- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲਾਡਾ ਦੀ ਕਰੋੜਾਂ ਰੁਪਏ ਦੀ ਜ਼ਮੀਨ ’ਤੇ ਕਬਜ਼ਾ ਕਰਨ ਵਾਲੇ ਪੁੱਟ ਕੇ ਲੈ ਗਏ ਲੋਹੇ ਦੀਆਂ ਸਰਕਾਰੀ ਜਾਲੀਆਂ

-ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਸ਼ਿਕਾਇਤ ਦੇਣ ਦੇ ਬਾਵਜੂਦ ਕਾਰਵਾਈ ਨਾ ਹੋਣ ’ਤੇ ਲੋਕਾਂ ’ਚ ਰੋਸ
ਰਵੀ ਭਾਟੀਆ,ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਗਲਾਡਾ ਅਧੀਨ ਪੈਂਦੇ ਜਮਾਲਪੁਰ ਫੇਸ-2 ਵਿੱਚ ਗਲਾਡਾ ਦੀ ਕਰੋੜਾਂ ਰੁਪਏ ਦੀ ਕੀਮਤ ਵਾਲੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਕਾ ਨਿਵਾਸੀਆਂ ਦੇ ਦੋਸ਼ ਹਨ ਕਿ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੇ ਗਲਾਡਾ ਵੱਲੋਂ ਕਰੀਬ 32 ਸਾਲ ਪਹਿਲਾਂ ਲਾਈਆਂ ਗਈਆਂ ਲੋਹੇ ਦੀਆਂ ਜਾਲੀਆਂ ਵਾਲੀਆਂ ਰੇਲਿੰਗਾਂ ਵੀ ਪੁੱਟ ਕੇ ਖੁਰਦ-ਬੁਰਦ ਕਰ ਦਿੱਤੀਆਂ। ਗਲਾਡਾ ਦੇ ਗਾਰਡ ਵੱਲੋਂ ਜੇਈ ਨੂੰ ਤਸਵੀਰਾਂ ਭੇਜਣ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮੁਹੱਲਾ ਨਿਵਾਸੀਆਂ ਨੇ ਵੀ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਹੋਈ ਹੈ, ਪਰ ਇਸ ਦੇ ਬਾਵਜੂਦ ਗਲਾਡਾ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਵਿੱਚ ਰੋਸ ਹੈ।
ਜਾਣਕਾਰੀ ਅਨੁਸਾਰ, ਸਾਲ 1976 ਵਿੱਚ ਕੁਲੀਵਾਲ ਤੇ ਜਮਾਲਪੁਰ ਦੀ ਕਰੀਬ 751 ਏਕੜ ਜ਼ਮੀਨ ਐਕਵਾਇਰ ਕਰ ਕੇ ਜਮਾਲਪੁਰ ਅਰਬਨ ਅਸਟੇਟ ਵਿਕਸਿਤ ਕੀਤੀ ਗਈ ਸੀ। ਉਸ ਸਮੇਂ ਤਿਆਰ ਕੀਤੇ ਗਏ ਨਕਸ਼ੇ ’ਚ ਸਾਰੇ ਪਲਾਟਾਂ ਦੇ ਨੰਬਰ ਦਰਜ ਕੀਤੇ ਗਏ ਸਨ। ਇਲਾਕਾ ਨਿਵਾਸੀਆਂ ਅਨੁਸਾਰ, ਨਕਸ਼ੇ ’ਚ ਪਲਾਟ ਨੰਬਰ 1149 ਤੋਂ 1159 ਦੇ ਵਿਚਕਾਰ ਵਾਲੇ ਪਲਾਟ ਕਿਸੇ ਨੂੰ ਵੀ ਅਲਾਟ ਨਹੀਂ ਕੀਤੇ ਗਏ ਸਨ। ਇਸ ਜਗ੍ਹਾ ਦਾ ਕੁਝ ਹਿੱਸਾ ਬੀਬੀਐਮ ਨੂੰ ਦਿੱਤਾ ਗਿਆ ਸੀ, ਜਿੱਥੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ ਤੇ ਬੀਬੀਐਮ ਦਾ ਸਾਮਾਨ ਵੀ ਪਿਆ ਸੀ। ਇਲਾਕਾ ਨਿਵਾਸੀਆਂ ਦੇ ਦੋਸ਼ ਹਨ ਕਿ ਕਰੀਬ 3,000 ਗਜ਼ ਦੇ ਪਲਾਟ ’ਤੇ ਕੁਝ ਸਿਆਸੀ ਲੋਕਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਖਾਲੀ ਪਏ ਪਲਾਟ ਵਿੱਚ ਬੀਬੀਐਮ ਦਾ ਰੱਖਿਆ ਹੋਇਆ ਸਾਮਾਨ ਵੀ ਚੁੱਕ ਕੇ ਦੂਜੇ ਪਾਸੇ ਰੱਖ ਦਿੱਤਾ। ਕਾਲੋਨੀ ਵਾਸੀਆਂ ਅਨੁਸਾਰ, ਸਾਲ 1992 ਦੇ ਕਰੀਬ ਗਲਾਡਾ ਵੱਲੋਂ ਇਨ੍ਹਾਂ ਪਲਾਟਾਂ ਦੀ ਨਿਸ਼ਾਨਦੇਹੀ ਕਰਕੇ ਆਪਣੀ ਮਾਲਕੀ ਜਤਾਈ ਗਈ ਸੀ। ਉਸ ਸਮੇਂ ਪਲਾਟਾਂ ਦੇ ਆਲੇ-ਦੁਆਲੇ ਲੋਹੇ ਦੀਆਂ ਜਾਲੀਆਂ ਵਾਲੀ ਰੇਲਿੰਗ ਲਗਾਈ ਸੀ। ਪਰ ਕਰੀਬ ਇੱਕ ਮਹੀਨਾ ਪਹਿਲਾਂ ਕੁਝ ਲੋਕਾਂ ਨੇ ਇਸ ਪਲਾਟ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਗਲਾਡਾ ਵੱਲੋਂ ਲਾਈਆਂ ਗਈਆਂ ਜਾਲੀਆਂ ਪੁੱਟ ਦਿੱਤੀਆਂ ਅਤੇ ਉਨ੍ਹਾਂ ਨੂੰ ਖੁਰਦ-ਬੁਰਦ ਕਰ ਦਿੱਤਾ। ਕੁਝ ਜਾਲੀਆਂ ਬਿਜਲੀ ਵਿਭਾਗ ਦਾ ਸਾਮਾਨ ਪਏ ਹੋਣ ਵਾਲੀ ਜਗ੍ਹਾ ’ਤੇ ਸੁੱਟ ਦਿੱਤੀ।
ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਇਹ ਲੋਕ ਜਾਲੀਆਂ ਤੋੜ ਰਹੇ ਸਨ ਤਾਂ ਗਲਾਡਾ ਦੇ ਗਾਰਡ ਵੱਲੋਂ ਉਸ ਸਮੇਂ ਦੀਆਂ ਤਸਵੀਰਾਂ ਜੇਈ ਨੂੰ ਭੇਜੀਆਂ ਗਈਆਂ ਸਨ। ਇਸ ਤੋਂ ਬਾਅਦ ਜਦੋਂ ਪਲਾਟ ਵਿੱਚੋਂ ਦਰੱਖਤ ਪੁੱਟਣੇ ਸ਼ੁਰੂ ਕੀਤੇ ਗਏ ਤਾਂ ਉਸ ਦੀਆਂ ਤਸਵੀਰਾਂ ਵੀ ਗਲਾਡਾ ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜੀਆਂ ਗਈਆਂ। ਇਸ ਦੇ ਬਾਵਜੂਦ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਗਲਾਡਾ ਦੀ ਕਰੋੜਾਂ ਰੁਪਏ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਦੋਸ਼ ਹੈ ਕਿ ਸਬੰਧਤ ਵਿਅਕਤੀਆਂ ਨੇ ਜ਼ਮੀਨ ਵਿੱਚੋਂ ਦਰੱਖਤ ਪੁੱਟ ਦਿੱਤੇ, ਲੋਹੇ ਦੀਆਂ ਜਾਲੀਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਪਲਾਟ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਚਾਰਦੀਵਾਰੀ ਕਰਕੇ ਗੇਟ ਵੀ ਲਗਾ ਦਿੱਤਾ ਹੈ।
-ਅਸੀਂ ਮਾਲ ਵਿਭਾਗ ਨੂੰ ਲਿਖ ਕੇ ਭੇਜਿਆ ਹੈ : ਈਓ
ਇਸ ਸਬੰਧ ਵਿੱਚ ਜਦੋਂ ਗਲਾਡਾ ਦੀ ਈਓ ਉਪਿੰਦਰਜੀਤ ਕੌਰ, ਪੀਸੀਐੱਸ, ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਜਗ੍ਹਾ ਦੀ ਮਾਲਕੀ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਮਾਲ ਵਿਭਾਗ ਨੂੰ ਲਿਖ ਕੇ ਭੇਜਿਆ ਹੈ।
-ਬੀਬੀਐੱਮ ਦਾ ਸਾਮਾਨ ਚੁੱਕ ਕੇ ਬਾਹਰ ਰੱਖ ਦਿੱਤਾ
ਇਲਾਕਾ ਨਿਵਾਸੀਆਂ ਅਨੁਸਾਰ, ਇਸ ਪਲਾਟ ਦੇ ਨਾਲ ਲੱਗਦੀ ਜਗ੍ਹਾ ਬੀਬੀਐੱਮ ਦੀ ਮਾਲਕੀ ਵਾਲੀ ਹੈ, ਜਿੱਥੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ। ਬੀਬੀਐਮ ਵੱਲੋਂ ਖਾਲੀ ਪਲਾਟ ਵਿੱਚ ਆਪਣਾ ਸਾਮਾਨ ਰੱਖਿਆ ਹੋਇਆ ਸੀ, ਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੇ ਇਹ ਸਾਮਾਨ ਚੁੱਕ ਕੇ ਇੱਕ ਪਾਸੇ ਰੱਖ ਦਿੱਤਾ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵੱਲ ਬੀਬੀਐਮ ਦੇ ਅਧਿਕਾਰੀਆਂ ਦਾ ਵੀ ਧਿਆਨ ਨਹੀਂ ਗਿਆ।
-ਮੁਹੱਲਾ ਨਿਵਾਸੀਆਂ ਦੀ ਸ਼ਿਕਾਇਤ ਦੇ ਬਾਵਜੂਦ ਕਾਰਵਾਈ ਨਹੀਂ
ਗਲਾਡਾ ਦੇ ਇਸ ਕਰੋੜਾਂ ਰੁਪਏ ਦੀ ਕੀਮਤ ਵਾਲੇ ਪਲਾਟ ’ਤੇ ਕਬਜ਼ੇ ਦੀ ਕੋਸ਼ਿਸ਼ ਸਬੰਧੀ ਮੁਹੱਲਾ ਨਿਵਾਸੀਆਂ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਲੋਕਾਂ ਦਾ ਦੋਸ਼ ਹੈ ਕਿ ਸ਼ਿਕਾਇਤ ਦੇਣ ਤੋਂ ਕਈ ਦਿਨ ਬੀਤ ਜਾਣ ਦੇ ਬਾਵਜੂਦ ਗਲਾਡਾ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕਰਨੀ ਵੀ ਜ਼ਰੂਰੀ ਨਹੀਂ ਸਮਝੀ। ਲੋਕਾਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।