- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੋੜਾਂ ਦੇ ਸਮਾਰਟ ਸਿਟੀ ਪ੍ਰੋਜੈਕਟ ’ਤੇ ਅਣਦੇਖੀ ਦੀ ਧੂੜ, ‘ਲਵ ਲੁਧਿਆਣਾ’ ਦੀ ਦਿੱਖ ਬਦਹਾਲ

-ਸ਼ੇਰਪੁਰ ਚੌਕ ’ਚ ਕਬਜ਼ਿਆਂ ਤੇ ਗੰਦਗੀ ਨੇ ਵਿਗਾੜੀ ਸ਼ਹਿਰ ਦੀ ਤਸਵੀਰ
-ਟੁੱਟੇ ਜੰਗਲੇ ਤੇ ਬੂਟੀ ਨੇ ਖੋਲ੍ਹੀ ਨਿਗਮ ਦੇ ਪ੍ਰਬੰਧਾਂ ਦੀ ਪੋਲ
ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ, ਲੁਧਿਆਣਾ
ਸ਼ਹਿਰ ਵਿੱਚ ਦਾਖ਼ਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਨਜ਼ਰ ਆਉਣ ਵਾਲਾ ਸ਼ੇਰਪੁਰ ਚੌਕ ਦਾ ‘ਲਵ ਲੁਧਿਆਣਾ’ ਸਵਾਗਤੀ ਪਿਲਰ ਅੱਜ ਖ਼ੁਦ ਆਪਣੀ ਬਦਹਾਲੀ ਦੀ ਕਹਾਣੀ ਬਿਆਨ ਕਰ ਰਿਹਾ ਹੈ। ਜਿਸ ਥਾਂ ਨੂੰ ਲੁਧਿਆਣਾ ਦੀ ਪਛਾਣ ਅਤੇ ਸੁੰਦਰਤਾ ਦਾ ਪ੍ਰਤੀਕ ਬਣਾਉਣ ਲਈ ਨਿਗਮ ਵਲੋਂ ਸਜਾਵਟੀ ਪਿਲਰ ਬਣਾ ਕੇ ਸੁੰਦਰ ਬਣਾਇਆ ਗਿਆ ਸੀ, ਉੱਥੇ ਅੱਜ ਗੰਦਗੀ, ਨਾਜਾਇਜ਼ ਕਬਜ਼ਿਆਂ, ਟੁੱਟੇ ਜੰਗਲਿਆਂ ਅਤੇ ਹਰਿਆਲੀ ਦੀ ਘਾਟ ਨੇ ਸ਼ਹਿਰ ਦੇ ਪ੍ਰਵੇਸ਼ ਗੇਟ ਦੀ ਤਸਵੀਰ ਵਿਗਾੜ ਦਿੱਤੀ ਹੈ। ਨਗਰ ਨਿਗਮ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵਲੋਂ ਸ਼ਹਿਰ ਵਲੋਂ ਕੀਤੇ ਜਾ ਰਹੇ ਵਿਕਾਸ ਅਤੇ ਸੁੰਦਰਤਾ ਦੇ ਦਾਅਵਿਆਂ ਵਿਚਕਾਰ ਸ਼ਹਿਰ ਦੇ ਇਸ ਪ੍ਰਵੇਸ਼ ਕਰਦੇ ਹੀ ਬਣੇ ਸਜਾਵਟੀ ਪਿਲਰਾਂ ਦੀ ਹਾਲਤ ਨਗਰ ਨਿਗਮ ਦੀ ਕਾਰਜਪ੍ਰਣਾਲੀ ਅਤੇ ਜਨਤਕ ਸੰਪਤੀ ਦੀ ਸਾਂਭ-ਸੰਭਾਲ ਨਾ ਹੋਣ ਦੇ ਮਾਮਲੇ ਵਿੱਚ ਨਿਗਮ ਨੂੰ ਲੋਕਾਂ ਦੀ ਕਚਹਿਰੀ ਵਿੱਚ ਖੜ੍ਹੇ ਕਰ ਰਹੀ ਹੈ। ਸਾਲ 2016 ਵਿੱਚ ਜਦੋਂ ਦੇਸ਼ ਦੇ ਪਹਿਲੇ 20 ਸਮਾਰਟ ਸਿਟੀ ਸ਼ਹਿਰਾਂ ’ਚ ਸ਼ਾਮਲ ਹੋਏ ਲੁਧਿਆਣਾ ਦੇ ਲੋਕਾਂ ਨੇ ਨਿਗਮ ਤੋਂ ਉਮੀਦ ਸੀ ਕਿ ਲੁਧਿਆਣਵੀਆਂ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਸ਼ਹਿਰ ਦੀ ਦਿੱਖ ਅਤੇ ਸਫ਼ਾਈ ਨੂੰ ਵੀ ਤਰਜੀਹ ਮਿਲੇਗੀ ਪਰ ਸ਼ੇਰਪੁਰ ਚੌਕ ਵਿੱਚ ‘ਲਵ ਲੁਧਿਆਣਾ’ ਦੇ ਆਲੇ-ਦੁਆਲੇ ਦੇ ਹਾਲਾਤ ਇਹ ਸਵਾਲ ਖੜ੍ਹਾ ਕਰਦੇ ਹਨ ਕਿ ਸਮਾਰਟ ਸਿਟੀ ਦਾ ਇਹ ਪ੍ਰੋਜੈਕਟ ਤਿਆਰ ਕਰਨ ਤੋਂ ਬਾਅਦ ਉਸ ਦੀ ਸਾਂਭ ਸੰਭਾਲ ਲਈ ਨਿਗਮ ਵੱਲੋਂ ਕਿੰਨੀ ਗੰਭੀਰਤਾ ਦਿਖਾਈ ਜਾ ਰਹੀ ਹੈ। ਜੇਕਰ ਸ਼ਹਿਰ ਦੇ ਮੁੱਖ ਪ੍ਰਵੇਸ਼ ਦੁਆਰ ਦੀ ਹੀ ਨਿਯਮਤ ਸਾਂਭ-ਸੰਭਾਲ ਨਹੀਂ ਹੋ ਰਹੀ ਤਾਂ ਹੋਰ ਇਲਾਕਿਆਂ ਵਿੱਚ ਸ਼ਹਿਰੀ ਸੁੰਦਰਤਾ ਤੇ ਸਾਫ਼ ਸਫ਼ਾਈ ਦੇ ਦਾਅਵਿਆਂ ਦੀ ਹਕੀਕਤ ਕੀ ਹੋਵੇਗੀ, ਇਹ ਵਿਚਾਰਨ ਵਾਲਾ ਮਾਮਲਾ ਹੈ। ਕਿਉਂਕਿ ਇੱਕ ਪੁਰਾਣੀ ਕਹਾਵਤ ਹੈ ਕਿ “ਘਰ ਦੀ ਦਹਿਲੀਜ਼ ਦੱਸ ਦਿੰਦੀ ਏ ਕਿ ਘਰ ਕਿਹੋ ਜਿਹਾ ਹੋਵੇਗਾ।”
ਲੁਧਿਆਣਾ ਦੇ ਸ਼ੇਰਪੁਰ ਚੌਕ ਸਥਿਤ ਐੱਨਪੀਸੀ ਟਰਾਂਸਪੋਰਟ ਦੇ ਹਰਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਵਾਗਤੀ ਪਿਲਰਾਂ ਦੀ ਬਦਹਾਲੀ ਅਤੇ ਆਲੇ-ਦੁਆਲੇ ਦੀਆਂ ਸਮੱਸਿਆਵਾਂ ਬਾਰੇ ਨਗਰ ਨਿਗਮ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ। ਇਸ ਦੇ ਬਾਵਜੂਦ ਹਾਲਾਤ ਵਿੱਚ ਕੋਈ ਠੋਸ ਸੁਧਾਰ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਦਾਖਲ ਹੁੰਦੇ ਹੀ ਸੜਕ ਦੇ ਕਿਨਾਰੇ ਤੇ ਕਮਰਸ਼ੀਆਲ ਗੱਡੀਆਂ ਲਗਾ ਕੇ ਨਾਜਾਇਜ਼ ਕਬਜ਼ੇ ਕਰਨਾ ਹੀ ਸਭ ਤੋਂ ਵੱਡੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਹੇ ਹਨ, ਜਿਸ ਕਾਰਨ ਸ਼ਹਿਰ ਵਿੱਚ ਆਉਣ-ਜਾਣ ਵਾਲੇ ਲੋਕਾਂ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਤੇ ਅਕਸਰ ਸੜਕ ਤੇ ਟ੍ਰੈਫ਼ਿਕ ਜਾਮ ਲੱਗਾ ਰਹਿੰਦਾ ਹੈ ਤੇ ਦੂਜਾ ਸ਼ਹਿਰ ਦੇ ਪ੍ਰਵੇਸ਼ ਦੀ ਦਿੱਖ ਨੂੰ ਵੀ ਖਰਾਬ ਕਰ ਰਹੇ ਹਨ। ਇੱਥੋਂ ਨਿਗਮ ਦੇ ਅਧਿਕਾਰੀਆਂ ਦੇ ਨਾਲ ਪੰਜਾਬ ਸਰਕਾਰ ਦੇ ਮੰਤਰੀ ਦਾ ਅਕਸਰ ਆਉਂਦੇ ਜਾਂਦੇ ਰਹਿੰਦੇ ਹਨ, ਪਰ ਕਦੇ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।
-ਬਾਕਸ-
-ਟੁੱਟੇ ਜੰਗਲੇ, ਹਰਿਆਲੀ ਤੇ ਫੁਹਾਰਿਆਂ ਦੀ ਸੰਭਾਲ ’ਤੇ ਲੱਗਾ ਪ੍ਰਸ਼ਨ ਚਿੰਨ੍ਹ
ਲੁਧਿਆਣਾ ਦੇ ਸ਼ੇਰਪੁਰ ਚੌਂਕ ਵਿੱਚ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਬਣਾਏ ਗਏ ਸਵਾਗਤੀ ਪਿਲਰਾਂ ਦੇ ਆਲੇ-ਦੁਆਲੇ ਹਰਿਆਲੀ ਅਤੇ ਫੁਹਾਰੇ ਲਗਾਉਣ ਦਾ ਮਕਸਦ ਇਸ ਥਾਂ ਨੂੰ ਸੁੰਦਰ ਬਣਾਉਣਾ ਅਤੇ ਸ਼ਹਿਰ ਵਿੱਚ ਦਾਖ਼ਲ ਹੋਣ ਵਾਲਿਆਂ ਨੂੰ ਲੁਧਿਆਣਾ ਦੀ ਸਮਾਰਟ ਸਿਟੀ ਦੀ ਤਸਵੀਰ ਦਿਖਾਉਣਾ ਸੀ। ਪਰ ਸਮੇਂ ਸਿਰ ਸਾਂਭ-ਸੰਭਾਲ ਨਾ ਹੋਣ ਕਾਰਨ ਇਸ ਦੀ ਦਿੱਖ ਪ੍ਰਭਾਵਿਤ ਹੋ ਰਹੀ ਹੈ। ਜਿਸ ਦੀ ਸੁਰੱਖਿਆ ਲਈ ਲਗਾਏ ਗਏ ਕਈ ਜੰਗਲੇ ਟੁੱਟੇ ਹੋਏ ਹਨ, ਜਦਕਿ ਹਰਿਆਲੀ ਅਤੇ ਫੁਹਾਰਿਆਂ ਦੀ ਸਾਂਭ ਸੰਭਾਲ ਨੂੰ ਲੈਕੇ ਵੀ ਸਵਾਲ ਉੱਠ ਰਹੇ ਹਨ। ਇਸ ਸੰਬੰਧ ਵਿੱਚ ਜਦੋਂ ਹਰਜਿੰਦਰ ਸਿੰਘ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ 2016 ਵਿੱਚ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਲਵ ਲੁਧਿਆਣਾ ਦਾ ਸੁੰਦਰ ਗੇਟ ਬਣਾਇਆ ਗਿਆ ਸੀ, ਜਿਸ ਦੀ ਦਿੱਖ ਦੇਖ ਕੇ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਸੀ ਕਿ ਉਹ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹਨ। ਸਜਾਵਟੀ ਪਿਲਰਾਂ ਦੀ ਸੁੰਦਰਤਾ ਨੂੰ ਸਰੁੱਖਿਅਤ ਰੱਖਣ ਲਈ ਆਸ ਪਾਸ ਲੋਹੇ ਦੇ ਜੰਗਲੇ ਲਾਏ ਸਨ। ਨਿਗਮ ਦੀ ਲਾਪ੍ਰਵਾਹੀ ਦੇ ਕਾਰਨ ਇਹ ਜੰਗਲੇ ਚੋਰੀ ਹੋਣ ਲੱਗੇ।ਇਸ ਸਬੰਧੀ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ, ਪਰ ਕੋਈ ਸਥਾਈ ਹੱਲ ਨਹੀਂ ਹੋ ਸਕਿਆ। ਇਸ ਥਾਂ ਲੱਗੇ ਫੁਹਾਰਿਆਂ ਲਈ ਮੋਟਰ ਵੀ ਲਗਾਈ ਗਈ ਪਰ ਉਹ ਵੀ ਚੋਰੀ ਹੀ ਗਈ ਜਿਸ ਤੋਂ ਬਾਅਦ ਨਵੀਂ ਮੋਟਰ ਨਹੀਂ ਆਈ ਤੇ ਸਵਾਗਤੀ ਪਿੱਲਰਾਂ ਦੇ ਆਲੇ-ਦੁਆਲੇ ਲੱਗੀ ਘਾਹ ਸੁਕਣ ਕਾਰਨ ਸ਼ਹਿਰ ਦੀ ਦਿੱਖ ਖਰਾਬ ਹੋ ਰਹੀ ਹੈ।ਹਰਜਿੰਦਰ ਸਿੰਘ ਨੇ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਸ਼ੇਰਪੁਰ ਚੌਕ ’ਚ ਸਵਾਗਤੀ ਪਿੱਲਰਾਂ ਦੇ ਆਲੇ-ਦੁਆਲੇ ਹੋਏ ਨਾਜਾਇਜ਼ ਕਬਜ਼ਿਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਹਟਾਇਆ ਜਾਵੇ। ਇਸ ਦੇ ਨਾਲ ਹੀ ਟੁੱਟੇ ਜੰਗਲਿਆਂ ਦੀ ਮੁਰੰਮਤ, ਹਰਿਆਲੀ ਨੂੰ ਮੁੜ ਬਹਾਲ ਕੀਤਾ ਜਾਵੇ, ਫੁਹਾਰਿਆਂ ਦੀ ਸਾਂਭ ਸੰਭਾਲ ਤੇ ਇਲਾਕੇ ਦੀ ਨਿਯਮਤ ਸਫ਼ਾਈ ਯਕੀਨੀ ਬਣਾਈ ਜਾਵੇ।
ਸ਼ਹਿਰ ਦਾ ਪ੍ਰਵੇਸ਼ ਦੁਆਰ ਕਿਸੇ ਵੀ ਸ਼ਹਿਰ ਦੀ ਪਛਾਣ ਅਤੇ ਉਸ ਦੇ ਪ੍ਰਬੰਧਨ ਦੀ ਝਲਕ ਪੇਸ਼ ਕਰਦਾ ਹੈ। ਅਜਿਹੀ ਥਾਂ ਦੀ ਬਦਹਾਲੀ ਸਿਰਫ਼ ਸੁੰਦਰਤਾ ਦਾ ਮਾਮਲਾ ਨਹੀਂ, ਸਗੋਂ ਜਨਤਕ ਪੈਸੇ ਨਾਲ ਤਿਆਰ ਕੀਤੀਆਂ ਸਹੂਲਤਾਂ ਦੀ ਦੇਖਭਾਲ ਨਾਲ ਵੀ ਜੁੜੀ ਹੋਈ ਹੈ। ਹੁਣ ਦੇਖਣਾ ਇਹ ਹੈ ਕਿ ਨਿਗਮ ਇਸ ਸਮੱਸਿਆ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ ਅਤੇ ‘ਲਵ ਲੁਧਿਆਣਾ’ ਦੀ ਦਿੱਖ ਸੁਧਾਰਨ ਲਈ ਕਦੋਂ ਜ਼ਮੀਨੀ ਪੱਧਰ ’ਤੇ ਕਾਰਵਾਈ ਕੀਤੀ ਜਾਂਦੀ ਹੈ।
-ਬਾਕਸ-
-ਸਮਰਾਟ ਸਿਟੀ ਪ੍ਰਾਜੈਕਟ ਦੀ ਮੁਰੰਮਤ ਜਲਦ ਕਰਵਾਈ ਜਾਵੇਗੀ
ਸਮਰਾਟ ਸਿਟੀ ਪ੍ਰਾਜੈਕਟ ਦੇ ਸੁਪਰਡੈਂਟ ਇੰਜੀਨੀਅਰ ਸ਼ਾਮ ਲਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਜੈਕਟ ਦੀ ਸਾਂਭ-ਸੰਭਾਲ ਲਈ ਫੰਡ ਜਾਰੀ ਨਾ ਕੀਤੇ ਜਾਣ ਕਾਰਨ ਇਸ ਦੇ ਰੱਖ-ਰਖਾਅ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਹੁਣ ਨਗਰ ਨਿਗਮ ਤੋਂ ਸਾਂਭ-ਸੰਭਾਲ ਲਈ ਫੰਡ ਪ੍ਰਾਪਤ ਕਰਕੇ ਪ੍ਰਾਜੈਕਟ ਦੀ ਮੁਰੰਮਤ ਦਾ ਕੰਮ ਜਲਦ ਹੀ ਕਰਵਾਇਆ ਜਾਵੇਗਾ।