ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ
ਉੱਚ ਪੱਧਰੀ ਜਾਂਚ ਕਰਵਾਉਣ ਦੀ ਕੀਤੀ ਮੰਗ
Publish Date: Mon, 26 Oct 2026 09:05 PM (IST)
Updated Date: Tue, 27 Oct 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਜਗਰਾਓਂ ਪੁਲ ਨੇੜੇ ਮਿਲਟਰੀ ਕੈਂਪ ਦੇ ਸਾਹਮਣੇ ਲੱਗੇ ਦੁਸਹਿਰਾ ਮੇਲੇ ਦੀ ਸੁਰੱਖਿਆ ਵਿਵਸਥਾ, ਠੇਕਾ ਅਲਾਟਮੈਂਟ ਅਤੇ ਟੈਕਸ ਸਬੰਧੀ ਮਾਮਲਿਆਂ ਨੂੰ ਲੈ ਕੇ ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਰੱਖਿਆ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਆਮਦਨ ਕਰ ਵਿਭਾਗ ਅਤੇ ਜੀਐੱਸਟੀ ਵਿਭਾਗ ਨੂੰ ਸ਼ਿਕਾਇਤਾਂ ਭੇਜ ਕੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਮਹਿਤਾ ਨੇ ਸ਼ਿਕਾਇਤ ’ਚ ਕਿਹਾ ਕਿ ਫ਼ੌਜੀ ਸਥਾਪਨਾ ਦੇ ਸਾਹਮਣੇ ਲਗਾਏ ਗਏ ਵਿਸ਼ਾਲ ਝੂਲਿਆਂ ਦੀ ਉਚਾਈ ਅਤੇ ਉਨ੍ਹਾਂ ਦੀ ਸਥਿਤੀ ਦਾ ਸੁਰੱਖਿਆ ਦੇ ਨਜ਼ਰੀਏ ਤੋਂ ਤਕਨੀਕੀ ਮੁਲਾਂਕਣ ਹੋਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਫ਼ੌਜੀ ਅਧਿਕਾਰੀਆਂ ਤੋਂ ਮੌਕੇ ਦਾ ਨਿਰੀਖਣ ਕਰਵਾ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਮੇਲੇ ਕਾਰਨ ਫ਼ੌਜੀ ਕੰਪਲੈਕਸ ਦੀ ਸੁਰੱਖਿਆ ਜਾਂ ਗੁਪਤਤਾ ’ਤੇ ਕੋਈ ਮਾੜਾ ਅਸਰ ਤਾਂ ਨਹੀਂ ਪੈ ਰਿਹਾ। ਪਰਮਿੰਦਰ ਮਹਿਤਾ ਨੇ ਰੱਖਿਆ ਮੰਤਰਾਲੇ, ਗ੍ਰਹਿ ਮੰਤਰਾਲੇ, ਸਬੰਧਤ ਫ਼ੌਜੀ ਅਧਿਕਾਰੀਆਂ, ਪੰਜਾਬ ਸਰਕਾਰ ਅਤੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਾਰੀਆਂ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ।