- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਪੂ ਬਲਕੌਰ ਸਿੰਘ ਨੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਕੀਤਾ ਖੰਡਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਮਹਾਂਸਭਾ ਲੁਧਿਆਣਾ ਦੀ ਮੀਟਿੰਗ ਹੋਈ। ਮੀਟਿੰਗ ’ਚ ਪ੍ਰੋਫੈਸਰ ਜਗਮੋਹਨ ਸਿੰਘ, ਜਸਵੰਤ ਜੀਰਖ, ਸਤਨਾਮ ਸਿੰਘ ਧਾਲੀਵਾਲ ਅਜਮੇਰ ਦਾਖਾ, ਸਤੀਸ਼ ਕੁਮਾਰ ਸਚਦੇਵਾ ਤੇ ਰਾਕੇਸ਼ ਆਜ਼ਾਦ ਸ਼ਾਮਲ ਸਨ। ਮੀਟਿੰਗ ਦੌਰਾਨ ਇਨ੍ਹਾਂ ਸਾਰੇ ਮੈਂਬਰਾਂ ਦੇ ਸਾਹਮਣੇ ਬਾਪੂ ਬਲਕੌਰ ਸਿੰਘ ਗਿੱਲ ਨੇ ਮੀਡੀਆ ’ਚ ਉਨ੍ਹਾਂ ਦੇ ਭਾਜਪਾ ’ਚ ਸ਼ਾਮਲ ਹੋਣ ਸਬੰਧੀ ਆਈਆਂ ਖ਼ਬਰਾਂ ਦਾ ਖੰਡਨ ਕਰਦਿਆਂ ਆਪਣਾ ਪੱਖ ਸਪੱਸ਼ਟ ਕੀਤਾ। ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੀ ਕੋਈ ਮੈਂਬਰਸ਼ਿਪ ਨਹੀਂ ਲਈ। ਇਕ ਜਾਣਕਾਰ ਵਕੀਲ ਵੱਲੋਂ ਉਨ੍ਹਾਂ ਨੂੰ ਬਿਨਾਂ ਪੂਰੀ ਜਾਣਕਾਰੀ ਦਿੱਤੇ ਇਸ ਪ੍ਰੋਗਰਾਮ ’ਚ ਲਿਜਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਵੇਗੀ। ਮੈਂਬਰਾਂ ਨੇ ਇਸ ਮਾਮਲੇ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਮਾਜ ਵਿੱਚ ਤੁਹਾਡੇ ਵਰਗੀਆਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ। ਇਸ ’ਤੇ ਬਾਪੂ ਬਲਕੌਰ ਸਿੰਘ ਗਿੱਲ ਨੇ ਮੰਨਿਆ ਕਿ ਭਵਿੱਖ ’ਚ ਉਹ ਅਜਿਹੇ ਮਾਮਲਿਆਂ ਵਿੱਚ ਵਧੇਰੇ ਸਾਵਧਾਨੀ ਵਰਤਣਗੇ। ਉਹ ਵਿਚਾਰ-ਵਟਾਂਦਰੇ ਤੇ ਗੱਲਬਾਤ ਲਈ ਹਮੇਸ਼ਾ ਤਿਆਰ ਹਨ ਪਰ ਗੁੰਮਰਾਹਕੁੰਨ ਤਰੀਕਿਆਂ ਦੀ ਹਮਾਇਤ ਨਹੀਂ ਕਰਨਗੇ। ਭਾਜਪਾ ਦੀਆਂ ਰਾਜਨੀਤਿਕ ਤੇ ਫਿਰਕੂ ਨੀਤੀਆਂ ਸਮੇਤ ਜਨਤਕ ਅਦਾਰਿਆਂ ਦੇ ਨਿੱਜੀਕਰਨ ਰਾਹੀਂ ਦੇਸ਼ ਦੇ ਕਮਾਊ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਦਾ ਹਮੇਸ਼ਾ ਵਿਰੋਧ ਕਰਦੇ ਹਨ। ਉਨ੍ਹਾਂ ਮੰਨਿਆ ਕਿ ਭਾਜਪਾ ਫਿਰਕਾਪ੍ਰਸਤ ਪਾਰਟੀ ਹੈ ਜੋ ਲੋਕਾਂ ਦਾ ਕੋਈ ਭਲਾ ਕਰਨ ਦੀ ਬਜਾਏ ਉਨਾਂ ਨੂੰ ਧਰਮਾਂ ਵਿੱਚ ਵੰਡਣ ਦੀ ਰਾਜਨੀਤੀ ਕਰ ਰਹੀ ਹੈ। ਵੋਟਾਂ ਦੀ ਰਾਜਨੀਤੀ ਦੇ ਦੌਰ ਵਿੱਚ ਉਹ ਹਮੇਸ਼ਾ ਚੌਕਸ ਰਹਿਣਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੀਆਂ ਨੀਤੀਆਂ ਤੇ ਕਾਰਗੁਜ਼ਾਰੀ ਨੂੰ ਸਮਝ ਕੇ ਹੀ ਆਪਣਾ ਫ਼ੈਸਲਾ ਲੈਣਾ ਚਾਹੀਦਾ ਹੈ।