- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਵਰੇਜ ਦਾ ਢੱਕਣ ਕੱਢਣ ਲਈ ਪੁੱਟੀ ਸੜਕ, ਰਾਹਗੀਰ ਹੋ ਰਹੇ ਪ੍ਰੇਸ਼ਾਨ

ਜਗਜੀਤ ਜੰਡੂ, ਪੰਜਾਬੀ ਜਾਗਰਣ, ਲੁਧਿਆਣਾ
ਈਸ਼ਰ ਨਗਰ ਦੇ ਵਾਰਡ-38 ’ਚ ਸੀਵਰੇਜ ਦੀ ਸਫ਼ਾਈ ਲਈ ਮੈਨਹੋਲ ਦਾ ਢੱਕਣ ਕੱਢਣ ਵਾਸਤੇ ਸੜਕ ਦੀ ਖੁਦਾਈ ਕੀਤੇ ਜਾਣ ਕਾਰਨ ਸੜਕ ਨੁਕਸਾਨੀ ਗਈ ਹੈ। ਇਸ ਕਾਰਨ ਇਸ ਰੁਝੇਵਿਆਂ ਭਰੀ ਸੜਕ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਸੜਕ ’ਤੇ ਆਵਾਜਾਈ ਵਧੇਰੇ ਰਹਿਣ ਕਾਰਨ ਖੁਦਾਈ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਇਸ ਮਾਮਲੇ ’ਚ ਸਵਾਲ ਉੱਠ ਰਿਹਾ ਹੈ ਕਿ ਜਦੋਂ ਸੜਕ ਦਾ ਨਿਰਮਾਣ ਕੀਤਾ ਸੀ ਤਾਂ ਸੀਵਰੇਜ ਦੇ ਮੈਨਹੋਲਾਂ ਦੇ ਢੱਕਣ ਸੜਕ ਦੇ ਪੱਧਰ ਦੇ ਬਰਾਬਰ ਕਿਉਂ ਨਹੀਂ ਰੱਖੇ। ਜੇਕਰ ਸੜਕ ਬਣਾਉਣ ਸਮੇਂ ਮੈਨਹੋਲਾਂ ਦੇ ਪੱਧਰ ਦਾ ਸਹੀ ਧਿਆਨ ਰੱਖਿਆ ਜਾਂਦਾ ਤਾਂ ਸਫ਼ਾਈ ਲਈ ਢੱਕਣ ਤੱਕ ਪਹੁੰਚਣ ਵਾਸਤੇ ਸੜਕ ਨੂੰ ਮੁੜ ਪੁੱਟਣ ਦੀ ਨੌਬਤ ਸ਼ਾਇਦ ਨਾ ਆਉਂਦੀ। ਸੜਕ ਨਿਰਮਾਣ ਤੇ ਸੀਵਰੇਜ ਪ੍ਰਬੰਧ ਵਿਚਾਲੇ ਤਾਲਮੇਲ ਦੀ ਘਾਟ ਦਾ ਖਮਿਆਜ਼ਾ ਹੁਣ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸੜਕ ਨੁਕਸਾਨੀ ਜਾਣ ਕਾਰਨ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ ਤੇ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵਾਲ ਇਹ ਹੈ ਕਿ ਸੜਕ ਬਣਾਉਣ ਸਮੇਂ ਮੈਨਹੋਲਾਂ ਦੇ ਢੱਕਣਾਂ ਦਾ ਪੱਧਰ ਸਹੀ ਰੱਖਣ ਦੀ ਜ਼ਿੰਮੇਵਾਰੀ ਕਿਸ ਦੀ ਸੀ? ਜੇਕਰ ਨਿਰਮਾਣ ਦੌਰਾਨ ਇਸ ਗੱਲ ਵੱਲ ਧਿਆਨ ਦਿੱਤਾ ਜਾਂਦਾ ਤਾਂ ਅੱਜ ਸੜਕ ਨੂੰ ਮੁੜ ਪੁੱਟਣ ਦੀ ਲੋੜ ਨਾ ਪੈਂਦੀ। ਹੁਣ ਲੋੜ ਹੈ ਕਿ ਨੁਕਸਾਨੀ ਗਈ ਸੜਕ ਦੀ ਮੁਰੰਮਤ ਕਰਵਾਈ ਜਾਵੇ ਤੇ ਭਵਿੱਖ ਵਿੱਚ ਅਜਿਹੀ ਸਥਿਤੀ ਤੋਂ ਬਚਣ ਲਈ ਸੜਕ ਨਿਰਮਾਣ ਅਤੇ ਸੀਵਰੇਜ ਦੇ ਕੰਮਾਂ ਵਿਚਕਾਰ ਸਹੀ ਤਾਲਮੇਲ ਯਕੀਨੀ ਬਣਾਇਆ ਜਾਵੇ, ਤਾਂ ਜੋ ਪ੍ਰਬੰਧਕੀ ਕਮੀਆਂ ਦਾ ਬੋਝ ਆਮ ਲੋਕਾਂ ਨੂੰ ਨਾ ਝੱਲਣਾ ਪਵੇ।