- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਖੇਤਾਂ ’ਚ ਕੰਮ ਕਰਦੇ ਵੀ ਹਾਸਿਲ ਕਰ ਸਕਣਗੇ ਵਿਗਿਆਨਕ ਜਾਣਕਾਰੀ

-ਪੀਏਯੂ ਵੱਲੋਂ ‘ਖੇਤੀ ਸੰਦੇਸ਼’ ’ਚ ਆਡੀਓ ਸਹੂਲਤ ਦੀ ਸ਼ੁਰੂਆਤ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੀਏਯੂ ਨੇ ਕਿਸਾਨਾਂ ਤੱਕ ਖੇਤੀਬਾੜੀ ਨਾਲ ਜੁੜੀ ਵਿਗਿਆਨਕ ਜਾਣਕਾਰੀ ਪਹੁੰਚਾਉਣ ਲਈ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਆਪਣੇ ਹਫ਼ਤਾਵਾਰੀ ਡਿਜੀਟਲ ਰਸਾਲੇ ਖੇਤੀ ਸੰਦੇਸ਼ ਦੇ ਪੰਜਾਬੀ ਅੰਕ ਵਿੱਚ ਆਡੀਓ ਸੁਣਨ ਦੀ ਸਹੂਲਤ ਸ਼ੁਰੂ ਕੀਤੀ ਹੈ। ਹੁਣ ਕਿਸਾਨ ਰਸਾਲੇ ਦੇ ਕਿਸੇ ਵੀ ਲੇਖ ਨੂੰ ਪੜ੍ਹਨ ਦੀ ਬਜਾਏ ਸੁਣ ਵੀ ਸਕਣਗੇ। ਇਸ ਲਈ ਲੇਖ ਵਾਲੇ ਪੰਨੇ ਦੇ ਉੱਪਰ ਸੱਜੇ ਪਾਸੇ ਦਿੱਤੇ ਆਡੀਓ ਬਟਨ ਨੂੰ ਇੱਕ ਵਾਰ ਦੱਬਣਾ ਪਵੇਗਾ। ਇਸ ਸਹੂਲਤ ਦਾ ਮਕਸਦ ਖੇਤੀਬਾੜੀ ਨਾਲ ਜੁੜੀ ਵਿਗਿਆਨਕ ਜਾਣਕਾਰੀ ਹਰ ਕਿਸਾਨ ਤੱਕ ਆਸਾਨੀ ਨਾਲ ਪਹੁੰਚਾਉਣਾ ਹੈ, ਖ਼ਾਸ ਕਰਕੇ ਉਨ੍ਹਾਂ ਕਿਸਾਨਾਂ ਤੱਕ, ਜਿਨ੍ਹਾਂ ਨੂੰ ਪੜ੍ਹਨ ਦੀ ਬਜਾਏ ਸੁਣਨਾ ਵਧੇਰੇ ਸੌਖਾ ਲੱਗਦਾ ਹੈ ਜਾਂ ਜੋ ਖੇਤਾਂ ਵਿੱਚ ਕੰਮ ਕਰਦੇ ਹੋਣ ਕਾਰਨ ਬੈਠ ਕੇ ਰਸਾਲਾ ਨਹੀਂ ਪੜ੍ਹ ਸਕਦੇ। ਖੇਤੀ ਸੰਦੇਸ਼ ਹੁਣ ਵੱਖ-ਵੱਖ ਡਿਜੀਟਲ ਮਾਧਿਅਮਾਂ ਰਾਹੀਂ ਲੱਖਾਂ ਕਿਸਾਨਾਂ ਤੇ ਹੋਰ ਸਬੰਧਤ ਲੋਕਾਂ ਤੱਕ ਪਹੁੰਚ ਰਿਹਾ ਹੈ। ਖੇਤੀ ਸੰਦੇਸ਼ ਦੇ ਅੰਗਰੇਜ਼ੀ ਅੰਕ ਨੇ ਵੀ ਆਪਣਾ ਪਹਿਲਾ ਸਾਲ ਪੂਰਾ ਕਰ ਲਿਆ ਹੈ। ਪੀਏਯੂ ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤਕਨਾਲੋਜੀ ਦਾ ਵਿਕਾਸ ਤੇ ਪਸਾਰ ਕਿਸਾਨਾਂ ਦੀ ਸਹੂਲਤ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਹੋਣੀ ਚਾਹੀਦੀ ਹੈ। ਖੇਤੀ ਸੰਦੇਸ਼ ਵਿੱਚ ਆਡੀਓ ਸਹੂਲਤ ਦੀ ਸ਼ੁਰੂਆਤ ਪੀਏਯੂ ਦੇ ਡਿਜੀਟਲ ਪਸਾਰ ਕਾਰਜਾਂ ਨੂੰ ਹੋਰ ਮਜ਼ਬੂਤ ਕਰੇਗਾ ਤੇ ਖੋਜ ਪ੍ਰਯੋਗਸ਼ਾਲਾਵਾਂ ਤੋਂ ਖੇਤਾਂ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਕਿਸਾਨ, ਭਾਵੇਂ ਉਸ ਦੀ ਪੜ੍ਹਨ-ਲਿਖਣ ਦੀ ਸਮਰੱਥਾ ਕੋਈ ਵੀ ਹੋਵੇ, ਭਰੋਸੇਯੋਗ ਵਿਗਿਆਨਕ ਜਾਣਕਾਰੀ ਆਸਾਨੀ ਨਾਲ ਹਾਸਲ ਕਰ ਸਕੇ। ਪੀਏਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਸਮੇਂ ਸਿਰ ਅਤੇ ਭਰੋਸੇਯੋਗ ਜਾਣਕਾਰੀ ਕਿਸਾਨਾਂ ਲਈ ਸਭ ਤੋਂ ਵਧੇਰੇ ਅਹਿਮ ਹੈ। ਪੀਏਯੂ ਦੇ ਵਧੀਕ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਖੇਤੀ ਤਕਨੀਕਾਂ ਦੇ ਪਸਾਰ ਨੂੰ ਕਿਸਾਨਾਂ ਲਈ ਹੋਰ ਵੀ ਲਾਹੇਵੰਦ ਬਣਾਉਣ ਦੇ ਯਤਨ ਜਾਰੀ ਰੱਖਾਂਗੇ। ਸੰਪਾਦਕਾਂ ਡਾ. ਗੁਰਪ੍ਰੀਤ ਸਿੰਘ ਮੱਕੜ ਪ੍ਰਿੰਸੀਪਲ ਪਸਾਰ ਵਿਗਿਆਨੀ (ਕੀਟ ਵਿਗਿਆਨ) ਅਤੇ ਇੰਚਾਰਜ ਪਲਾਂਟ ਕਲੀਨਿਕ ਪੀਏਯੂ. ਅਤੇ ਡਾ. ਕੁਲਵਿੰਦਰ ਕੌਰ ਗਿੱਲ ਪ੍ਰਿੰਸੀਪਲ ਖੇਤੀ ਮੌਸਮ ਵਿਗਿਆਨੀ ਪੀਏਯੂ. ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ।