- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਕਾਰੋਬਾਰੀ ਵਿਕਾਸ ਲਈ ਏਆਈ ਤਕਨੀਕਾਂ ਅਪਣਾਉਣ ’ਤੇ ਜ਼ੋਰ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਦੇ ਬਿਜ਼ਨਸ ਨੈੱਟਵਰਕਿੰਗ ਗਰੁੱਪ (ਬੀਐਨਜੀ) ਵੱਲੋਂ ਫੋਕਲ ਪੁਆਇੰਟ ਸਥਿਤ ਸੀਆਈਸੀਯੂ ਕੰਪਲੈਕਸ ’ਚ ਮੀਟਿੰਗ ਕਰਵਾਈ। ਕਾਰੋਬਾਰ ਦੇ ਵਿਕਾਸ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਬਾਰੇ ਵਿਹਾਰਕ ਜਾਣਕਾਰੀ ਦਿੱਤੀ ਗਈ। ਐੱਮਡੀ ਜੈ ਇੰਦਰ ਪਾਲ ਮਣਕੂ ਨੇ ਲਾਈਵ ਡੈਮੋ ਰਾਹੀਂ ਦਿਖਾਇਆ ਕਿ ਏਆਈ ਟੂਲਜ਼ ਦੀ ਮਦਦ ਨਾਲ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਤਸਵੀਰਾਂ, ਵੀਡੀਓਜ਼ ਤੇ ਕਾਰੋਬਾਰੀ ਸਮੱਗਰੀ ’ਚ ਕਿਵੇਂ ਬਦਲਿਆ ਜਾ ਸਕਦਾ ਹੈ। ਇਨ੍ਹਾਂ ਤਕਨੀਕਾਂ ਦੀ ਵਰਤੋਂ ਨਾਲ ਕੰਪਨੀਆਂ ਆਪਣੀਆਂ ਪੇਸ਼ਕਾਰੀਆਂ ਨੂੰ ਬਿਹਤਰ ਬਣਾਉਣ, ਗਾਹਕਾਂ ਨਾਲ ਪ੍ਰਭਾਵਸ਼ਾਲੀ ਸੰਚਾਰ ਕਰਨ, ਮਾਰਕੀਟਿੰਗ ਸਮੱਗਰੀ ਤਿਆਰ ਕਰਨ ਤੇ ਕਾਰੋਬਾਰੀ ਸੌਦੇਬਾਜ਼ੀ ਵਿੱਚ ਮਦਦ ਲੈ ਸਕਦੀਆਂ ਹਨ। ਸੀਆਈਸੀਯੂ ਦੇ ਜਨਰਲ ਸਕੱਤਰ ਤੇ ਬੀਐੱਨਜੀ ਦੇ ਕੈਪਟਨ ਹਨੀ ਸੇਠੀ ਨੇ ਕਿਹਾ ਕਿ ਅਜਿਹੇ ਸੈਸ਼ਨਾਂ ਦਾ ਅਸਲ ਲਾਭ ਉਦੋਂ ਮਿਲਦਾ ਹੈ, ਜਦੋਂ ਸਿੱਖੀਆਂ ਤਕਨੀਕਾਂ ਨੂੰ ਕਾਰੋਬਾਰ ’ਚ ਲਾਗੂ ਕੀਤਾ ਜਾਵੇ। ਉਨ੍ਹਾਂ ਮੈਂਬਰਾਂ ਨੂੰ ਏਆਈ ਟੂਲਜ਼ ਦੀ ਵਰਤੋਂ ਕਰਕੇ ਉਤਪਾਦਕਤਾ ਤੇ ਕਾਰੋਬਾਰੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਲਈ ਪ੍ਰੇਰਿਤ ਕੀਤਾ। ਸੀਆਈਸੀਯੂ ਦੇ ਵਿੱਤ ਸਕੱਤਰ ਅਜੇ ਭਾਰਤੀ ਨੇ ਕਿਹਾ ਕਿ ਕਾਰੋਬਾਰੀ ਨੈੱਟਵਰਕਿੰਗ ਦੇ ਨਾਲ ਨਵੀਆਂ ਤਕਨੀਕਾਂ ਸਿੱਖਣਾ ਵੀ ਜ਼ਰੂਰੀ ਹੈ। ਉਨ੍ਹਾਂ ਮੈਂਬਰਾਂ ਨੂੰ ਤਕਨੀਕ ਦੀ ਰਣਨੀਤਕ ਵਰਤੋਂ ਕਰਕੇ ਗਾਹਕਾਂ ਨਾਲ ਸਬੰਧ ਮਜ਼ਬੂਤ ਕਰਨ ਤੇ ਨਵੇਂ ਕਾਰੋਬਾਰੀ ਮੌਕੇ ਪੈਦਾ ਕਰਨ ਦੀ ਅਪੀਲ ਕੀਤੀ। ਸੀਆਈਸੀਯੂ ਵੱਲੋਂ ਅਪ੍ਰੈਲ 2024 ਵਿੱਚ ਸ਼ੁਰੂ ਕੀਤੀ ਗਈ ਬੀਐੱਨਜੀ ਪਹਿਲ ਦਾ ਉਦੇਸ਼ ਸਨਅਤਕਾਰਾਂ ਵਿਚਾਲੇ ਕਾਰੋਬਾਰੀ ਸਬੰਧ ਮਜ਼ਬੂਤ ਕਰਨਾ, ਆਪਸੀ ਤਜਰਬੇ ਸਾਂਝੇ ਕਰਨਾ ਤੇ ਸਹਿਯੋਗ ਦੇ ਨਵੇਂ ਮੌਕੇ ਪੈਦਾ ਕਰਨਾ ਹੈ। ਸੀਆਈਸੀਯੂ ਨੇ ਕਿਹਾ ਕਿ ਬੀਐੱਨਜੀ ਮੈਂਬਰਾਂ ਲਈ ਅਜਿਹੇ ਵਿਹਾਰਕ ਤੇ ਕਾਰੋਬਾਰ-ਮੁਖੀ ਸੈਸ਼ਨ ਲਗਾਤਾਰ ਕਰਵਾਏ ਜਾਂਦੇ ਰਹਿਣਗੇ।