- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਭਰ ਵਿੱਚ ਅਸਲਾ ਲਾਇਸੈਂਸਾਂ ਦੀ ਸਮੀਖਿਆ ਕੀਤੀ ਜਾਵੇ-ਪਵਨ ਦੀਵਾਨ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਪਵਨ ਦੀਵਾਨ ਨੇ ਸੂਬੇ ’ਚ ਲਾਇਸੈਂਸਸ਼ੁਦਾ ਹਥਿਆਰਾਂ ਦੀ ਕਥਿਤ ਦੁਰਵਰਤੋਂ ਨਾਲ ਵਾਪਰ ਰਹੀਆਂ ਹਿੰਸਕ ਘਟਨਾਵਾਂ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਤੇ ਡੀਜੀਪੀ ਨੂੰ ਪੱਤਰ ਲਿਖ ਕੇ ਪਿਛਲੇ ਕੁਝ ਸਾਲਾਂ ਦੌਰਾਨ ਜਾਰੀ ਕੀਤੇ ਅਸਲਾ ਲਾਇਸੈਂਸਾਂ ਦੀ ਸੂਬਾ ਪੱਧਰੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ। ਦੀਵਾਨ ਨੇ ਲੁਧਿਆਣਾ ’ਚ ਜਨਮ ਦਿਨ ਦੀ ਪਾਰਟੀ ਦੌਰਾਨ ਇਕ ਛੋਲੇ-ਕੁਲਚੇ ਕਾਰੋਬਾਰੀ ਦੇ 34 ਸਾਲਾ ਪੁੱਤਰ ਦੀ ਕਥਿਤ ਤੌਰ ’ਤੇ ਲਾਇਸੈਂਸਸ਼ੁਦਾ ਹਥਿਆਰ ਨਾਲ ਹੋਈ ਹੱਤਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਅਸਲਾ ਲਾਇਸੈਂਸ ਧਾਰਕਾਂ ਵਿਰੁੱਧ ਲਾਇਸੈਂਸ ਜਾਰੀ ਹੋਣ ਤੋਂ ਬਾਅਦ ਅਪਰਾਧਕ ਮਾਮਲੇ ਦਰਜ ਹੋਏ ਹਨ, ਉਨ੍ਹਾਂ ਦੀ ਜਾਂਚ ਕਰਕੇ ਕਾਨੂੰਨ ਅਨੁਸਾਰ ਲੋੜ ਪੈਣ ’ਤੇ ਲਾਇਸੈਂਸ ਮੁਅੱਤਲ ਜਾਂ ਰੱਦ ਕੀਤੇ ਜਾਣ। ਉਨ੍ਹਾਂ ਡੀਜੀਪੀ ਨੂੰ ਲਾਇਸੈਂਸਾਂ ਦੇ ਨਵੀਨੀਕਰਨ ਸਮੇਂ ਅਪਰਾਧਕ ਰਿਕਾਰਡ, ਚੱਲ ਰਹੀਆਂ ਜਾਂਚਾਂ ਅਤੇ ਲਾਇਸੈਂਸ ਧਾਰਕ ਦੇ ਵਿਹਾਰ ਦੀ ਸਖ਼ਤ ਪੜਤਾਲ ਯਕੀਨੀ ਬਣਾਉਣ ਦੀ ਅਪੀਲ ਕੀਤੀ। ਦੀਵਾਨ ਨੇ ਕਿਹਾ ਕਿ ਅਸਲਾ ਲਾਇਸੈਂਸਾਂ ਦੀ ਵਿਆਪਕ ਸਮੀਖਿਆ ਨਾਲ ਹਥਿਆਰਾਂ ਦੀ ਦੁਰਵਰਤੋਂ ਰੋਕਣ ਤੇ ਲੋਕਾਂ ਦੀ ਸੁਰੱਖਿਆ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।