- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ਦੇ ਸਿਵਲ ਹਸਪਤਾਲ ਨੂੰ 2,000 ਬਿਸਤਰਿਆਂ ਵਾਲਾ ਆਧੁਨਿਕ ਹਸਪਤਾਲ ਬਣਾਉਣ ਦੀ ਮੰਗ

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ
ਸਥਾਨਕ ਸਿਵਲ ਹਸਪਤਾਲ ਨੂੰ 2,000 ਬਿਸਤਰਿਆਂ ਦੀ ਸਮਰੱਥਾ ਵਾਲੇ ਆਧੁਨਿਕ ਸਰਕਾਰੀ ਹਸਪਤਾਲ ਵਜੋਂ ਵਿਕਸਤ ਕਰਨ ਅਤੇ ਇਸ ਦੇ ਨਾਲ ਸਰਕਾਰੀ ਮੈਡੀਕਲ ਕਾਲਜ ਸਥਾਪਤ ਕਰਨ ਦੀ ਮੰਗ ਉਠਾਈ ਗਈ ਹੈ। ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਪੱਤਰ ਸੌਂਪ ਕੇ ਪੰਜਾਬ ਸਰਕਾਰ ਕੋਲ ਮਾਮਲਾ ਉਠਾਉਣ ਦੀ ਅਪੀਲ ਕੀਤੀ ਹੈ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਤਕਨੀਕੀ ਮਾਹਿਰਾਂ ਦੀ ਕਮੇਟੀ ਬਣਾ ਕੇ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਜਾਵੇ ਅਤੇ ਪ੍ਰਵਾਨਗੀ ਤੇ ਲੋੜੀਂਦੇ ਫੰਡਾਂ ਲਈ ਪੰਜਾਬ ਸਰਕਾਰ ਨੂੰ ਭੇਜੀ ਜਾਵੇ। ਧਾਲੀਵਾਲ ਨੇ ਕਿਹਾ ਕਿ ਲੁਧਿਆਣਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਮਰੀਜ਼ਾਂ ਲਈ ਸਿਹਤ ਸੇਵਾਵਾਂ ਦਾ ਅਹਿਮ ਕੇਂਦਰ ਹੈ, ਪਰ ਨਿੱਜੀ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਹਰ ਪਰਿਵਾਰ ਦੀ ਪਹੁੰਚ ਵਿੱਚ ਨਹੀਂ। ਇਸ ਲਈ ਲੋਕਾਂ ਨੂੰ ਸਰਕਾਰੀ ਪੱਧਰ ’ਤੇ ਮਿਆਰੀ ਇਲਾਜ ਮੁਹੱਈਆ ਕਰਵਾਉਣਾ ਜ਼ਰੂਰੀ ਹੈ।
-ਜ਼ਮੀਨ, ਇਮਾਰਤਾਂ ਤੇ ਖਰਚਿਆਂ ਦਾ ਹੋਵੇ ਮੁੱਲਾਂਕਣ
ਪ੍ਰਸਤਾਵਿਤ ਯੋਜਨਾ ਵਿੱਚ ਵਾਧੂ ਜ਼ਮੀਨ, ਨਵੀਆਂ ਇਮਾਰਤਾਂ, ਆਧੁਨਿਕ ਮੈਡੀਕਲ ਉਪਕਰਨਾਂ, ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਭਰਤੀ ਦੇ ਨਾਲ ਪ੍ਰੋਜੈਕਟ ਦੀ ਕੁੱਲ ਲਾਗਤ ਤੇ ਸਾਲਾਨਾ ਖਰਚਿਆਂ ਦਾ ਵੇਰਵਾ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਹਸਪਤਾਲ ਵਿੱਚ ਦਿਲ, ਦਿਮਾਗ਼, ਕੈਂਸਰ, ਗੁਰਦਿਆਂ ਅਤੇ ਜਿਗਰ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਵਿਭਾਗਾਂ ਤੋਂ ਇਲਾਵਾ ਚੌਵੀ ਘੰਟੇ ਐਮਰਜੈਂਸੀ ਸੇਵਾਵਾਂ, ਗੰਭੀਰ ਮਰੀਜ਼ਾਂ ਦੀ ਦੇਖਭਾਲ, ਆਧੁਨਿਕ ਜਾਂਚ ਸਹੂਲਤਾਂ ਅਤੇ ਖੂਨ ਦੇ ਭੰਡਾਰ ਦੀ ਵਿਵਸਥਾ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ।
-ਮੈਡੀਕਲ ਕਾਲਜ ਅਤੇ ਗ਼ਰੀਬਾਂ ਦੇ ਇਲਾਜ ’ਤੇ ਜ਼ੋਰ
ਸਰਕਾਰੀ ਮੈਡੀਕਲ ਕਾਲਜ ਨਾਲ ਡਾਕਟਰੀ ਸਿੱਖਿਆ ਦੇ ਮੌਕੇ ਵਧਾਉਣ ਅਤੇ ਭਵਿੱਖ ਵਿੱਚ ਮਾਹਿਰ ਡਾਕਟਰਾਂ ਦੀ ਉਪਲਬਧਤਾ ਵਿੱਚ ਸੁਧਾਰ ਦੀ ਉਮੀਦ ਪ੍ਰਗਟਾਈ ਗਈ ਹੈ। ਇਸ ਦੇ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਲਈ ਮੁਫ਼ਤ ਜਾਂ ਕਿਫ਼ਾਇਤੀ ਦਵਾਈਆਂ, ਜਾਂਚਾਂ ਅਤੇ ਜ਼ਰੂਰੀ ਸਰਜਰੀਆਂ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ। ਸੰਸਥਾ ਨੇ ਮੁੱਖ ਮੰਤਰੀ, ਸਿਹਤ ਮੰਤਰੀ, ਵਿਧਾਇਕਾਂ ਅਤੇ ਹੋਰ ਲੋਕ-ਨੁਮਾਇੰਦਿਆਂ ਨੂੰ ਇਸ ਪ੍ਰੋਜੈਕਟ ਲਈ ਸਹਿਯੋਗ ਦੇਣ ਅਤੇ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਉਠਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਰਘਬੀਰ ਸਿੰਘ ਘੁੰਮਣ, ਕਮਲਜੀਤ ਸਿੰਘ, ਗੁਰਚਰਨ ਸਿੰਘ ਰੰਧਾਵਾ, ਸੁਰਿੰਦਰ ਕੌਰ, ਐਡਵੋਕੇਟ ਹਰਜਿੰਦਰ ਸਿੰਘ, ਗੁਰਦੀਪ ਸਿੰਘ ਸ਼ੇਰਦਿੱਲ, ਪਰਮਿੰਦਰ ਸਿੰਘ ਕੁੱਕੀ, ਕੋਮਲ ਸ਼ਰਮਾ, ਜੋਗਾ ਸਿੰਘ ਅਤੇ ਲੁਧਿਆਣਾ ਮਾਹ ਸਭਾ ਦੇ ਜਸਵੰਤ ਸਿੰਘ ਜੀਰਖ ਵੀ ਹਾਜ਼ਰ ਸਨ।