- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਬਜ਼ੀ ਮੰਡੀ 'ਚ ਮਾਰਕੀਟ ਕਮੇਟੀ ਦਾ ਵੱਡਾ ਐਕਸ਼ਨ, ਗੇਟ ਨੰਬਰ-2 ਤੋਂ ਨਜਾਇਜ਼ ਕਬਜ਼ੇ ਹਟਾਏ

-ਟਮਾਟਰ ਸ਼ੈੱਡ 'ਤੇ ਕਬਜ਼ਾ ਕਰਨ ਵਾਲਿਆਂ ਨੂੰ ਚਿਤਾਵਨੀ, ਕਰੇਟ ਨਾ ਚੁੱਕੇ ਤਾਂ ਹੋਵੇਗਾ ਜੁਰਮਾਨਾ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਮਾਰਕੀਟ ਕਮੇਟੀ ਲੁਧਿਆਣਾ ਨੇ ਸਬਜ਼ੀ ਮੰਡੀ ਵਿੱਚ ਟਰੈਫਿਕ ਜਾਮ ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਗੇਟ ਨੰਬਰ-2 ਦੀ ਮੁੱਖ ਸੜਕ ਤੋਂ ਕਬਜ਼ੇ ਹਟਵਾਏ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ। ਕਾਰਵਾਈ ਦੀ ਅਗਵਾਈ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਤੇ ਸਕੱਤਰ ਗੁਰਦੀਪ ਸਿੰਘ ਨੇ ਆਪਣੀ ਟੀਮ ਨਾਲ ਕੀਤੀ।
ਮੰਡੀ ਦੇ ਗੇਟ ਨੰਬਰ-2 ਦੀ ਮੁੱਖ ਸੜਕ 'ਤੇ ਲੰਬੇ ਸਮੇਂ ਤੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਹਰ ਸਵੇਰੇ ਆੜ੍ਹਤੀਆਂ ਨੂੰ ਭਾਰੀ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਸੀ। ਹਾਲਾਤ ਅਜਿਹੇ ਸਨ ਕਿ ਕਈ ਆੜ੍ਹਤੀਆਂ ਨੂੰ ਆਪਣੇ ਵਾਹਨ ਮੰਡੀ ਤੋਂ ਬਾਹਰ ਖੜ੍ਹੇ ਕਰਕੇ ਪੈਦਲ ਹੀ ਆਪਣੇ ਫੜ੍ਹਾਂ ਤੱਕ ਪੁੱਜਣਾ ਪੈਂਦਾ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਰਕੀਟ ਕਮੇਟੀ ਨੇ ਸੁਪਰਵਾਈਜ਼ਰ ਕਰਨ ਸ਼ਰਮਾ, ਭੁਪਿੰਦਰ ਸਿੰਘ, ਹਰੀ ਰਾਮ, ਜਗਮੀਤ ਤੇ ਹੋਰ ਮੁਲਾਜ਼ਮਾਂ ਦੀ ਮਦਦ ਨਾਲ ਸੜਕ ਤੋਂ ਕਬਜ਼ੇ ਹਟਾਏ। ਇਸ ਦੌਰਾਨ ਸੜਕ 'ਤੇ ਆਲੂ-ਪਿਆਜ਼ ਦੇ ਕੱਟੇ ਰੱਖ ਕੇ ਕਾਰੋਬਾਰ ਕਰਨ ਵਾਲਿਆਂ ਨੂੰ ਇਕ ਦਿਨ ਦਾ ਸਮਾਂ ਦਿੰਦਿਆਂ ਸਾਮਾਨ ਹਟਾਉਣ ਲਈ ਕਿਹਾ ਗਿਆ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਮਾਂ-ਸੀਮਾ ਤੋਂ ਬਾਅਦ ਸਾਮਾਨ ਜ਼ਬਤ ਕੀਤਾ ਜਾਵੇਗਾ ਤੇ ਸਬੰਧਤ ਫਰਮਾਂ 'ਤੇ ਜੁਰਮਾਨਾ ਵੀ ਲਾਇਆ ਜਾਵੇਗਾ।
ਇਸੇ ਮੁਹਿੰਮ ਤਹਿਤ ਮਾਰਕੀਟ ਕਮੇਟੀ ਨੇ ਨਵੇਂ ਬਣੇ ਟਮਾਟਰ ਸ਼ੈੱਡ ਦਾ ਵੀ ਨਿਰੀਖਣ ਕੀਤਾ। ਸ਼ੈੱਡ ਅਲਾਟ ਹੋਣ ਤੋਂ ਪਹਿਲਾਂ ਹੀ ਕਈ ਆੜਤੀਆਂ ਵੱਲੋਂ ਉੱਥੇ ਕਰੇਟ ਰੱਖ ਕੇ ਆਪਣੀ ਦਾਅਵੇਦਾਰੀ ਜਤਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਸਕੱਤਰ ਗੁਰਦੀਪ ਸਿੰਘ ਨੇ ਮੌਕੇ 'ਤੇ ਹੀ ਆੜ੍ਹਤੀਆਂ ਨੂੰ ਚੇਤਾਵਨੀ ਦਿੱਤੀ ਕਿ ਤੁਰੰਤ ਕਰੇਟ ਹਟਾਏ ਜਾਣ, ਨਹੀਂ ਤਾਂ ਫੜ੍ਹ ਅਲਾਟ ਨਹੀਂ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਕਾਰਵਾਈ ਦੌਰਾਨ ਕੁਝ ਕਰੇਟ ਟਰਾਲੀ ਵਿੱਚ ਜ਼ਬਤ ਵੀ ਕੀਤੇ ਗਏ, ਪਰ ਬਾਅਦ ’ਚ ਮੌਕੇ 'ਤੇ ਪੁੱਜੇ ਤੇ ਆੜ੍ਹਤੀਆਂ ਨੇ ਅਗਲੇ ਦਿਨ ਦਫ਼ਤਰ ਆ ਕੇ ਗੱਲਬਾਤ ਕਰਨ ਦਾ ਭਰੋਸਾ ਦਿੱਤਾ। ਇਸ 'ਤੇ ਸਕੱਤਰ ਨੇ ਉਨ੍ਹਾਂ ਨੂੰ ਆਖ਼ਰੀ ਮੌਕਾ ਦਿੰਦਿਆਂ ਤੁਰੰਤ ਕਰੇਟ ਚੁੱਕਣ ਦੇ ਨਿਰਦੇਸ਼ ਦਿੱਤੇ। ਮਾਰਕੀਟ ਕਮੇਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮੰਡੀ ਵਿੱਚ ਟਰੈਫਿਕ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਕਬਜ਼ਿਆਂ ਅਤੇ ਨਿਯਮਾਂ ਦੀ ਉਲੰਘਣਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।