- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਦੇ ਅਰਥ ਸ਼ਾਸਤਰੀ ਡਾ. ਕਮਲ ਵੱਤਾ ਨੂੰ ਏਈਆਰਏ ਫੈਲੋਸ਼ਿਪ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਤੇ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਿਟੀਜ਼ ਦੇ ਡੀਨ ਡਾ. ਕਮਲ ਵੱਤਾ ਨੂੰ ਐਗਰੀਕਲਚਰਲ ਇਕਨਾਮਿਕਸ ਰਿਸਰਚ ਐਸੋਸੀਏਸ਼ਨ (ਏਈਆਰਏ) ਭਾਰਤ ਵੱਲੋਂ ਵੱਕਾਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਹੈ। ਡਾ. ਵੱਤਾ ਨੂੰ ਇਹ ਸਨਮਾਨ ਪਾਂਡੀਚੇਰੀ ਯੂਨੀਵਰਸਿਟੀ ਵਿਖੇ ਹੋਈ ਏਈਆਰਏ ਦੀ 34ਵੀਂ ਸਾਲਾਨਾ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ ਗਿਆ। ਇਸੇ ਦੌਰਾਨ ਪੀਏਯੂ ਦੇ ਖੋਜਕਰਤਾਵਾਂ ਨੇ ਵੀ ਇੱਕ ਹੋਰ ਅਹਿਮ ਪ੍ਰਾਪਤੀ ਦਰਜ ਕੀਤੀ। ਖੇਤੀਬਾੜੀ ਅਰਥ ਸ਼ਾਸਤਰੀ ਡਾ. ਲਾਇਸ਼ਰਾਮ ਪ੍ਰਿਸਿਲਾ, ਪੀਐੱਚ.ਡੀ. ਦੇ ਖੋਜਾਰਥੀ ਸੌਰਦੀਪਤਾ ਦਾਸ ਅਤੇ ਉਨ੍ਹਾਂ ਦੀ ਖੋਜ ਟੀਮ ਨੂੰ ਸਾਲ 2025 ਦੌਰਾਨ ਐਗਰੀਕਲਚਰਲ ਇਕਨਾਮਿਕਸ ਰਿਸਰਚ ਰਿਵਿਊ ਰਸਾਲੇ ਵਿੱਚ ਪ੍ਰਕਾਸ਼ਿਤ ਸਰਵੋਤਮ ਖੋਜ ਪੱਤਰਾਂ ਲਈ ਡਾ. ਆਰਟੀ. ਦੋਸ਼ੀ ਪੁਰਸਕਾਰ ਤਹਿਤ ਪਹਿਲਾ ਇਨਾਮ ਮਿਲਿਆ। ਇਨ੍ਹਾਂ ਪ੍ਰਾਪਤੀਆਂ ’ਤੇ ਪੀਏਯੂ ਦੇ ਵੀਸੀ ਡਾ. ਹਰਵਿੰਦਰ ਸਿੰਘ ਧਾਲੀਵਾਲ, ਖੋਜ ਨਿਰਦੇਸ਼ਕ ਡਾ. ਏਐੱਸ. ਢੱਟ ਅਤੇ ਪੋਸਟ ਗ੍ਰੈਜੂਏਟ ਸਟੱਡੀਜ਼ ਦੇ ਡੀਨ ਡਾ. ਹਰਮਿੰਦਰ ਸਿੰਘ ਨੇ ਸਨਮਾਨਿਤ ਅਧਿਆਪਕਾਂ ਅਤੇ ਖੋਜ ਟੀਮ ਨੂੰ ਵਧਾਈ ਦਿੱਤੀ। ਇਹ ਸਨਮਾਨ ਖੇਤੀਬਾੜੀ ਅਰਥ ਸ਼ਾਸਤਰ ਦੇ ਖੇਤਰ ਵਿੱਚ ਪੀਏਯੂ ਦੀ ਨਿਰੰਤਰ ਖੋਜ ਉੱਤਮਤਾ ਅਤੇ ਖੇਤੀਬਾੜੀ ਦੇ ਵਿਕਾਸ ਲਈ ਨੀਤੀ ਨਿਰਮਾਣ ’ਚ ਸਹਾਈ ਗਿਆਨ ਪੈਦਾ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਸਨਮਾਨਿਤ ਖੋਜਕਰਤਾਵਾਂ ਨੂੰ ਭਵਿੱਖ ਵਿੱਚ ਵੀ ਅਕਾਦਮਿਕ ਅਤੇ ਖੋਜ ਖੇਤਰ ਵਿੱਚ ਹੋਰ ਸਫ਼ਲਤਾਵਾਂ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।