ਵੱਖਰੇ ਅੰਦਾਜ਼ ਦੇ ਮਾਲਕ ਸਨ ਹਰਫਨਮੋਲਾ ਕੇ.ਦੀਪ ਨੋਟ-ਪੰਜਾਬ ਪੰਨੇ ਲਈ ( ਅੱਜ ਬਰਸੀ ਤੇ ਵਿਸ਼ੇਸ਼ )
Publish Date: Wed, 21 Oct 2026 08:32 PM (IST)
Updated Date: Thu, 22 Oct 2026 04:04 AM (IST)
-ਅੱਜ ਬਰਸੀ ’ਤੇ ਵਿਸ਼ੇਸ਼ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬੀ ਗਾਇਕੀ ਅਤੇ ਹਾਸਰਸ ਦੀ ਦੁਨੀਆ ਵਿੱਚ ਕੁਝ ਨਾਂ ਅਜਿਹੇ ਹੁੰਦੇ ਹਨ, ਜਿਹੜੇ ਸਮੇਂ ਦੀਆਂ ਹੱਦਾਂ ਪਾਰ ਕਰਕੇ ਲੋਕਾਂ ਦੇ ਦਿਲਾਂ ਵਿੱਚ ਸਦਾ ਲਈ ਵੱਸ ਜਾਂਦੇ ਹਨ। ਅਜਿਹਾ ਹੀ ਇੱਕ ਨਾਂ ਹੈ ਕੇ.ਦੀਪ (ਕੁਲਦੀਪ ਸਿੰਘ) ਦਾ, ਜਿਨ੍ਹਾਂ ਵਿਲੱਖਣ ਗਾਇਕੀ ਅਤੇ ਹਾਸਰਸ ਦੀ ਕਲਾ ਨਾਲ ਪੰਜਾਬੀਆਂ ਦੇ ਦਿਲਾਂ ’ਤੇ ਅਮਿੱਟ ਛਾਪ ਛੱਡੀ। ਮਾਈ ਮੋਹਣੋ ਅਤੇ ਪੋਸਤੀ ਦੇ ਕਿਰਦਾਰਾਂ ਰਾਹੀਂ ਉਨ੍ਹਾਂ ਪੰਜਾਬੀ ਸਰੋਤਿਆਂ ਨੂੰ ਹਸਾਇਆ ਹੀ ਨਹੀਂ, ਸਗੋਂ ਪੰਜਾਬ ਦੇ ਪੇਂਡੂ ਜੀਵਨ, ਲੋਕ-ਬੋਲੀ, ਘਰੇਲੂ ਨੋਕ-ਝੋਕ ਅਤੇ ਸੱਭਿਆਚਾਰਕ ਰੰਗਾਂ ਨੂੰ ਵੀ ਆਪਣੀ ਕਲਾ ਦਾ ਹਿੱਸਾ ਬਣਾਇਆ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਘਰ ਹੋਵੇ, ਜਿੱਥੇ ਕਿਸੇ ਸਮੇਂ ਮਾਈ ਮੋਹਣੋ-ਪੋਸਤੀ ਦੀਆਂ ਹਾਸਰਸ ਪੇਸ਼ਕਾਰੀਆਂ ਦੀ ਗੂੰਜ ਨਾ ਸੁਣੀ ਗਈ ਹੋਵੇ। ਕੇ. ਦੀਪ ਦਾ ਜਨਮ 10 ਦਸੰਬਰ 1940 ਨੂੰ ਬਰਮਾ ਦੇ ਰੰਗੂਨ (ਮੌਜੂਦਾ ਯੰਗੂਨ, ਮਿਆਂਮਾਰ) ਵਿੱਚ ਪਿਤਾ ਕਰਤਾਰ ਸਿੰਘ ਅਤੇ ਮਾਤਾ ਭਗਵੰਤ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਗਾਉਣ ਅਤੇ ਕਲਾਕਾਰੀ ਦਾ ਸ਼ੌਕ ਸੀ। ਪੜ੍ਹਾਈ ਦੇ ਨਾਲ-ਨਾਲ ਸੰਗੀਤ ਪ੍ਰਤੀ ਉਨ੍ਹਾਂ ਦੀ ਰੁਚੀ ਵਧਦੀ ਰਹੀ। ਦੋਸਤਾਂ-ਮਿੱਤਰਾਂ ਦੀ ਹੱਲਾਸ਼ੇਰੀ ਅਤੇ ਆਪਣੇ ਅੰਦਰਲੇ ਜਨੂੰਨ ਸਦਕਾ ਇਹ ਸ਼ੌਕ ਹੌਲੀ-ਹੌਲੀ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਬਣ। ਮੁੰਬਈ ਵਿੱਚ ਕੇ. ਦੀਪ ਨੂੰ ਉਸ ਸਮੇਂ ਦੇ ਪ੍ਰਸਿੱਧ ਸੰਗੀਤਕਾਰਾਂ ਐੱਸ. ਮਹਿੰਦਰ, ਓਪੀ. ਨਈਅਰ ਅਤੇ ਮਾਸਟਰ ਹੰਸ ਰਾਜ ਬਹਿਲ ਦੀ ਅਗਵਾਈ ਹੇਠ ਕੰਮ ਕਰਨ ਦਾ ਮੌਕਾ ਮਿਲਿਆ। ਕੇ. ਦੀਪ ਦੀ ਖ਼ਾਸੀਅਤ ਇਹ ਸੀ ਕਿ ਉਹ ਸਿਰਫ਼ ਇੱਕ ਕਿਸਮ ਦੀ ਗਾਇਕੀ ਤੱਕ ਸੀਮਤ ਨਹੀਂ ਰਹੇ। ਕੇ. ਦੀਪ ਦੀ ਜ਼ਿੰਦਗੀ ਅਤੇ ਕਲਾ ਦੇ ਸਫ਼ਰ ’ਚ ਜਗਮੋਹਨ ਕੌਰ ਦਾ ਸਥਾਨ ਬੇਹੱਦ ਅਹਿਮ ਰਿਹਾ। ਦੋਵਾਂ ਦੀ ਮੁਲਾਕਾਤ ਕਲਕੱਤੇ (ਮੌਜੂਦਾ ਕੋਲਕਾਤਾ) ’ਚ ਇਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਹੋਈ। ਸੰਗੀਤ ਪ੍ਰਤੀ ਸਾਂਝੀ ਦਿਲਚਸਪੀ ਅਤੇ ਕਲਾਤਮਕ ਸਮਝ ਨੇ ਉਨ੍ਹਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆਂਦਾ। ਸਾਲ 1969 ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ। “ਵੇ ਪੋਸਤੀਆ, ਮੈਂ ਕਿਹਾ ਮਾਈ ਮੋਹਣੋ...” ਵਰਗੇ ਸੰਵਾਦ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਗਏ। ਕੇ. ਦੀਪ ਅਤੇ ਜਗਮੋਹਨ ਕੌਰ ਦੀ ਜੋੜੀ ਨੇ ਪੰਜਾਬੀ ਸੰਗੀਤ ਨੂੰ ਕਈ ਅਜਿਹੇ ਗੀਤ ਦਿੱਤੇ, ਜਿਨ੍ਹਾਂ ਦੀ ਲੋਕਪ੍ਰਿਯਤਾ ਸਮੇਂ ਦੇ ਨਾਲ ਘਟੀ ਨਹੀਂ। “ਥੋੜ੍ਹਾ ਕਰਾਰਾ ਪੂਦਨਾ” ਅਤੇ “ਬਾਬਾ ਵੇ ਕਲਾ ਮਰੋੜ” ਵਰਗੇ ਗੀਤ ਪੰਜਾਬੀ ਸੰਗੀਤ ਦੇ ਯਾਦਗਾਰੀ ਗੀਤਾਂ ਵਿੱਚ ਸ਼ੁਮਾਰ ਹਨ। ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਨੂੰ ਵੀ ਕੇ.ਦੀਪ ਨੇ ਆਪਣੀ ਆਵਾਜ਼ ਦਿੱਤੀ। ਕੇ. ਦੀਪ ਨੇ ਪੰਜਾਬੀ ਫ਼ਿਲਮਾਂ ਲਈ ਵੀ ਗਾਇਕੀ ਕੀਤੀ। ਫ਼ਿਲਮਾਂ ਵਿੱਚ ਗਾਏ ਉਨ੍ਹਾਂ ਦੇ ਗੀਤਾਂ ਨੇ ਵੀ ਸਰੋਤਿਆਂ ਦਾ ਪਿਆਰ ਹਾਸਲ ਕੀਤਾ। ਪੰਜਾਬੀ ਫ਼ਿਲਮ ‘ਦਾਜ’ ਵਿੱਚ ਉਨ੍ਹਾਂ ਵੱਲੋਂ ਗਾਇਆ ਗੀਤ “ਹਮ ਛੜੇ ਵਕਤ ਕੇ ਫੜੇ” ਅਤੇ ਫ਼ਿਲਮ ‘ਸੰਤੋ ਬੰਤੋ’ ਵਿੱਚ ਗਾਇਆ ਗੀਤ “ਮੈਨੂੰ ਤੇਰੇ ਆਸ਼ਕਾਂ ਨੇ ਕੁੱਟਿਆ” ਖ਼ਾਸ ਤੌਰ ’ਤੇ ਲੋਕਪ੍ਰਿਯ ਹੋਏ। ਉਨ੍ਹਾਂ ਸਵਿਤਾ ਸਾਥੀ, ਦਿਲਰਾਜ ਕੌਰ ਅਤੇ ਅਨੁਰਾਧਾ ਪੌਡਵਾਲ ਵਰਗੀਆਂ ਗਾਇਕਾਵਾਂ ਨਾਲ ਵੀ ਗੀਤ ਰਿਕਾਰਡ ਕਰਵਾਏ। ਕੇ. ਦੀਪ ਦੀ ਇੱਕ ਹੋਰ ਵਿਸ਼ੇਸ਼ਤਾ ਮੂੰਹ ਨਾਲ ਵੱਖ-ਵੱਖ ਸਾਜ਼ਾਂ ਵਰਗੀਆਂ ਆਵਾਜ਼ਾਂ ਕੱਢਣ ਦੀ ਮੁਹਾਰਤ ਸੀ। ਬੇਸ਼ੱਕ ਕੇ. ਦੀਪ 22 ਅਕਤੂਬਰ 2020 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ, ਪਰ ਉਨ੍ਹਾਂ ਦੀ ਕਲਾ ਅੱਜ ਵੀ ਜਿਉਂਦੀ ਹੈ।