- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੇਂ ਦੇ ਪੂਰਨ ਗੁਰੂ ਹੀ ਪ੍ਰਦਾਨ ਕਰ ਸਕਦੇ ਨੇ ਦਿਵਿਆ ਨੇਤਰ-ਸਾਧਵੀ ਰੁਪਿੰਦਰ ਭਾਰਤੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਐੱਮਡੀ ਪਬਲਿਕ ਹਾਈ. ਸਕੂਲ ਬਾਬਾ ਨਾਮਦੇਵ ਕਾਲੋਨੀ ਟਿੱਬਾ ਰੋਡ ਵਿਖੇ ਇੱਕ ਦਿਨ ਦੇ ਸਤਿਸੰਗ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਇਸ ਮੌਕੇ ਸਾਧਵੀ ਰੁਪਿੰਦਰ ਭਾਰਤੀ ਨੇ ਕਿਹਾ ਕਿ ਅੱਜ ਅਨੇਕ ਲੋਕ ਅਧਿਆਤਮ ਦੇ ਮਾਰਗ 'ਤੇ ਚੱਲ ਰਹੇ ਹਨ ਪਰ ਉਨ੍ਹਾਂ ਵਿੱਚ ਅਧਿਆਤਮ ਦੀ ਇੱਕ ਵੀ ਝਲਕ ਦਿਖਾਈ ਨਹੀਂ ਦਿੰਦੀ। ਕਿਉਂਕਿ ਅਸਲ ਵਿਚ ਅਧਿਆਤਮਿਕ ਬਣਨ ਲਈ ਪਹਿਲੀ ਮੁੱਖ ਸ਼ਰਤ ਹੈ ਕਿ ਅਸੀਂ ਜਾਣੀਏ ਕਿ ਅਧਿਆਤਮ ਹੈ ਕੀ? ਅਧਿਆਤਮ ਦਾ ਸਿੱਧਾ ਸਬੰਧ ਸਾਡੇ ਅੰਤਰਜਗਤ ਨਾਲ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਆਤਮਾ ਨਾਲ ਹੈ, ਸ਼ੁੱਧ ਚੇਤਨਾ ਨਾਲ ਹੈ। ਵਿਅਕਤੀ ਨੂੰ ਅਧਿਆਤਮਿਕ ਬਣਨ ਲਈ ਆਪਣੇ ਇਸ ਟਰੂ ਸੈਲਫ ਨਾਲ ਜੁੜਨਾ ਹੋਵੇਗਾ। ਇਸ ਦਾ ਸਾਖਿਆਤਕਾਰ ਕਰਨਾ ਹੋਵੇਗਾ। ਸਾਨੂੰ ਆਪਣੀ ਅਧਿਆਤਮਿਕ ਪਿਆਸ ਬੁਝਾਉਣ ਲਈ ਇੱਕ ਹੀ ਮਾਰਗ ਅਪਣਾਉਣਾ ਹੋਵੇਗਾ ਉਹ ਹੈ ਆਤਮਬੋਧ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀ ਬੁੱਧੀ ਸਾਨੂੰ ਸੰਸਾਰ ਵਿੱਚ ਉਪਯੋਗੀ ਸਹਾਇਤਾ ਪ੍ਰਦਾਨ ਕਰਦੀ ਹੈ ਪਰ ਉਹ ਸਾਡੀ ਅਧਿਆਤਮਿਕ ਉਡਾਣ ਵਿੱਚ ਨਿਸ਼ਫਲ ਹੈ। ਅਧਿਆਤਮ ਦੇ ਖੇਤਰ ਵਿੱਚ ਉਡਾਣ ਭਰਨ ਲਈ ਜ਼ਰੂਰੀ ਹੈ ਕਿ ਸਾਡੀ ਅਧਿਆਤਮਿਕ ਅੱਖ ਖੁੱਲ੍ਹੇ। ਸਾਨੂੰ ਦਿਵਯ ਨੇਤਰ ਪ੍ਰਾਪਤ ਹੋਵੇ। ਨਹੀਂ ਤਾਂ ਸਾਡੀ ਦਸ਼ਾ ਉਸ ਅੰਨ੍ਹੇ ਵਿਅਕਤੀ ਵਰਗੀ ਹੀ ਹੋਵੇਗੀ ਜੋ ਚੀਜ਼ਾਂ ਨੂੰ ਆਪਣੇ ਹੱਥਾਂ ਲੱਤਾਂ ਜਾਂ ਲਾਠੀ ਦੀ ਮਦਦ ਨਾਲ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਉਹ ਅਸਲ ਵਿੱਚ ਦੇਖਣਾ ਚਾਹੁੰਦਾ ਹੈ ਤਾਂ ਉਸ ਨੂੰ ਹਨੇਰੇ ਵਿੱਚ ਟਟੋਲਣ ਦੀ ਬਜਾਏ ਨੇਤਰ ਜੋਤੀ ਪ੍ਰਾਪਤ ਕਰਨੀ ਹੋਵੇਗੀ। ਇਸੇ ਤਰ੍ਹਾਂ ਸਾਡੀ ਸ਼ੁੱਧ ਚੇਤਨਾ ਕੋਈ ਭੌਤਿਕ ਵਸਤੂ ਨਹੀਂ ਹੈ ਜਿਸ ਨੂੰ ਭੌਤਿਕ ਇੰਦਰੀਆਂ ਰਾਹੀਂ ਮਹਿਸੂਸ ਕੀਤਾ ਜਾ ਸਕੇ। ਉਸ ਦਾ ਬੋਧ ਕਰਨ ਲਈ ਤਾਂ ਸਾਨੂੰ ਸਭ ਤੋਂ ਸੂਖਮ ਅਤੇ ਅਤਿ ਸੰਵੇਦਨਸ਼ੀਲ ਉਪਕਰਣ ਦੀ ਲੋੜ ਹੁੰਦੀ ਹੈ, ਜੋ ਸਾਡੀ ਦਿਵਿਆ ਅੱਖ ਤੋਂ ਇਲਾਵਾ ਹੋਰ ਕੁੱਝ ਨਹੀਂ ਹੋ ਸਕਦਾ ਅਤੇ ਇਹ ਦਿਵਿਆ ਨੇਤਰ ਸਮੇਂ ਦੇ ਪੂਰਨ ਗੁਰੂ ਹੀ ਪ੍ਰਦਾਨ ਕਰ ਸਕਦੇ ਹਨ।