- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਬਜ਼ੀ ਮੰਡੀ ਦੇ ਤਿੰਨ ਨੰਬਰ ਗੇਟ ਤੋਂ ਆੜ੍ਹਤੀਆਂ ਦੇ ਫੜਾਂ ਤੱਕ ਬਣੇਗੀ ਸੜਕ, ਜਲਦ ਖੁੱਲ੍ਹੇਗਾ ਰਸਤਾ

-ਗੇਟ ਨੰਬਰ-2 ’ਤੇ ਟ੍ਰੈਫਿਕ ਦਾ ਦਬਾਅ ਘਟਾਉਣ ਦੀ ਹੋ ਰਹੀ ਸੀ ਮੰਗ, ਮੰਡੀ ਬੋਰਡ ਵੱਲੋਂ ਕੰਮ ਸ਼ੁਰੂ
12
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਮਹਾਂਨਗਰ ਦੀ ਸਬਜ਼ੀ ਮੰਡੀ ਵਿੱਚ ਇਕ ਤੇ ਦੋ ਨੰਬਰ ਗੇਟ ’ਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਰਾਹਤ ਦਿਵਾਉਣ ਲਈ ਤਿੰਨ ਨੰਬਰ ਗੇਟ ਤੋਂ ਆੜ੍ਹਤੀਆਂ ਦੇ ਫੜਾਂ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਰਸਤੇ ਨੂੰ ਖੋਲ੍ਹਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਹੁਣ ਮੰਡੀ ਬੋਰਡ ਵੱਲੋਂ ਠੇਕਾ ਅਲਾਟ ਕਰਕੇ ਸੜਕ ਦਾ ਨਿਰਮਾਣ ਸ਼ੁਰੂ ਕਰਵਾਉਣ ਨਾਲ ਮੰਡੀ ਵਿੱਚ ਆਉਣ-ਜਾਣ ਵਾਲੇ ਵਾਹਨਾਂ ਨੂੰ ਰਾਹਤ ਮਿਲਣ ਦੀ ਉਮੀਦ ਜਾਗੀ ਹੈ। ਸੜਕ ਬਣਾਉਣ ਦੇ ਨਾਲ-ਨਾਲ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਨੂੰ ਲੈ ਕੇ ਵੀ ਵਿਭਾਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਸਿਵਲ ਵਿੰਗ ਦੇ ਮੁਲਾਜ਼ਮਾਂ ਵੱਲੋਂ ਮੌਕੇ ’ਤੇ ਪਾਣੀ ਦੀਆਂ ਪਾਈਪਾਂ ਅਤੇ ਸੀਵਰੇਜ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੜਕ ਦੇ ਪੱਧਰ ਮੁਤਾਬਕ ਸੀਵਰੇਜ ਦੇ ਢੱਕਣ ਉੱਚੇ ਕੀਤੇ ਜਾ ਰਹੇ ਹਨ, ਤਾਂ ਜੋ ਸੜਕ ਬਣਨ ਤੋਂ ਬਾਅਦ ਆੜ੍ਹਤੀਆਂ ਅਤੇ ਹੋਰ ਕਾਰੋਬਾਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
-ਬਾਕਸ-
-ਬਰਸਾਤੀ ਪਾਣੀ ਦੀ ਨਿਕਾਸੀ ਦਾ ਵੀ ਰੱਖਿਆ ਜਾ ਰਿਹੈ ਧਿਆਨ
ਮੰਡੀ ਵਿੱਚ ਸੜਕ ਬਣਨ ਤੋਂ ਬਾਅਦ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਪੈਦਾ ਨਾ ਹੋਵੇ, ਇਸ ਲਈ ਨਿਕਾਸੀ ਪ੍ਰਬੰਧਾਂ ਨੂੰ ਦਰੁਸਤ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਿਵਲ ਵਿੰਗ ਦੇ ਮੁਲਾਜ਼ਮ ਪ੍ਰਿੰਸ ਖੁਰਾਨਾ ਬੌਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਠੇਕੇਦਾਰ ਵੱਲੋਂ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਦਾ ਜਾਇਜ਼ਾ ਲੈ ਕੇ ਲੋੜੀਂਦੇ ਸੁਧਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੀਵਰੇਜ ਨੂੰ ਸੜਕ ਦੇ ਪੱਧਰ ਮੁਤਾਬਕ ਉੱਚਾ ਕਰਵਾਇਆ ਜਾ ਰਿਹਾ ਹੈ, ਤਾਂ ਜੋ ਬਰਸਾਤੀ ਪਾਣੀ ਸਮੇਤ ਹੋਰ ਪਾਣੀ ਦੀ ਨਿਕਾਸੀ ਸੁਚੱਜੇ ਢੰਗ ਨਾਲ ਹੋ ਸਕੇ। ਸਬਜ਼ੀ ਮੰਡੀ ਵਿੱਚ ਤਿੰਨ ਨੰਬਰ ਗੇਟ ਤੋਂ ਆੜ੍ਹਤੀਆਂ ਦੇ ਫੜਾਂ ਤੱਕ ਰਸਤਾ ਖੁੱਲ੍ਹਣ ਨਾਲ ਜਿੱਥੇ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ, ਉੱਥੇ ਹੀ ਦੋ ਨੰਬਰ ਗੇਟ ’ਤੇ ਵਾਹਨਾਂ ਦਾ ਦਬਾਅ ਘਟਣ ਦੀ ਵੀ ਉਮੀਦ ਹੈ। ਵਿਭਾਗੀ ਅਧਿਕਾਰੀਆਂ ਅਨੁਸਾਰ ਸੜਕ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜਲਦ ਹੀ ਰਸਤਾ ਚਾਲੂ ਕਰ ਦਿੱਤਾ ਜਾਵੇਗਾ।