- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਵੱਦੀ ਟਕਸਾਲ ਵਿਖੇ ਮਨਾਇਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਸੰਤ ਬਾਬਾ ਸੁੱਚਾ ਸਿੰਘ ਵੱਲੋਂ ਸਿਰਜਤ ਜਵੱਦੀ ਟਕਸਾਲ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਨਿਮਰਤਾ ਦੇ ਪੁੰਜ, ਸੇਵਾ ਦੀ ਮਿਸਾਲ ਸਾਂਝੀਵਾਲਤਾ ਦੇ ਪ੍ਰੇਰਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਵਿਚਾਰਾਂ ਦੀ ਸਾਂਝ ਦੌਰਾਨ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਕਿਹਾ ਕਿ ਮਾਨਵਤਾ ਦੇ ਭਲੇ ਲਈ ਗੁਰੂ ਸਾਹਿਬ ਨੇ 30 ਰਾਗਾਂ ਵਿੱਚ ਬਾਣੀ ਉਚਾਰੀ ਜਿਸ ਰਾਹੀਂ ਉਹਨਾਂ ਗੁਰਸਿੱਖਾਂ ਨੂੰ ਜੀਵਨ ਜਾਂਚ ਸਿਖਾਈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਕਾਰਾਂ ਦੇ ਜਾਲ ਵਿੱਚੋਂ ਨਿਕਲਣਾ ਚਾਹੁੰਦਾ ਹੋਵੇ, ਤਾਂ ਉਹ ਮੁਕਤੀ ਕਿਵੇਂ ਪ੍ਰਾਪਤ ਕਰ ਸਕਦਾ ਹੈ। ਆਦਿ ਦਿਨੋ-ਦਿਨ ਵਧਦੀ ਮਾਨਸਿਕ ਅਸ਼ਾਂਤੀ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਇਹ ਸਮੱਸਿਆ ਦਾ ਹੱਲ ਗੁਰੂ ਸਾਹਿਬ ਜੀ ਨੇ ਗੁਰਬਾਣੀ ਰਾਹੀਂ ਸਮਝਾਉਂਦਿਆਂ ਕਿਹਾ ਕਿ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਅਤੇ ਦੁੱਖਾਂ ਨੂੰ ਨਸਟ ਕਰਨ ਵਾਲਾ ਹੈ। ਮਹਾਂਪੁਰਸ਼ਾਂ ਨੇ ਸਮਝਾਇਆ ਕਿ ਅੱਜ ਅਸੀਂ ਗਲਤ ਰਸਤੇ ਤੁਰੇ ਜਾ ਰਹੇ ਹਾਂ ਪ੍ਰਭੂ ਦੇ ਨਾਮ ਸਿਮਰਨ ਤੋਂ ਵੱਧ ਫੋਕਟ ਕਰਮਾਂ ਨੂੰ ਮਹੱਤਵ ਦੇਣ ਲੱਗੇ ਹਾਂ ਜਦਕਿ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਸੀ ਕਿ ਸਾਰੇ ਤੀਰਥ ਵਰਤ ਯਗ ਅਤੇ ਪੁੰਨ ਦਾਨ ਆਦਿਕ ਇਕੱਠੇ ਮਿਲ ਕੇ ਤੋਲੀਏ ਤਾਂ ਵੀ ਇਹ ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਇਸ ਲਈ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਦਾ ਹੈ ਉਹਨਾਂ ਨੂੰ ਲੋਕਾਂ ਦੀ ਮੁਥਾਜੀ ਦੀ ਲੋੜ ਨਹੀਂ ਰਹਿੰਦੀ। ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ।
ਬਾਬਾ ਜੀ ਨੇ ਗੁਰਸਿੱਖ ਦੀ ਨਿਤਾ ਪ੍ਰਤੀ ਦੀ ਰਹਿਣੀ ਸਬੰਧੀ ਗੁਰੂ ਸਾਹਿਬ ਜੀ ਦੀ ਬਾਣੀ ਵਿਚਲੇ ਸ਼ਬਦਾਂ ਦੇ ਹਵਾਲੇ ਨਾਲ ਸਮਝਾਇਆ ਕਿ ਹਰਿ-ਨਾਮ ਦਾ ਸਿਮਰਨ, ਗੁਰਬਾਣੀ ਦਾ ਜਾਪ ਕਰੇ। ਫਿਰ ਦਿਨ ਚੜੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰੇ ਅਤੇ ਸਾਰਾ ਦਿਨ ਕਿਰਤ-ਕਾਰ ਕਰਦੇ ਹੋਏ ਵੀ ਪ੍ਰਭੂ ਨੂੰ ਯਾਦ ਰੱਖੇ। ਮਹਾਂਪੁਰਸ਼ਾਂ ਹਲੂਣਾ ਦਿੰਦਿਆਂ ਕਿਹਾ ਕਿ ਗੁਰਮਤਿ ਤੋਂ ਦੂਰ ਦੁਰਮਤਿ ਵੱਲ ਜਾ ਰਿਹਾ ਮਨੁੱਖ ਬਿਪਰਨ ਕੀ ਰੀਤ ਦੇ ਚੱਕਰਵਿਊ ਵਿੱਚ ਫਸ ਰਿਹਾ ਹੈ ਧੜੇਬੰਦੀ ਦਾ ਸ਼ਿਕਾਰ ਹੋ ਰਿਹਾ ਹੈ, ਆਪਣੇ ਆਪ ਨੂੰ ਚੰਗਾ ਸਮਝਦੇ ਹੋਏ ਦੂਜਿਆਂ ਦੇ ਫਰੋਲਦਾ ਫਿਰਦਾ ਹੈ। ਮਹਾਂਪੁਰਸ਼ਾਂ ਨੇ ਸਪਸ਼ਟ ਕੀਤਾ ਕਿ ਗੁਰੂ ਸਾਹਿਬ ਦੁਆਰਾ ਨਿਰਦਿਸ਼ਟ ਸਿਧਾਂਤਾਂ ਦਾ ਪਾਲਣ ਕਰਨ ਵਾਲਾ ਹੀ ਗੁਰਸਿੱਖ ਅਖਵਾਉਣ ਦਾ ਅਧਿਕਾਰੀ ਹੋ ਸਕਦਾ ਹੈ।