- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖ ਨੂੰ ਸਹੀ ਜੀਵਨ ਜਾਂਚ ਸਿਖਾਉਂਦੀ ਹੈ ਗੁਰੂ ਦੀ ਸੰਗਤ-ਸੰਤ ਅਮੀਰ ਸਿੰਘ

-ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼, ਜਵੱਦੀ ਟਕਸਾਲ ’ਚ ਹੋਇਆ ਨਾਮ ਸਿਮਰਨ ਸਮਾਗਮ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸੰਤ ਬਾਬਾ ਸੁੱਚਾ ਸਿੰਘ ਵੱਲੋਂ ਸਥਾਪਿਤ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼, ਜਵੱਦੀ ਟਕਸਾਲ ਵਿਖੇ ਐਤਵਾਰ ਨੂੰ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਨਾਲ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਅਤੇ ਗੁਰਮਤਿ ਵਿਚਾਰਾਂ ਨੂੰ ਸਰਵਣ ਕੀਤਾ। ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਫ਼ਰਮਾਇਆ ਕਿ ਗੁਰਮਤਿ ਵਿੱਚ ਸਤਿਸੰਗਤ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਸਤਿਸੰਗਤ ਵਿੱਚ ਗੁਰੂ ਦੇ ਉਪਦੇਸ਼ਾਂ ਨੂੰ ਸਰਵਣ ਕਰਨ ਨਾਲ ਮਨੁੱਖ ਦੇ ਮਨ ’ਚ ਵਸੇ ਭਰਮ-ਭੁਲੇਖੇ ਦੂਰ ਹੁੰਦੇ ਹਨ ਅਤੇ ਗਿਆਨ ਦੀ ਰੌਸ਼ਨੀ ਨਾਲ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਗੁਰੂ ਦੀ ਸੰਗਤ ਮਨੁੱਖ ਨੂੰ ਸਹੀ ਜੀਵਨ ਜਾਂਚ ਸਿਖਾਉਂਦੀ ਹੈ ਅਤੇ ਉਸ ਨੂੰ ਪ੍ਰਭੂ ਨਾਲ ਜੋੜਨ ਦਾ ਮਾਰਗ ਦਿਖਾਉਂਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਮਨੁੱਖ ਦਾ ਮਨ ਇੱਕ ਪਰਮਾਤਮਾ ਦੇ ਸਿਮਰਨ ਵਿੱਚ ਇਕਾਗਰ ਹੋ ਜਾਂਦਾ ਹੈ ਤਾਂ ਉਸ ਦੇ ਜੀਵਨ ਦਾ ਮੁੱਖ ਉਦੇਸ਼ ਪ੍ਰਭੂ ਨਾਲ ਜੁੜਨਾ ਬਣ ਜਾਂਦਾ ਹੈ। ਅਜਿਹੀ ਅਵਸਥਾ ਵਿੱਚ ਮਨੁੱਖ ਨੂੰ ਸੰਸਾਰਕ ਪਦਾਰਥਾਂ ਦੀ ਨਾਸ਼ਵਾਨਤਾ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਨਾਮ ਸਿਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦਾ ਹੈ। ਗੁਰਬਾਣੀ ਦੀ ਰੂਹਾਨੀ ਸਿੱਖਿਆ ਅਨੁਸਾਰ ਪ੍ਰਭੂ ਦੀ ਸਿਫ਼ਤ-ਸਲਾਹ ਅਤੇ ਨਾਮ ਨਾਲ ਜੁੜਨ ਵਾਲੇ ਮਨੁੱਖ ਦੇ ਅੰਦਰ ਆਤਮਿਕ ਜਾਗ੍ਰਿਤੀ ਪੈਦਾ ਹੁੰਦੀ ਹੈ। ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਜਦੋਂ ਮਨੁੱਖ ਪੂਰੀ ਸ਼ਰਧਾ ਅਤੇ ਇਕਾਗਰਤਾ ਨਾਲ ਪ੍ਰਭੂ ਦੀ ਭਗਤੀ ਵਿੱਚ ਲੀਨ ਹੋ ਜਾਂਦਾ ਹੈ ਤਾਂ ਉਸ ਨੂੰ ਅੰਦਰੂਨੀ ਆਤਮਿਕ ਅਨੁਭਵ ਪ੍ਰਾਪਤ ਹੁੰਦਾ ਹੈ। ਪ੍ਰਭੂ ਦੀ ਬਾਣੀ ਦਾ ਅਨਹਦ ਨਾਦ ਉਸ ਦੇ ਜੀਵਨ ਵਿੱਚ ਰੂਹਾਨੀ ਰਸ ਭਰ ਦਿੰਦਾ ਹੈ ਅਤੇ ਉਸ ਦੇ ਅੰਦਰ ਪੂਰਨ ਸਹਿਜ ਆਨੰਦ ਦੀ ਅਵਸਥਾ ਬਣ ਜਾਂਦੀ ਹੈ।
ਉਨ੍ਹਾਂ ਸੰਗਤ ਨੂੰ ਪ੍ਰੇਰਿਤ ਕੀਤਾ ਕਿ ਗੁਰੂ ਦੀ ਸਿੱਖਿਆ ਅਨੁਸਾਰ ਆਪਣੇ ਜੀਵਨ ’ਚ ਨਾਮ ਸਿਮਰਨ, ਸਤਿਸੰਗਤ ਅਤੇ ਗੁਰਬਾਣੀ ਨਾਲ ਜੁੜਨ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇ। ਪ੍ਰਭੂ ਦਾ ਨਾਮ ਹੀ ਮਨੁੱਖ ਦੇ ਮਨ ਨੂੰ ਸ਼ਾਂਤੀ ਦੇਣ, ਹਉਮੈ ਦੂਰ ਕਰਨ ਅਤੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦਾ ਅਹਿਮ ਸਾਧਨ ਹੈ। ਸਮਾਗਮ ਦੌਰਾਨ ਸੰਗਤ ਨੇ ਸ਼ਰਧਾ ਨਾਲ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਦਾ ਲਾਹਾ ਪ੍ਰਾਪਤ ਕੀਤਾ। ਇਸ ਤਰ੍ਹਾਂ ਜਵੱਦੀ ਟਕਸਾਲ ਵਿਖੇ ਹੋਏ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਨੇ ਸੰਗਤਾਂ ਨੂੰ ਪ੍ਰਭੂ ਦੇ ਨਾਮ ਨਾਲ ਜੁੜਨ ਅਤੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ।