- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਨਲ ਜੇਐਸ ਬਰਾੜ ਦੀ ਯਾਦ ’ਚ ਤੀਜਾ ਸ਼ਰਧਾਂਜਲੀ ਸਮਾਗਮ ਕਰਵਾਇਆ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਕਰਨਲ ਜੇਐੱਸ ਬਰਾੜ ਦੀ ਯਾਦ ’ਚ ਤੀਜਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਅਤੇ ਮਹਾਂ ਸਭਾ ਲੁਧਿਆਣਾ ਦੇ ਬਾਨੀ ਪ੍ਰਧਾਨ ਕਰਨਲ ਜੇਐੱਸ ਬਰਾੜ, ਜਿਹਨਾਂ ਨੇ ਜੁਆਨੀ ’ਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਤੇ ਸੇਵਾਮੁਕਤੀ ਉਪਰੰਤ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਗੁੰਡਾ ਅਨਸਰਾਂ ਖਿਲਾਫ ਅੰਤ ਸਮੇਂ ਤੱਕ ਸੰਘਰਸ਼ੀ ਜ਼ਿੰਦਗੀ ਬਿਤਾਈ। ਉਹ ਭਾਵੇਂ ਸਰੀਰਕ ਤੌਰ ’ਤੇ ਤਿੰਨ ਸਾਲ ਪਹਿਲਾਂ ਵਿਛੋੜਾ ਦੇ ਗਏ ਪਰ ਉਹਨਾਂ ਵੱਲੋਂ ਸਮਾਜ ਲਈ ਕੀਤੇ ਕੰਮਾਂ ਨੂੰ ਵੱਖ-ਵੱਖ ਰੂਪਾਂ ਵਿੱਚ ਲੋਕ ਚੇਤਨਾ ਪੈਦਾ ਕਰਨ ਲਈ ਸ਼ਰਧਾਂਜਲੀ ਸਮਾਗਮ ਕੀਤਾ ਜਾਂਦਾ ਹੈ। ਇਸ ਮੌਕੇ ਕਰਵਾਏ ਸੈਮੀਨਾਰ ਦਾ ਵਿਸ਼ਾ ‘ਬੱਬਰ ਅਕਾਲੀ ਲਹਿਰ ਦੀ ਇਤਿਹਾਸਿਕ ਮਹੱਤਤਾ’ ਰੱਖਿਆ ਗਿਆ ਜਿਸ ਦੇ ਮੁੱਖ ਬੁਲਾਰੇ ਵਜੋਂ ਪ੍ਰਸਿੱਧ ਇਤਿਹਾਸਕਾਰ ਪ੍ਰੋ ਸੀਤਾ ਰਾਮ ਬਾਂਸਲ ਵਿਸ਼ੇਸ਼ ਤੌਰ ’ਤੇ ਪੁੱਜੇ। ਪ੍ਰੋ. ਜਗਮੋਹਨ ਸਿੰਘ, ਹਰਚਰਨਜੀਤ ਸਿੰਘ, ਮੀਨਾਖਸ਼ੀ ਉਰਫ ਮੀਨੂੰ ਦੀ ਪ੍ਰਧਾਨਗੀ ਹੇਠ ਇਸ ਸਮਾਗਮ ਦੌਰਾਨ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਬਾਰੇ ਬੋਲਦਿਆਂ ਪ੍ਰੋ ਬਾਂਸਲ ਨੇ ਭਾਰਤ ਵਿੱਚੋਂ ਅੰਗਰੇਜ਼ ਹਕੂਮਤ ਦਾ ਰਾਜ ਖਤਮ ਕਰਕੇ ਦੇਸ਼ ਵਿੱਚ ਸਾਂਝੀਵਾਲਤਾ ਸਥਾਪਤ ਕਰਨ ਲਈ ਕੀਤੀਆਂ ਬੱਬਰਾਂ ਦੀਆਂ ਕੁਰਬਾਨੀਆਂ ਬਾਰੇ ਵਿਆਖਿਆ ਕੀਤੀ। ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਵੀ ਪ੍ਰੋ ਬਾਂਸਲ ਵੱਲੋਂ ਦਿੱਤੇ ਗਏ। ਸਟੇਜ ਸੰਚਾਲਨ ਜਸਵੰਤ ਜ਼ੀਰਖ ਨੇ ਕੀਤਾ। ਅੰਤ ਵਿੱਚ ਪ੍ਰੋ ਜਗਮੋਹਨ ਸਿੰਘ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਨੇ ਸਮੁੱਚੇ ਪ੍ਰਬੰਧ ਲਈ ਮੁੱਖ ਭੂਮਿਕਾ ਨਿਭਾਈ। ਕਈ ਹੋਰ ਕਿਸਾਨ, ਮਜ਼ਦੂਰ, ਮੁਲਾਜ਼ਮ, ਤਰਕਸ਼ੀਲ ਸੰਸਥਾਵਾਂ ਦੇ ਕਾਰਕੁੰਨਾ ਨੇ ਭਰਵੀਂ ਸ਼ਮੂਲੀਅਤ ਕੀਤੀ।