਉਮੀਦਾਂ ਤੇ ਉਮੰਗਾਂ ਲੈ ਕੇ ਸਮਾਪਤ ਹੋ ਗਿਆ ਹੈ। ਖੇਡਾਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀ ਸਰੀਰਕ ਸਮਰੱਥਾ, ਮੁਕਾਬਲੇਬਾਜ਼ੀ ਦੀ ਭਾਵਨਾ ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ। ਖੇਡ ਮੇਲੇ ਦਾ ਉਦਘਾਟਨ ਸਕੂਲ ਦੇ ਬੈਂਡ ਦੀ ਸੁਰੀਲੀ ਧੁੰਨ ਨਾਲ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਨੇ ਕੀਤੀ ਜਦਕਿ ਖੇਡ ਮੇਲੇ ਦੀ ਪ੍ਰਧਾਨਗੀ ਪ੍ਰਿੰਸੀਪਲ ਜਸਕਿਰਨ ਕੌਰ ਪੂਨਮ ਨੇ ਕੀਤੀ। ਇਸ ਮੌਕੇ ਸ਼ਬਦ ਗਾਇਨ ਦੇਹ ਸ਼ਿਵਾ ਬਰ ਮੋਹਿ ਇਹੈ ਦੇ ਰੂਹਾਨੀ ਉਚਾਰਨ ਨਾਲ ਹਿੰਮਤ ਅਤੇ ਧਰਮ ਦੇ ਮਾਰਗ 'ਤੇ ਚੱਲਣ ਲਈ ਪਰਮਾਤਮਾ ਦਾ ਆਸ਼ੀਰਵਾਦ ਲਿਆ ਗਿਆ ਦੇ ਉਪਰੰਤ ਸਕੂਲ ਦਾ ਝੰਡਾ ਲਹਿਰਾਇਆ ਗਿਆ। ਖਿਡਾਰੀਆਂ ਦੀਆਂ ਟੁਕੜੀਆਂ ਵੱਲੋਂ ਇੱਕ ਪ੍ਰਭਾਵਸ਼ਾਲੀ ਮਾਰਚ ਪਾਸਟ ਕੀਤਾ ਗਿਆ ਅਤੇ ਮਸ਼ਾਲ ਮਾਰਚ ਕੱਢੀ ਗਈ, ਜਿਸ ਵਿੱਚ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੇ ਬਲਦੀ ਹੋਈ ਮਸ਼ਾਲ ਨੂੰ ਟਰੈਕ ਦੇ ਦੁਆਲੇ ਘੁਮਾਇਆ।
ਅਨੁਸ਼ਾਸਿਤ ਅਤੇ ਮਨਮੋਹਕ ਪੀਟੀ ਸ਼ੋਅ ਨੇ ਸਮਾਗਮ ਦੀ ਸ਼ਾਨ ਨੂੰ ਵਧਾ ਦਿੱਤਾ। ਇਸ ਮੌਕੇ ਲੜਕਿਆਂ ਨੇ ਵੱਖ-ਵੱਖ ਟਰੈਕ ਅਤੇ ਫੀਲਡ ਈਵੈਂਟਾਂ ਵਿੱਚ ਉਤਸ਼ਾਹਪੂਰਵਕ ਭਾਗ ਲਿਆ, ਜਿਨ੍ਹਾਂ ਵਿੱਚ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੌੜਾਂ, ਰਿਲੇਅ ਦੌੜਾਂ, ਲੰਬੀ ਛਾਲ, ਜੈਵਲਿਨ ਥੇ (ਬਰਛਾ ਸੁੱਟਣਾ) ਅਤੇ ਸ਼ਾਟ ਪੁੱਟ (ਗੋਲਾ ਸੁੱਟਣਾ) ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਤੇਜ਼ ਰਫ਼ਤਾਰ, ਤਾਕਤ, ਲਗਨ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਦਕਿ ਦੂਜੇ ਦਿਨ ਸਾਰੇ ਵਰਗਾਂ ਦੀਆਂ ਖਿਡਾਰਨਾਂ ਨੇ ਅਥਲੈਟਿਕ ਵਿਚ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੌੜਾਂ, ਰਿਲੇਅ ਦੌੜਾਂ, ਲੰਬੀ ਛਾਲ, ਜੈਵਲਿਨ ਥੇ ਅਤੇ ਸ਼ਾਟ ਪੁੱਟ ਵਿੱਚ ਹਿੱਸਾ ਲਿਆ।
ਰੱਸਾਕਸ਼ੀ ਦਾ ਮੁਕਾਬਲਾ ਇੱਕ ਖਾਸ ਆਕਰਸ਼ਣ ਵਜੋਂ ਉੱਭਰਿਆ, ਜੋ ਸਮੂਹਿਕ ਤਾਕਤ, ਤਾਲਮੇਲ, ਰਣਨੀਤੀ ਅਤੇ ਏਕਤਾ ਨੂੰ ਦਰਸਾਉਂਦਾ ਸੀ। ਦਰਸ਼ਕਾਂ ਦੇ ਉਤਸ਼ਾਹਜਨਕ ਨਾਅਰਿਆਂ ਨੇ ਮਾਹੌਲ ਨੂੰ ਹੋਰ ਵੀ ਵਧੀਆ ਬਣਾ ਦਿੱਤਾ, ਜਿਸ ਨਾਲ ਇਹ ਦਿਨ ਦ੍ਰਿੜਤਾ ਅਤੇ ਟੀਮ ਵਰਕ ਦਾ ਇੱਕ ਯਾਦਗਾਰੀ ਯਾਦ ਬਣ ਗਿਆ॥ ਇਸ ਮੌਕੇ ਪੰਜ ਭਾਗ ਲੈਣ ਵਾਲੇ ਹਾਊਸਾਂ - ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਹਾਊਸ, ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਹਾਊਸ ਅਤੇ ਮਾਤਾ ਗੁਜਰ ਕੌਰ ਜੀ ਹਾਊਸ ਵਿਚਕਾਰ ਅੰਤਰ-ਹਾਊਸ ਚੈਂਪੀਅਨਸ਼ਿਪ ਲਈ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਤੀਜੇ ਅਤੇ ਅੰਤਿਮ ਦਿਨ ਸਾਲਾਨਾ ਅਥਲੈਟਿਕਸ ਮੀਟ ਦੀ ਸਮਾਪਤੀ ਰਵਾਇਤੀ ਅਤੇ ਟੀਮ ਖੇਡਾਂ ਦੀ ਇੱਕ ਰੋਮਾਂਚਕ ਲੜੀ ਨਾਲ ਹੋਇਆ। ਇਸ ਮੌਕੇ ਸਮੂਹ ਖਿਡਾਰੀਆਂ ਨੇ ਰੱਸਾਕਸ਼ੀ ਅਤੇ ਕਬੱਡੀ ਵਿੱਚ ਭਾਗ ਲਿਆ, ਜਿਸ ਵਿੱਚ ਸ਼ਾਨਦਾਰ ਤਾਕਤ, ਚੁਸਤੀ, ਰਣਨੀਤਕ ਸਮਝ ਅਤੇ ਟੀਮ ਤਾਲਮੇਲ ਦਾ ਪ੍ਰਦਰਸ਼ਨ ਕੀਤਾ ਗਿਆ। ਹਰ ਉਮਰ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਗੱਤਕਾ ਖੇਡਦਿਆਂ ਪੰਜਾਬ ਦੀ ਅਮੀਰ ਅਤੇ ਪੁਰਾਤਨ ਮਾਰਸ਼ਲ ਆਰਟ ਨੂੰ ਜਿਉਂਦੇ ਰੱਖਣ ਲਈ ਖ਼ਾਲਸਾਈ ਰੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਨੂੰ ਨਿਹਾਲ ਕੀਤਾ। ਇਸ ਮੌਕੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਖੋ-ਖੋ,ਯੋਗਾ ਅਤੇ ਕਰਾਟਿਆਂ ਦੇ ਖੇਡ ਮੁਕਾਬਲਿਆਂ ਵਿੱਚ ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ, ਜੋ ਵੇਖਣਯੋਗ ਸੀ। ਇਸ ਮੌਕੇ ਖਿਡਾਰੀਆਂ ਨੇ ਗੱਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਹਿੰਮਤ, ਸਟੀਕਤਾ ਅਤੇ ਰਵਾਇਤੀ ਮਾਰਸ਼ਲ ਆਰਟਸ ਨੂੰ ਸੰਭਾਲਣ ਲਈ ਹਲੂਣਾ ਦਿੱਤਾ।
ਇਸ ਮੌਕੇ ਖੇਡ ਮੇਲੇ ਦੇ ਅਖੀਰਲੇ ਦਿਨ ਪ੍ਰਧਾਨ ਹਰਮਿੰਦਰ ਸਿੰਘ ਨੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਕੇਵਲ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਹੀ ਤੰਦਰੁਸਤ ਨਹੀਂ ਰੱਖਦੀਆਂ ਬਲਕਿ ਆਪਸ ਵਿੱਚ ਮਿਲ ਜੁਲ ਕੇ ਰਹਿਣ ,ਭਾਈਚਾਰਕ ਸਾਂਝ , ਪਿਆਰ,ਸ਼ਾਂਤੀ ਅਤੇ ਮਨੋਬਲ ਨੂੰ ਮਜ਼ਬੂਤ ਕਰਨ ਲਈ ਵੀ ਸਹਾਈ ਹੁੰਦੀਆਂ ਹਨ।
ਇਸ ਮੌਕੇ ਪ੍ਰਿੰਸੀਪਲ ਜਸਕਿਰਨ ਕੌਰ ਨੇ ਖਿਡਾਰੀਆਂ ,ਦਰਸ਼ਕਾਂ ਅਤੇ ਪ੍ਰਬੰਧਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਖੇਡਾਂ ਸਿਰਫ਼ ਮੈਡਲ ਜਾਂ ਟਰਾਫ਼ੀਆਂ ਜਿੱਤਣ ਤੱਕ ਸੀਮਤ ਨਹੀਂ ਹੁੰਦੀਆਂ ਸਗੋਂ ਖੇਡਾਂ ਚਰਿੱਤਰ ਨਿਰਮਾਣ, ਮਾਨਸਿਕ ਮਜ਼ਬੂਤੀ, ਅਨੁਸ਼ਾਸਨ ਸਿੱਖਣ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਹਿੰਮਤ ਤੇ ਸ਼ਾਨ ਨਾਲ ਸਾਹਮਣਾ ਕਰਨ ਲਈ ਖ਼ੁਦ ਨੂੰ ਤਿਆਰ ਕਰਨ ਲਈ ਵੀ ਮਹੱਤਵਪੂਰਨ ਹੁੰਦੀਆਂ ਹਨ। ਖੇਡ ਮੁਕਾਬਲਿਆਂ ਵਿੱਚ ਓਵਰਆਲ ਚੈਂਪੀਅਨਸ਼ਿਪ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ ਦੇ ਹਿੱਸੇ ਆਈ ਜਦਕਿ ਫ਼ਸਟ ਰਨਰ-ਅੱਪ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਹਾਊਸ ਰਿਹਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।