- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਚਮਕੌਰ ਸਾਹਿਬ ਤੇ ਸਾਕਾ ਸਰਹਿੰਦ ਦੇ ਸ਼ਹੀਦਾਂ ਦੀ ਯਾਦ ’ਚ ਮਹੱਲਾ ਸਜੇਗਾ

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ
ਸ੍ਰੀ ਚਮਕੌਰ ਸਾਹਿਬ ਦੀ ਗੜ੍ਹੀ ਅਤੇ ਸਾਕਾ ਸਰਹਿੰਦ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪਹਿਲਾ ਵਿਸ਼ਾਲ ਖਾਲਸਾਈ ਮਹੱਲਾ 6 ਦਸੰਬਰ ਨੂੰ ਸਜਾਇਆ ਜਾਵੇਗਾ। ਇਹ ਜਾਣਕਾਰੀ ਮਹਾਂਕਾਲ ਜਥੇਦਾਰ ਬਾਬਾ ਬਲਜੀਤ ਸਿੰਘ ਕਾਲਾ ਨੰਗਲ ਅਤੇ ਭਾਜਪਾ ਪੰਜਾਬ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਸਾਂਝੇ ਤੌਰ ’ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਦਲ ਪੰਥ ਸ਼੍ਰੋਮਣੀ ਸ਼ਹੀਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਬਾਬਾ ਜੀਵਨ ਸਿੰਘ ਨਿਹੰਗ ਸਿੰਘ ਖਾਲਸਾ ਦਲ ਵੱਲੋਂ ਕਰਵਾਏ ਜਾ ਰਹੇ ਮਹੱਲੇ ਦੀ ਅਗਵਾਈ ਜਥੇ. ਬਾਬਾ ਕੁਲਵਿੰਦਰ ਸਿੰਘ 96 ਕਰੋੜੀ ਕਰਨਗੇ। ਮਹੱਲਾ ਸਵੇਰੇ 10 ਵਜੇ ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਸੁਭਾਨੀ ਬਿਲਡਿੰਗ ਚੌਕ, ਬਰਾਊਨ ਰੋਡ, ਸੀਐਮਸੀ ਹਸਪਤਾਲ, ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਾਬਾ ਥਾਨ ਸਿੰਘ ਚੌਂਕ ਅਤੇ ਸਮਰਾਲਾ ਚੌਂਕ ਰਾਹੀਂ ਵਰਧਮਾਨ ਗਰਾਊਂਡ ਪੁੱਜੇਗਾ, ਜਿੱਥੇ ਘੋੜ ਦੌੜਾਂ ਤੇ ਗੱਤਕੇ ਦੇ ਜੌਹਰ ਦਿਖਾਏ ਜਾਣਗੇ। 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਦੇਬੀ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਵਿਰਸੇ ਨਾਲ ਜੋੜਨ ਦਾ ਸਾਰਥਕ ਉਪਰਾਲਾ ਹਨ। ਇਸ ਮੌਕੇ ਗੁਰਵਿੰਦਰ ਸਿੰਘ ਭਾਰਤੀ, ਇਸ਼ਪ੍ਰੀਤ ਸਿੰਘ ਈਸ਼ੂ, ਨਿਹੰਗ ਹਰਜਿੰਦਰ ਸਿੰਘ, ਨਿਹੰਗ ਪ੍ਰਭਜੋਤ ਸਿੰਘ, ਨਿਹੰਗ ਬਲਵੰਤ ਸਿੰਘ, ਨਿਹੰਗ ਹਰਚੰਦ ਸਿੰਘ, ਨਿਹੰਗ ਮਹਿੰਦਰ, ਨਿਹੰਗ ਮਨਿੰਦਰ ਸਿੰਘ, ਨਿਹੰਗ ਗੁਰਵਿੰਦਰ ਸਿੰਘ, ਨਿਹੰਗ ਪਰਮਜੀਤ ਸਿੰਘ, ਗੁਰਦੀਪ ਸਰਾਭਾ ਤੇ ਐਡਵੋਕੇਟ ਹਰਵਿੰਦਰ ਸਿੰਘ ਹਾਜ਼ਰ ਸਨ।