- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਿਰ ਲੁਧਿਆਣਵੀ ਨੂੰ ਬਣਦਾ ਸਨਮਾਨ ਦੇਣ ਦੀ ਮੰਗ

-ਸਾਹਿਰ ਲੁਧਿਆਣਵੀ ਨੂੰ ਬਣਦਾ ਸਨਮਾਨ ਦੇਣ ਦੀ ਮੰਗ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਸ਼ਾਇਰ ਸਾਹਿਰ ਲੁਧਿਆਣਵੀ ਦੀ 46ਵੀਂ ਬਰਸੀ ਮੌਕੇ ਐਤਵਾਰ ਨੂੰ ਐੱਸਸੀਡੀ. ਸਰਕਾਰੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਅਦਾਰੇ ਵਿੱਚ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਮੋਮਬੱਤੀਆਂ ਦੀ ਸ਼ਾਂਤ ਰੌਸ਼ਨੀ ਵਿੱਚ ਕਾਲਜ ਵਿਖੇ ਸਥਾਪਤ ਯਾਦਗਾਰੀ ਫਲਕ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹਾਜ਼ਰ ਸਖ਼ਸ਼ੀਅਤਾਂ ਨੇ ਉਸ ਮਹਾਨ ਸ਼ਾਇਰ ਨੂੰ ਯਾਦ ਕੀਤਾ, ਜਿਸ ਦੀਆਂ ਰਚਨਾਵਾਂ ਵਿੱਚ ਪਿਆਰ, ਮਨੁੱਖੀ ਪੀੜਾ, ਸਮਾਜਿਕ ਨਾ-ਬਰਾਬਰੀ ਅਤੇ ਸ਼ਾਂਤੀ ਦੀ ਤਾਂਘ ਇੱਕੋ ਸਮੇਂ ਪ੍ਰਗਟ ਹੁੰਦੀ ਹੈ। 8 ਮਾਰਚ 1921 ਨੂੰ ਲੁਧਿਆਣਾ ਵਿੱਚ ਜਨਮੇ ਸਾਹਿਰ ਨੇ ਸਥਾਨਕ ਮਾਲਵਾ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕਰਨ ਉਪਰੰਤ 1940ਵਿਆਂ ਦੇ ਸ਼ੁਰੂ ’ਚ ਗੌਰਮਿੰਟ ਕਾਲਜ ਵਿੱਚ ਪੜ੍ਹਾਈ ਕੀਤੀ। ਬਾਅਦ ਵਿੱਚ ਉਹ ਆਧੁਨਿਕ ਉਰਦੂ ਸ਼ਾਇਰੀ ਤੇ ਹਿੰਦੀ ਸਿਨੇਮਾ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸਾਹਿਤਕ ਆਵਾਜ਼ਾਂ ਵਿੱਚ ਸ਼ੁਮਾਰ ਹੋਏ। ਉਨ੍ਹਾਂ ਦੀਆਂ ਰਚਨਾਵਾਂ ਨੇ ਸ਼ਾਇਰੀ ਨੂੰ ਕੇਵਲ ਜਜ਼ਬਾਤਾਂ ਦੇ ਪ੍ਰਗਟਾਵੇ ਤੱਕ ਸੀਮਤ ਨਹੀਂ ਰਹਿਣ ਦਿੱਤਾ, ਸਗੋਂ ਇਸ ਨੂੰ ਸਮਾਜਿਕ ਚੇਤਨਾ ਤੇ ਮਨੁੱਖੀ ਸਰੋਕਾਰਾਂ ਦਾ ਸ਼ਕਤੀਸ਼ਾਲੀ ਮਾਧਿਅਮ ਬਣਾਇਆ।
ਇਸ ਮੌਕੇ ਸਾਬਕਾ ਵਿਦਿਆਰਥੀਆਂ ਰਵਿੰਦਰ ਵਤਸਿਆਨ, ਪੀਡੀ. ਗੁਪਤਾ, ਬ੍ਰਿਜ ਭੂਸ਼ਣ ਗੋਇਲ ਤੇ ਬਲਦੇਵ ਬਾਗੀ ਨੇ ਨਵੰਬਰ 1970 ’ਚ ਕਾਲਜ ਦੇ ਗੋਲਡਨ ਜੁਬਲੀ ਸਮਾਗਮ ਦੌਰਾਨ ਸਾਹਿਰ ਦੀ ਫੇਰੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਕਰਨਲ ਜਸਵਿੰਦਰ ਗਰਚਾ, ਕੇਬੀ. ਸਿੰਘ ਤੇ ਹੋਰ ਕਈ ਸਾਬਕਾ ਵਿਦਿਆਰਥੀ ਵੀ ਹਾਜ਼ਰ ਸਨ। ਕਾਲਜ ਦੇ ਪ੍ਰਿੰਸੀਪਲ ਤੇ ਖ਼ੁਦ ਸਾਬਕਾ ਵਿਦਿਆਰਥੀ ਗੁਰਸ਼ਰਨਜੀਤ ਸਿੰਘ ਸੰਧੂ ਨੇ ਮਹਾਨ ਸ਼ਾਇਰ ਨੂੰ ਯਾਦ ਕਰਨ ਲਈ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਡਾ. ਵਾਤਸਿਆਇਨ, ਪ੍ਰੋ. ਪੀਡੀ. ਗੁਪਤਾ ਅਤੇ ਬ੍ਰਿਜ ਭੂਸ਼ਣ ਗੋਇਲ ਨੇ ਸਾਹਿਰ ਲੁਧਿਆਣਵੀ ਦੀ ਸ਼ਾਇਰੀ ਦਾ ਪਾਠ ਕੀਤਾ। ਕਾਲਜ ਦੀ ਸਾਬਕਾ ਵਿਦਿਆਰਥੀ ਸੰਸਥਾ ਦੇ ਜਥੇਬੰਦਕ ਸਕੱਤਰ ਬ੍ਰਿਜ ਭੂਸ਼ਣ ਗੋਇਲ ਨੇ ਕਿਹਾ ਕਿ ਸਾਹਿਰ ਦੀ ਮਨੁੱਖਵਾਦੀ ਸੋਚ ਤੇ ਪ੍ਰਗਤੀਸ਼ੀਲ ਵਿਚਾਰਾਂ ਦਾ ਅਧਿਐਨ, ਖੋਜ ਤੇ ਵਿਆਪਕ ਪ੍ਰਚਾਰ ਕਰਨਾ ਜ਼ਰੂਰੀ ਹੈ, ਤਾਂ ਜੋ ਨਵੀਂ ਪੀੜ੍ਹੀ ਉਨ੍ਹਾਂ ਦੇ ਸਾਹਿਤ ਤੋਂ ਪ੍ਰੇਰਣਾ ਲੈ ਸਕੇ। ਆਪਣੇ ਸੰਦੇਸ਼ ਵਿੱਚ ਪ੍ਰਸਿੱਧ ਪੰਜਾਬੀ ਕਵੀ ਗੁਰਭਜਨ ਗਿੱਲ ਨੇ ਹਿੰਦੀ ਫ਼ਿਲਮੀ ਸੰਗੀਤ ’ਚ ਸਾਹਿਰ ਦੇ ਬੇਮਿਸਾਲ ਯੋਗਦਾਨ ਨੂੰ ਉਭਾਰਿਆ।
ਪ੍ਰੋ. ਪੀਕੇ. ਸ਼ਰਮਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਾਹਿਰ ਨੇ ਔਖੇ ਹਾਲਾਤਾਂ ਅੱਗੇ ਕਦੇ ਹਾਰ ਨਹੀਂ ਮੰਨੀ ਤੇ ਮੁਸ਼ਕਲਾਂ ਨਾਲ ਜੂਝਣ ਦਾ ਇਹ ਜਜ਼ਬਾ ਉਨ੍ਹਾਂ ਦੀ ਸ਼ਾਇਰੀ ਵਿੱਚ ਵੀ ਝਲਕਦਾ ਹੈ। ਇਸ ਮੌਕੇ ਸਾਹਿਰ ਲੁਧਿਆਣਵੀ ਨੂੰ ਬਣਦਾ ਸਨਮਾਨ ਦੇਣ ਦੀ ਗੱਲ ਕੀਤੀ। ਕਾਲਜ ਰੋਡ ਦਾ ਨਾਮ ਸਾਹਿਰ ਮਾਰਗ ਰੱਖਣ ਦੇ ਪਹਿਲਾਂ ਕੀਤੇ ਫ਼ੈਸਲੇ ਨੂੰ ਮੁੜ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਰੋਜ਼ ਗਾਰਡਨ ਵਿੱਚ ਸ਼ਾਇਰ ਦਾ ਢੁੱਕਵਾਂ ਬੁੱਤ ਸਥਾਪਤ ਕਰਨ, ਉੱਥੇ ਸਥਿਤ ਲਾਇਬ੍ਰੇਰੀ ਦਾ ਨਾਮ ਸਾਹਿਰ ਲਾਇਬ੍ਰੇਰੀ ਰੱਖਣ ਅਤੇ 1990ਵਿਆਂ ਵਿੱਚ ਤਤਕਾਲੀ ਸੂਬਾ ਸਰਕਾਰ ਵੱਲੋਂ ਐਲਾਨੇ ਸੱਭਿਆਚਾਰਕ ਕੇਂਦਰ ਦੇ ਪ੍ਰੋਜੈਕਟ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਚੁੱਕੀ।