ਐੱਫਐਂਡਸੀਸੀ ਦੀ ਮੀਟਿੰਗ ਭਲਕੇ
ਐੱਫ ਐਂਡ ਸੀਸੀ ਦੇ ਏਜੰਡੇ ’ਚ 49 ਮਤੇ, ਪੱਖਪਾਤ ’ਤੇ ਗੌਰਵ ਭੱਟੀ ਨੇ ਘੇਰਿਆ ਨਿਗਮ ਪ੍ਰਸ਼ਾਸਨ
Publish Date: Sun, 25 Oct 2026 07:08 PM (IST)
Updated Date: Mon, 26 Oct 2026 04:07 AM (IST)
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ : ਨਿਗਮ ਦੀ ਐੱਫਐਂਡਸੀਸੀ ਦੀ 27 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਦੇ ਏਜੰਡੇ ’ਚ ਸਿਰਫ਼ 49 ਮਤੇ ਸ਼ਾਮਲ ਕੀਤੇ ਜਾਣ ’ਤੇ ਕੌਂਸਲਰ ਗੌਰਵ ਭੱਟੀ ਨੇ ਸਵਾਲ ਕੀਤੇ ਹਨ। ਵਾਰਡ-26 ਤੋਂ ਕੌਂਸਲਰ ਤੇ ਕਮੇਟੀ ਮੈਂਬਰ ਭੱਟੀ ਨੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਕਿ ਮਤਿਆਂ ’ਚ ਜ਼ਿਆਦਾਤਰ ਸੱਤਾਧਿਰ ਦੇ ਕੌਂਸਲਰਾਂ ਦੇ ਵਿਕਾਸ ਕੰਮ ਸ਼ਾਮਲ ਹਨ। ਉਨ੍ਹਾਂ ਬਾਕੀ ਫਾਈਲਾਂ ਦੀ ਸਥਿਤੀ ਸਪੱਸ਼ਟ ਕਰਨ ਤੇ ਸਾਰੇ ਕੌਂਸਲਰਾਂ ਨਾਲ ਬਿਨਾਂ ਪੱਖਪਾਤ ਬਰਾਬਰ ਵਿਹਾਰ ਕਰਨ ਦੀ ਮੰਗ ਕੀਤੀ। ਭੱਟੀ ਨੇ ਕਿਹਾ ਕਿ ਪਿਛਲੀ ਮੀਟਿੰਗ ’ਚ ਵੀ ਇਹ ਮੁੱਦਾ ਚੁੱਕਿਆ ਸੀ ਤੇ ਸਾਰੀਆਂ ਫਾਈਲਾਂ ਪੇਸ਼ ਕਰਨ ਦੀ ਹਦਾਇਤ ਦਿੱਤੀ ਸੀ। ਉਨ੍ਹਾਂ ਸਪਲੀਮੈਂਟਰੀ ਏਜੰਡਾ ਆਖ਼ਰੀ ਸਮੇਂ ’ਤੇ ਦੇਣ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਮੀਟਿੰਗ ਵਿੱਚ ਰਾਤ 9 ਵਜੇ ਇਕ ਹੋਰ ਏਜੰਡਾ ਦਿੱਤਾ ਗਿਆ, ਜਿਸ ਕਾਰਨ ਪ੍ਰਸਤਾਵਾਂ ਦੀ ਜਾਂਚ ਲਈ ਢੁੱਕਵਾਂ ਸਮਾਂ ਨਹੀਂ ਮਿਲਿਆ। ਏਜੰਡਾ ਤੇ ਸਬੰਧਤ ਦਸਤਾਵੇਜ਼ ਘੱਟੋ-ਘੱਟ 72 ਘੰਟੇ ਪਹਿਲਾਂ ਦਿੱਤੇ ਜਾਣ, ਤਾਂ ਜੋ ਸਰਕਾਰੀ ਪੈਸੇ ਨਾਲ ਜੁੜੇ ਮਤਿਆਂ ਦੀ ਪੂਰੀ ਜਾਂਚ ਤੇ ਪਾਰਦਰਸ਼ੀ ਫ਼ੈਸਲੇ ਯਕੀਨੀ ਬਣਾਏ ਜਾ ਸਕਣ।